ਪਹਿਲੇ ਸਮੇਂ ਹੋਰ ਸਨ, ਉਸ ਵੇਲੇ ਅੱਠੋਂ ਲਈ ਕੰਜਕਾਂ ਅਕਸਰ ਘਰਾਂ ਵਿੱਚ ਮਿਲ ਜਾਇਆ ਕਰਦੀਆਂ ਸਨ।ਫੇਰ ਸਕੂਲਾਂ ਦੀ ਪੜ੍ਹਾਈ ਕਰਕੇ ਸਾਰੀਆਂ ਸਕੂਲ ਚਲੀਆਂ ਜਾਂਦੀਆਂ ਤਦ ਵੀ ਭੱਜ ਨੱਠ ਕਰਕੇ ਚਾਰ ਪੰਜ ਕੁੜੀਆਂ ਮਿਲ ਹੀ ਜਾਇਆ ਕਰਦੀਆਂ ਸਨ। ਅਸੀਂ ਮਹੱਲਾ ਬਦਲ ਕੇ ਸ਼ਹਿਰੀ ਖੇਤਰ ਵਿੱਚ ਆ ਗਏ ..ਇਥੇ ਤਾਂ ਹੱਦ ਹੀ ਹੋ ਗਏ ਇੱਕ ਵੀ ਕੰਜਕ ਦੇਖਣ ਨੂੰ ਨਹੀਂ ਮਿਲ ਰਹੀ।ਕੜਾਹੀ ਤਿਆਰ ਕਰਕੇ ਪਤਨੀ ਕਈ ਘਰਾਂ ਵਿਚ ਜਾ ਆਈ ਅੱਵਲ ਤਾਂ ਕਿਸੇ ਘਰ ਵਿਚ ਕੋਈ ਲੜਕੀ ਹੈ ਹੀ ਨਹੀਂ ਸੀ …ਜੇਕਰ ਇੱਕ ਦੋ ਮਿਲੀਆਂ ਉਨ੍ਹਾਂ ਵੀ ਕੋਈ ਨਾ ਕੋਈ ਬਹਾਨਾ,ਉਹ ਵੀ ਹਿੰਦੀ ਵਿੱਚ,ਲਗਾ ਕੇ ਮਿੱਠਾ ਜਿਹਾ ਜਵਾਬ ਦੇ ਦਿੱਤਾ।ਬੜੀ ਮੁਸ਼ਕਿਲ ਨਾਲ ਦਰ ਦਰ ਰੋਟੀ ਲਈ ਵਿਲਕਦੀਆਂ ਪੰਜ ਬਾਲੜੀਆਂ ਨੂੰ ਨਾਲ ਲੈ ਘਰ ਆਇਆ। ਉਹਨਾਂ ਦੇ ਕੱਪੜੇ ਲੀੜੇ ਵੇਖ ਪਤਨੀ ਔਖੀ ਜਿਹੀ ਤਾਂ ਹੋਈ ਪਰ ਹਾਲਾਤਾਂ ਨਾਲ ਸਮਝੌਤਾ ਕਰ ਉਹਨਾਂ ਦੇ ਪੈਰ ਧੋ ,ਖਮਣੀ ਬੰਨ,ਤਿਲਕ ਕਰ ਸ਼ਰਧਾ ਨਾਲ ਰੋਟੀ ਖਵਾਉਣ ਲੱਗੀ।ਉਹ ਵੀ ਹੋਲੀ ਹੋਲੀ ਝਿੱਝਕ ਲਾਹ ਪ੍ਰਸ਼ਾਦ ਛੱਕਣ ਲਗੀਆਂ।ਇਹ ਪਹਿਲੀ ਬਾਰ ਹੋਇਆ ਸੀ ਜਦੋਂ ਕੰਜਕਾਂ ਨੇ ਹੋਰ ਭੋਜਨ ਦੀ ਮੰਗ ਕੀਤੀ ਸੀ।ਨਹੀਂ ਤਾਂ ਹਰ ਬਾਰ
“ਨਹੀਂ ਨਹੀਂ ”
“ਬੱਸ ਬੱਸ ”
“ਪੇਟ ਭਰ ਗਿਆ”
“ਅਸੀਂ ਹੋਰ ਘਰੇ ਵੀ ਜਾਣੈ”ਆਦਿ ਹੀ ਸੁਣਨ ਮਿਲਦਾ ਸੀ ।
ਮੈਨੂੰ ਲੱਗਿਆ ਜਿਵੇਂ ਪਹਿਲੇ ਬਾਰ ਕੰਜਕ ਉਜਮਨ ਸਫਲ ਹੋਇਆ ਹੋਵੇ ਜਦੋਂ ਇੱਕ ਨਿੱਕੜੀ ਜਿਹੀ ਨੇ ਆਪਣਾ ਨਿੱਕਾ ਜਿਹਾ ਹੱਥ ਮੇਰੇ ਸਿਰ ਤੇ ਰੱਖਦਿਆਂ ਪੁੱਛਿਆ,”ਅੰਕਲ ਫੇਰ ਕਦੋਂ ਬੁਲਾਏਗਾਂ???”
ਪਰਦੀਪ ਮਹਿਤਾ
ਮੌੜ ਮੰਡੀ