ਬਾਪੂ ਹੁਰਾਂ ਨੂੰ ਦਮਾਂ ਸੀ..ਦੌਰਾ ਪੈਂਦਾ ਤਾਂ ਉੱਠਿਆ ਨਾ ਜਾਂਦਾ..ਸਾਹ ਵੀ ਕਾਹਲੀ ਕਾਹਲੀ ਚੱਲੀ ਜਾਂਦੇ..ਗੱਲ ਵੀ ਨਾ ਕਰ ਹੁੰਦੀ..!
ਕੇਰਾਂ ਸ਼ਹਿਰੋਂ ਸੌਦਾ ਲਿਆਉਣਾ ਸੀ..ਅੱਗੇ ਤਾਂ ਬੋਝੇ ਵਿਚੋਂ ਪੈਸੇ ਆਪ ਖੁਦ ਦਿੰਦੇ..ਪਰ ਉਸ ਦਿਨ ਹਿੰਮਤ ਨਾ ਪਈ..ਇਸ਼ਾਰਾ ਕੀਤਾ ਕੇ ਆਪ ਕੱਢ ਲੈ..ਮੈਂ ਪਹਿਲੋਂ ਬਟੂਏ ਵਿਚੋਂ ਪੰਜਾਹ ਕੱਢੇ..ਸਬੱਬੀਂ ਕੁੜਤੇ ਦਾ ਉੱਪਰਲਾ ਬੋਝਾ ਵੀ ਫਰੋਲ ਲਿਆ..ਵੀਹਾਂ ਦਾ ਨੋਟ ਸੀ..ਉਹ ਵੀ ਓਹਲੇ ਜਿਹੇ ਨਾਲ ਕੋਲ ਰੱਖ ਲਿਆ..!
ਅਗਲੇ ਦਿਨ ਬਾਪੂ ਹੂਰੀ ਸ਼ਟਾਲੇ ਵਾਲੇ ਟੱਕ ਵਿਚੋਂ ਕੁਝ ਲੱਭ ਰਹੇ ਸਨ..ਪੁੱਛਿਆ ਤਾਂ ਆਖਣ ਲੱਗੇ ਕੱਲ ਬਰਸੀਣ ਵੱਢਣ ਵੇਲੇ ਇਥੇ ਕੁੜਤਾ ਲਾਹਿਆ ਸੀ..ਵੀਹਾਂ ਦਾ ਨੋਟ ਕਿਧਰੇ ਡਿੱਗ ਪਿਆ..!
ਉਸ ਵੇਲੇ ਤੀਕਰ ਮੈਂ ਸਾਰੇ ਖਰਚ ਲਏ ਸਨ..ਘੇਸ ਵੱਟੀ ਰੱਖੀ..ਪਰ ਬਾਪੂ ਹੁਰਾਂ ਦੇ ਚੇਹਰੇ ਤੇ ਆਉਂਦੇ ਹਾਵ ਭਾਵ ਅਰਸਾ ਲਾਹਨਤਾਂ ਪੌਦੇ ਰਹੇ!
ਅੰਬਾਲੇ ਏਅਰ ਫੋਰਸ ਦੀ ਭਰਤੀ ਸੀ..ਮਾਂ ਨੇ ਤੁਰਨ ਲਗਿਆਂ ਸੌ ਦਾ ਨੋਟ ਫੜਾ ਦਿੱਤਾ..ਅਖ਼ੇ ਰਾਹ ਵਿਚ ਕੁਝ ਖਾ ਲਵੀਂ..ਪਰ ਮੈਂ ਕਿਧਰੇ ਵੀ ਕੁਝ ਨਾ ਖਾਦਾ..ਸਿਰਫ ਪਾਣੀ ਹੀ ਪੀ ਗਿਆ..ਪਰੌਂਠੀ ਅੰਦਰ ਵਲੇਟੇ ਕਰੇਲੇ ਵੀ ਕੰਮ ਸਾਰ ਗਏ..!
ਰਾਜਪੁਰੇ ਛੋਲੇ ਭਟੂਰਿਆਂ ਦੀ ਵੱਡੀ ਪਲੇਟ ਦਸਾਂ ਦੀ ਸੀ..ਮਿੰਟ ਕੂ ਦਾ ਹੀ ਸਟੋਪ..ਅੰਦਰ ਬੈਠੇ ਬੈਠੇ ਨੇ ਹੀ ਪਲੇਟ ਫੜ ਲਈ..ਸੌ ਦਾ ਨੋਟ ਫੜਾਉਣ ਲੱਗਾ ਤਾਂ ਹੱਥੋਂ ਛੁੱਟ ਸਿੱਧਾ ਥੱਲੇ ਲਾਈਨਾਂ ਵਿਚ..ਨਾਲ ਹੀ ਗੱਡੀ ਨੇ ਸਪੀਡ ਵੀ ਫੜ ਲਈ..ਉਸਨੇ ਤੇ ਗੱਡੀ ਲੰਘਣ ਮਗਰੋਂ ਸੌ ਦਾ ਨੋਟ ਕੱਢ ਲਿਆ ਹੋਣਾ ਪਰ ਮੇਰੇ ਨੱਬੇ ਖੂਹ ਖਾਤੇ ਪੈ ਗਏ..ਮੈਨੂੰ ਨਿੱਕੇ ਹੁੰਦਿਆਂ ਚੋਰੀ ਕੀਤੇ ਵੀਹ ਰੁਪਈਏ ਚੇਤੇ ਆ ਗਏ..ਬੈਠੇ ਬੈਠੇ ਦੇ ਹੰਝੂ ਵਹਿ ਤੁਰੇ..!
ਜਦੋਂ ਚੁਰਾਸੀ ਨੂੰ ਅਕਤੂਬਰ ਦੀ ਕੱਤੀ ਤਰੀਖ ਇੰਦਰਾ ਮੁਕਾ ਦਿੱਤੀ ਤਾਂ ਮੇਰੀ ਨਾਨੀ ਆਖ ਉੱਠੀ..ਉਹ ਚੰਗਿਆਈ ਵੀ ਵਿਆਜ ਸਹਿਤ ਮੋੜਦਾ ਤੇ ਬੁਰਿਆਈ ਵੀ..ਵਹੀ ਖਾਤੇ ਰਲਾਉਂਦਿਆਂ ਚਾਰ ਪੰਜ ਮਹੀਨੇ ਜਰੂਰ ਲੱਗ ਸਕਦੇ!
ਹਰਪ੍ਰੀਤ ਸਿੰਘ ਜਵੰਦਾ