ਮੇਰੇ ਇੱਕ ਕੁਲੀਗ ਸਨ। ਜੋ ਉਮਰ ਵਿੱਚ ਮੈਥੋਂ ਕਾਫੀ ਛੋਟੇ ਸਨ ਪਰ ਅਦਬੀ ਪੂਰੇ ਸਨ। ਮੇਰਾ ਬਹੁਤ ਮਾਣਤਾਣ ਕਰਦੇ ਸਨ। ਇੰਨਾ ਹੀ ਨਹੀ ਉਹ ਆਪਣੀ ਹਰ ਸਮੱਸਿਆ ਮੇਰੇ ਨਾਲ ਸ਼ੇਅਰ ਵੀ ਕਰਦੇ ਤੇ ਉਸਦਾ ਹੱਲ ਵੀ ਮੈਥੋਂ ਹੀ ਪੁੱਛਦੇ। ਉਹ ਦੀਵਾਲੀ ਅਤੇ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਨਾ ਕੋਈ ਗਿਫਟ ਦੇਣਾ ਕਦੇ ਨਾ ਭੁੱਲਦੇ। ਇਹ ਸਿਲਸਿਲਾ ਮੇਰੀ ਸੇਵਾਮੁਕਤੀ ਤੱਕ ਬਦਸਤੂਰ ਜਾਰੀ ਰਿਹਾ। ਕਿਸੇ ਲਈ ਗਿਫਟ ਦੀ ਚੋਣ ਕਰਨਾ ਕਾਫੀ ਮੁਸਕਿਲ ਵਿਸ਼ਾ ਹੁੰਦਾ ਹੈ। ਇਸ ਲਈ ਅਗਲੇ ਦੀ ਉਮਰ, ਰੁਚੀ, ਰਿਸ਼ਤਾ, ਸਬੰਧ ਤੇ ਆਪਣੀ ਜੇਬ ਨੂੰ ਮੱਦੇਨਜ਼ਰ ਰੱਖਣਾ ਪੈਂਦਾ ਹੈ। ਬਾਕੀ ਕਈ ਵਾਰੀ ਸੰਸਥਾਵਾਂ ਵਿੱਚ ਗਿਫਟ ਆਪਣੇ ਦੂਸਰੇ ਸਹਿਕਰਮੀਆਂ ਤੋਂ ਚੋਰੀਓ ਵੀ ਦੇਣੇ ਲੈਣੇ ਵੀ ਪੈਂਦੇ ਹਨ। ਦੂਸਰਾ ਗਿਫਟ ਪੈਕ ਕਰਕੇ ਦੇਣ ਦਾ ਰਿਵਾਜ ਵੀ ਅਜੀਬ ਹੀ ਹੈ। ਸ਼ੁਰੂ ਸ਼ੁਰੂ ਵਿੱਚ ਮੈਂ ਗਿਫਟ ਲ਼ੈ ਕੇ ਆਦਤਨ ਮੌਕੇ ਤੇ ਹੀ ਥੈਂਕਸ ਬੋਲ ਦਿੰਦਾ। ਪਰ ਘਰੇ ਆਕੇ ਗਿਫਟ ਖੋਲ੍ਹ ਕੇ ਸ਼ੁਕਰੀਆ ਯ ਵਧੀਆ ਵਰਗੇ ਸ਼ਬਦ ਬੋਲਣ ਲਈ ਉਚੇਚਾ ਫੋਨ ਨਾ ਕਰਦਾ। ਇਹ ਮੇਰੀ ਆਦਤ ਵਿੱਚ ਸ਼ੁਮਾਰ ਨਹੀਂ ਸੀ। ਯ ਕਹਿ ਲਵੋ ਮੇਰੀ ਨਲਾਇਕੀ ਸੀ। ਮੇਰੇ ਫੋਨ ਨੂੰ ਉਡੀਕ ਉਡੀਕ ਕੇ ਉਧਰੋ ਹੀ ਫੋਨ ਆ ਜਾਂਦਾ।
“ਸਰ ਗਿਫਟ ਕੈਸਾ ਲਗਾ। ਪਸੰਦ ਆਇਆ।”
“ਗਿਫਟ ਗਿਫਟ ਹੀ ਹੁੰਦਾ ਹੈ ਇਸ ਵਿਚ ਪਸੰਦ ਯ ਨਾਪਸੰਦ ਦਾ ਸਵਾਲ ਹੀ ਨਹੀਂ ਉਠਦਾ।” ਮੇਰਾ ਇਹ ਜਬਾਬ ਸੁਣਕੇ ਉਸਨੂੰ ਤਸੱਲੀ ਨਾ ਹੁੰਦੀ। ਕਿਉਂਕਿ ਉਹ ਮੇਰੇ ਮੂਹੋਂ ਤਰੀਫ ਦੇ ਚਾਰ ਸਬਦ ਸੁਣਨ ਦੇ ਚਾਹਵਾਨ ਹੁੰਦੇ ਸਨ। ਇਹ ਜ਼ਰੂਰੀ ਵੀ ਹੁੰਦਾ ਹੈ। ਤੇ ਮੈਂ ਓਹੀ ਸ਼ਬਦ ਬੋਲਦਾ ਜੋ ਉਹ ਸੁਣਨਾ ਚਾਹੁਂਦੇ ਸਨ। ਕਈ ਵਾਰੀ ਮੈਨੂੰ ਇੰਜ ਲਗਦਾ ਜਿਵੇਂ ਉਹ ਗਿਫਟ ਨਹੀਂ ਕੋਈ ਰਿਸ਼ਵਤ ਹੋਵੇ। ਪਰ ਹਰ ਇੱਕ ਨੂੰ ਆਪਣੀ ਖਰੀਦੀ ਵਸਤੂ ਬਾਰੇ ਚਾਰ ਚੰਗੇ ਸ਼ਬਦ ਸੁਣਨ ਦੀ ਖੁਹਾਇਸ਼ ਹੁੰਦੀ ਹੈ। ਜੋ ਗਲਤ ਵੀ ਨਹੀਂ । ਫ਼ਿਰ ਮੈਨੂੰ ਵੀ ਆਦਤ ਪੈ ਗਈ। ਉਸਤੋਂ ਬਾਅਦ ਉਸ ਕੋਲੋਂ ਯ ਕਿਸੇ ਹੋਰ ਕੋਲੋ ਕੋਈ ਗਿਫਟ ਆਉਂਦਾ ਤਾਂ ਮੈਂ ਗਿਫਟ ਦੇਣ ਵਾਲੇ ਨੂੰ ਫੋਨ ਕਰਨਾ ਨਹੀਂ ਭੁਲਦਾ।
ਪਰ ਹੁਣ ਬੁੱਢਿਆਂ ਨੂੰ ਕੋਈ ਗਿਫਟ ਵੀ ਤਾਂ ਨਹੀਂ ਮਿਲਦਾ ਨਾ ਘਰੋਂ ਨਾ ਬਾਹਰੋਂ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ