1960 ਚ ਮੇਰਾ ਜਨਮ ਹੋਇਆ। ਬਚਪਨ ਪਿੰਡ ਦੀਆਂ ਗਲੀਆਂ ਚ ਹੀ ਗੁਜਰਿਆ। ਜਦੋ ਕਿਸੇ ਦਾ ਮੰਗਣਾ ਹੋਣਾ, ਯ ਸ਼ਗਨ ਪੈਣਾ ਤਾਂ ਦੋ ਦਿਨ ਪਹਿਲਾਂ ਹੀ ਦੋ ਮੰਜੇ ਜੋੜ ਕੇ ਛੱਤ ਤੇ ਸਪੀਕਰ ਲੱਗ ਜਾਂਦਾ। ਮੰਗਣੇ ਨੂੰ ਉਹ ਰੋਪਣਾ ਪੈਣੀ ਕਹਿੰਦੇ ਸਨ। ਵਿਆਹ ਤੇ ਸਾਰੇ ਪਿੰਡ ਵਿੱਚ ਪਰੋਸੇ ਵੰਡੇ ਜਾਂਦੇ। ਘਰੇ ਬਣੇ ਕੜਾਹ ਨੂੰ ਤੋਲ ਤੋਲ ਕੇ ਥਾਲੀਆਂ ਰਹੀ ਪਿੰਡ ਵਿੱਚ ਵੰਡਿਆ ਜਾਂਦਾ। ਫਿਰ ਲੋਕ ਵਿਆਹ ਵਾਲੇ ਘਰ ਨਿਉਂਦਾ ਪਾਉਣ ਆਉਂਦੇ।ਵਿਆਹ ਵੇਲੇ ਅਕਸਰ ਲੜਾਈ ਝਗੜੇ ਹੁੰਦੇ। ਇੱਕ ਵਾਰੀ ਇੱਕ ਸਾਢੂ ਨੇ ਦੂਜੇ ਸਾਂਢੂ ਤੇ ਫਾਇਰ ਕਰ ਦਿੱਤਾ। ਉਸ ਦਿਨ ਮੈਨੂੰ ਸਾਂਢੂ ਦੇ ਰਿਸ਼ਤੇ ਦੀ ਸਮਝ ਆਈ।
ਇੱਕ ਵਾਰੀ ਮਸ਼ੀਨ ਆਲਿਆਂ ਦੇ ਮੁੰਡੇ ਦਾ ਵਿਆਹ ਸੀ। ਦੇਣ ਲੈਣ ਓਹਨਾ ਦੀ ਮਰਜ਼ੀ ਅਨੁਸਾਰ ਨਹੀਂ ਦਿੱਤਾ। ਸੋਨੇ ਤੇ ਸੇਵਾ ਦੀ ਕਸਰ ਰਹਿ ਗਈ ਸੀ। ਮੁੰਡੇ ਦਾ ਪਿਓ ਵਿਆਹ ਤੋਂ ਅਗਲੇ ਦਿਨ ਹੀ ਵਹੁਟੀ ਨੂੰ ਕਣਕ ਵੱਢਣ ਲੈ ਗਿਆ। ਵਾਹਵਾ ਚਰਚਾ ਹੋਈ।
ਇਸੇ ਤਰਾਂ ਘਰਾਂ ਚੋ ਮੇਰਾ ਚਾਚਾ ਲਗਦੇ ਸਾਡੇ ਗੁਆਂਢੀ ਦਾ ਵਿਆਹ ਸੀ। ਓਹਨਾ ਦੀ ਸੋਹਰੇ ਘਰ ਬਾਰਾਤ ਦੀ ਸੇਵਾ ਨਾ ਹੋਈ।ਮਤਲਬ ਬਾਰਾਤ ਨੂੰ ਮੀਟ ਨਾਲ ਰੋਟੀ ਨਹੀ ਖਵਾਈ। ਕਿਉਂਕਿ ਲੜਕੀ ਵਾਲੇ ਪ੍ਰੇਮੀ ਸਨ। ਜਦੋਂ ਘਰੇ ਡੋੱਲੀ ਆਈ ਤਾਂ ਲੜਾਈ ਸ਼ੁਰੂ ਹੋ ਗਈ। ਦਾਰੂ ਪੀ ਕੇ ਸਾਰੇ ਬੋਲਣ ਲੱਗੇ। ਜੇ ਓਹਨਾ ਘਰੇ ਬੱਕਰੇ ਵੱਢਣ ਜੋਗੇ ਪੈਸੇ ਨਹੀਂ ਸਨ ਤਾਂ ਸਾਨੂੰ ਉਹ ਕੁੱਤੇ ਦਾ ਮੀਟ ਹੀ ਖੁਆ ਦਿੰਦੇ। ਮੁੰਡੇ ਦਾ ਵੱਡਾ ਭਰਾ ਉੱਚੀ ਉੱਚੀ ਬੋਲਿਆ।
ਓਹਨਾ ਦੇ ਸ਼ਰੀਕੇ ਵਿੱਚ ਹੀ ਵਿਆਹ ਸੀ। ਲੜਕੀ ਵਾਲਿਆ ਨੇ ਸੇਵਾ ਨਾ ਕੀਤੀ ਲੜਾਈ ਵੱਧ ਗਈ। ਡੋੱਲੀ ਉਤਰਦੇ ਸਾਰ ਹੀ ਬਰਾਤੀਆਂ ਨੇ ਦੁਲਹਨ ਦੇ ਨਾਲ ਆਏ ਉਸਦੇ ਭਰਾ ਅਤੇ ਨੈਨ ਨੂੰ ਢਾ ਲਿਆ। ਗਾਲ੍ਹਾਂ ਤੇ ਮੁੱਕਿਆਂ ਦੀ ਖੂਬ ਬਰਸਾਤ ਹੋਈ। ਦੁਲਹਨ ਗਲੀ ਵਿੱਚ ਖੜੀ ਰੋਈ ਜਾਵੇ ਅਤੇ ਨਾਲੇ ਕਹਿ ਜਾਵੇ ਮੈਨੂੰ ਦਸੋ ਮੈਂ ਕਿਹੜੇ ਘਰ ਜਾਵਾਂ। ਵਿਆਂਦੜ ਮੁੰਡਾ ਆਪਣੀ ਘਰ ਵਾਲੀ ਨੂੰ ਗਲੀ ਵਿੱਚ ਛੱਡ ਕੇ ਆਪਣੇ ਸਾਲੇ ਨੂੰ ਕੁੱਟਣ ਵਿੱਚ ਬੀਜੀ ਸੀ।
ਇੱਕ ਵਿਆਹ ਵਿੱਚ ਵਿਚੋਲੈ ਨੂੰ ਮਿਲੀ ਛਾਪ ਉਸ ਨੂੰ ਘੱਟ ਵਜ਼ਨ ਦੀ ਲੱਗੀ। ਉਸਨੇ ਆਉਣ ਸਾਰ ਪਿੰਡ ਦੇ ਸੁਨਿਆਰੇ ਕੋਲੋ ਤੁਲਵਾ ਲਈ। ਅੱਠ ਆਨੇ ਦੀ ਛਾਪ ਪੰਜ ਆਨੇ ਵਜ਼ਨ ਦੀ ਨਿਕਲੀ। ਉਸਨੇ ਦਾਰੂ ਪੀ ਕੇ ਖੂਬ ਹੰਗਾਮਾ ਕੀਤਾ।
#ਰਮੇਸ਼ਸੇਠੀਬਾਦਲ
ਅਕਸਰ ਗੁੱਸੇ ਸ਼ਰੀਕੇ ਦਾਰੂ ਤੇ ਚਲਾਕੀ ਦੀ ਵਜ੍ਹਾ ਕਰਕੇ ਵਿਆਹਾਂ ਵਿੱਚ ਝਗੜੇ ਹੋ ਜਾਂਦੇ ਸਨ।