ਮੇਰੇ ਸ਼ਹਿਰ ਦਾ ਯੁਵਾ ਸੰਜੈ ਗਰੋਵਰ ਜੋ 1995 ਵਿੱਚ ਹੋਏ ਭਿਆਨਕ ਅਗਨੀ ਕਾਂਡ ਵਿੱਚ ਅੱਗ ਨਾਲ ਝੁਲਸੇ ਬੱਚਿਆਂ ਨੂੰ ਬਚਾਉਂਦਾ ਬਚਾਉਂਦਾ ਸ਼ਹੀਦ ਹੋ ਗਿਆ ਸੀ। ਉਸ ਦੀ ਹਿੰਮਤ ਅਤੇ ਬਹਾਦੁਰੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੁਆਰਾ ਨੈਸ਼ਨਲ ਯੁਵਾ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਉਸਨੇ ਨਗਰ ਪਾਲਿਕਾ ਦੇ ਐੱਮ ਸੀ ਦੀ ਚੋਣ ਲੜੀ। ਉਸਦਾ ਮੁਕਾਬਲਾ ਸ਼ਹਿਰ ਦੇ ਨਾਮੀ ਸੇਠ ਨਾਲ ਸੀ। ਇੱਕ ਪਾਸੇ ਅਥਾਹ ਦੌਲਤ ਸੀ ਅਣਗਿਣਤ ਸਮਰਥਕ ਸਨ। ਦੂਜੇ ਪਾਸੇ ਇੱਕ ਅੱਲੜ ਜਿਹਾ ਜੁਆਕ ਸੀ। ਬਹੁਤ ਹੀ ਸਖਤ ਮੁਕਾਬਲਾ ਸੀ। ਡੱਬਵਾਲੀ ਦੇ ਹਰ ਨਾਗਰਿਕ ਦੀ ਅੱਖ ਉਸ ਮੁਕਾਬਲੇ ਤੇ ਸੀ। ਇਹ ਮੁਕਾਬਲਾ ਉਸ ਸੇਠ ਦੀ ਜਿੰਦਗ਼ੀ ਮੌਤ ਦਾ ਸਵਾਲ ਸੀ। ਇਧਰ ਬਸ ਸਮਾਜ ਸੇਵਾ ਵਾਲਾ ਲੇਬਲ ਹੀ ਸੀ। ਪੈਸੇ ਦੀ ਕਮੀ ਤਾਂ ਹੈਗੀ ਹੀ ਸੀ ਸਮਰਥਕਾਂ ਦੀ ਭੀੜ ਵੀ ਨਹੀਂ ਸੀ। ਆਖਿਰ ਓਹੀ ਹੋਇਆ ਜੋ ਅਜਿਹੀਆਂ ਚੋਣਾਂ ਵਿੱਚ ਹੁੰਦਾ ਹੈ। ਪੈਸ਼ਾ ਸ਼ੋਹਰਤ ਤੇ ਭਾਰੀ ਪੈ ਗਿਆ ਤੇ ਸੰਜੈ ਗਰੋਵਰ ਚੋਣ ਹਾਰ ਗਿਆ।
ਚੋਣ ਹਾਰ ਕੇ ਓਹ ਅੰਦਰ ਵੜਕੇ ਨਹੀਂ ਬੈਠਾ। ਅਗਲੇ ਦਿਨ ਉਸ ਨੇ ਘਰ ਘਰ ਜਾਕੇ ਲੋਕਾਂ ਦਾ ਧੰਨਵਾਦ ਕੀਤਾ। ਧੰਨਵਾਦੀ ਪੋਸਟਰ ਲਗਾਏ ਗਏ। ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਾਰਡ ਵੀ ਵੰਡੇ।
ਇਸ ਤਰਾਂ ਅੱਜ ਕੱਲ੍ਹ ਲ਼ੋਕ ਜਿੱਤ ਕੇ ਪਬਲਿਕ ਨੂੰ ਭੁੱਲ ਜਾਂਦੇ ਹਨ। ਪਰ ਸੰਜੈ ਨੇ ਹਾਰ ਕੇ ਵੀ ਲੋਕਾਂ ਦੇ ਮਨਾਂ ਵਿੱਚ ਜਗ੍ਹਾ ਬਣਾ ਲਈ। ਛੋਟੇ ਜਿਹੇ ਕੱਦ ਤੇ ਥੋੜੀ ਜਿਹੀ ਪੂੰਜੀ ਦਾ ਮਾਲਿਕ ਸੰਜੈ ਗਰੋਵਰ ਸ਼ਹਿਰ ਦੇ ਨਾਮੀ ਧਨਾਢ ਤੇ ਭਾਰੀ ਰਿਹਾ।
ਅੱਜ ਕੱਲ੍ਹ ਨੇਤਾ ਜਿੱਤਣ ਤੋਂ ਬਾਦ ਸ਼ਕਲ ਹੀ ਨਹੀਂ ਵਿਖਾਉਂਦੇ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ