ਮੇਰੀ ਮਾਂ ਦੇ ਰੋਚਕ ਕਿੱਸੇ | meri maa de rochak kisse

ਮੇਰੀ ਮਾਂ ਬਾਰੇ ਲਿਖਣ ਲੱਗਿਆਂ ਕਈ ਪੋਸਟਾਂ ਬਣ ਸਕਦੀਆਂ ਹਨ। ਮੈਨੂੰ ਇਹ ਗੱਲ ਕਹਿਣ ਵਿਚ ਜ਼ਰਾ ਵੀ ਹਿਚ ਨਹੀਂ ਕਿ ਮੇਰੀ ਮਾਂ ਨਿਰੋਲ ਅਨਪੜ੍ਹ ਸੀ। ਉਸਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਸੀ ਦੇਖਿਆ। ਸ਼ਾਇਦ ਕਦੇ ਗੁਰਦੁਆਰੇ ਜਾਕੇ ਭੋਰਾ ਗੁਰਮੁਖਿ ਸਿੱਖੀ ਹੋਵੇ। ਪਰ ਮੇਰੇ ਪਾਪਾ ਸਰਕਾਰੀ ਮੁਲਾਜ਼ਮ ਸਨ। ਇਸਤਰਾਂ ਓਹ ਦੇਖਣ ਵਿਚ ਪੜ੍ਹੀ ਲਿਖੀ ਲਗਦੀ ਸੀ। ਪਾਪਾ ਜੀ ਨੇ ਮੇਰੀ ਮਾਤਾ ਜੀ ਨੂੰ ਦਸਖਤ ਕਰਨੇ ਸਿਖਾਏ। ਵੇਖਾ ਵੇਖੀ ਉਹ ਸਭ ਕੁਝ ਸਿੱਖ ਗਈ। ਪੜ੍ਹੇ ਲਿਖਿਆਂ ਦੀ ਭਾਸ਼ਾ ਬੋਲੀ ਕਾਰ ਵਿਹਾਰ। ਵੇਖਣ ਵਾਲੇ ਨੂੰ ਪੂਰੀ ਬੀ ਏ ਪਾਸ ਲਗਦੀ। ਮੈਨੂੰ ਯਾਦ ਹੈ ਨਿੱਕੇ ਹੁੰਦਿਆਂ ਨੂੰ ਰਾਤੀ ਸੌਣ ਲੱਗਿਆਂ ਸਾਨੂੰ ਉਹ ਪਹਾੜੇ ਯਾਦ ਕਰਵਾਉਂਦੀ। ਸਾਡੀਆਂ ਸਕੂਲ ਦੀਆਂ ਭੈਣਜੀਆਂ ਨੂੰ ਘਰੇ ਬੁਲਾਕੇ ਚਾਹ ਪਿਲਾਉਂਦੀ। ਓਹਨਾ ਨਾਲ ਖੂਬ ਗੱਲਾਂ ਮਾਰਦੀ। ਪਰ ਪਤਾ ਨਾ ਲੱਗਣ ਦਿੰਦੀ ਕਿ ਪੜ੍ਹਾਈ ਪੱਖੋਂ ਉਹ ਜਵਾਂ ਕੋਰੀ ਹੈ। ਦਸਵੀਂ ਤੋਂ ਬਾਦ ਮੈਂ ਡਾਕਟਰੀ ਦੀ ਪੜ੍ਹਾਈ ਕਰਨ ਦੀ ਇੱਛਾ ਜਤਾਈ। ਤਾਂ ਉਸਨੇ ਸਾਫ ਇਨਕਾਰ ਕਰ ਦਿੱਤਾ। ਕਿਉਂਕਿ ਉਹ ਮੈਨੂੰ ਬੀ ਏ ਪਾਸ ਯਾਨੀ ਚੌਦਾਂ ਜਮਾਤਾਂ ਪੜ੍ਹਿਆ ਦੇਖਣਾ ਚਾਹੁੰਦੀ ਸੀ। ਕਹਿਂਦੀ ਪਹਿਲਾਂ ਬੀ ਏ ਕਰਲੇ ਫਿਰ ਭਾਵੇਂ ਡਾਕਟਰੀ ਕਰ ਲਵੀ।
ਕੇਰਾਂ ਮੇਰੇ ਕਾਲਜ ਦਾ ਟੂਰ ਬੰਬੇ ਗੋਆ ਜਾਣਾ ਸੀ। ਦੋ ਸੌ ਰੁਪਈਆ ਖਰਚਾ ਸੀ। ਉਹ ਭੇਜਣ ਲਈ ਤਿਆਰ ਹੋ ਗਈ। ਪਰ ਜਦੋ ਉਸਨੂੰ ਪਤਾ ਲਗਿਆ ਕਿ ਬੰਬੇ ਤੋਂ ਗੋਆ ਸਮੁੰਦਰੀ ਜਹਾਜ਼ ਦਾ ਸਫ਼ਰ ਵੀ ਹੈ ਤਾਂ ਉਸਨੇ ਭੇਜਣ ਤੋਂ ਇਨਕਾਰੀ ਕਰ ਦਿੱਤੀ। ਤੇ ਨਵੇਂ ਕਪੜੇ ਸਿਵਾਉਣ ਲਈ ਦੋ ਸੌ ਤੋਂ ਵੀ ਵੱਧ ਰੁਪਏ ਦੇ ਦਿੱਤੇ। ਇੱਕ ਮਾਂ ਸੀ ਉਹ ਸਮੁੰਦਰ ਦਾ ਨਾਮ ਸੁਣਕੇ ਹੀ ਡਰ ਗਈ।
ਜਦੋ ਪਾਪਾ ਜੀ ਨਾਇਬ ਤਹਿਸੀਲਦਾਰ ਵਜੋਂ ਪ੍ਰਮੋਟ ਹੋਏ ਤਾਂ ਮੇਰੀ ਮਾਂ ਵੀ ਪਟਵਾਰਨ ਤੋਂ ਕਾਨੂੰਨ ਗੋ ਤੇ ਫਿਰ ਤਹਿਸ਼ੀਲਦਾਰਨੀ ਬਣ ਗਈ। ਅਹੁਦੇ ਅਨੁਸਾਰ ਉਸਨੇ ਵੀ ਆਪਣੇ ਆਪ ਨੂੰ ਢਾਲ ਲਿਆ। ਫਿਰ ਕੁਝ ਸਮਾਂ ਉਹ ਪਾਪਾ ਜੀ ਨਾਲ ਕਾਲਾਂਵਾਲੀ ਸਰਕਾਰੀ ਬੰਗਲੇ ਵਿਚ ਵੀ ਰਹੀ। ਇੱਕ ਵਾਰੀ ਜਦੋ ਕਿਸੇ ਜਾਣਕਾਰ ਨੇ ਨਾਇਬ ਤਹਿਸੀਲਦਾਰ ਦੀਆਂ ਪਾਵਰਾਂ ਦੀ ਗੱਲ ਕੀਤੀ ਤਾਂ ਮੇਰੀ ਮਾਤਾ ਨੇ ਉਸਨੂੰ ਦੱਸਿਆ ਕਿ ਤੇਰੇ ਐਂਕਲ ਕੋਲ ਮੈਜਿਸਟਰੇਟ ਦੀਆਂ ਪਾਵਰਾਂ ਵੀ ਹਨ। ਮੈਨੂੰ ਮੇਰੀ ਮਾਂ ਦੀ ਇਹ ਵਧੀ ਹੋਈ ਜਾਣਕਾਰੀ ਵੇਖਕੇ ਹੈਰਾਨੀ ਹੋਈ।
2007 ਵਿੱਚ ਮੰਮੀ ਫੋਰਟਿਸ ਮੁਹਾਲੀ ਦਾਖਿਲ ਸੀ। ਉਸਦੇ ਸਟੰਟ ਪਾਇਆ ਸੀ। ਇੱਕ ਦਿਨ ਨਾਸ਼ਤੇ ਵਿੱਚ ਜੋ ਬ੍ਰੈਡ ਮਿਲਿਆ ਉਹ ਜਿਆਦਾ ਸੜਿਆ ਸੀ। ਮਾਤਾ ਨੇ ਉਹ ਬ੍ਰੈਡ ਨਾ ਖਾਧਾ ਤੇ ਬ੍ਰੈਡ ਆਪਣੇ ਕੋਲ ਰੱਖ ਲਿਆ। ਫਿਰ ਉਸਨੇ ਹਸਪਤਾਲ ਦੀ ਡਾਈਟੀਂਸ਼ਿਅਨ ਨੂੰ ਬੁਲਵਾਇਆ ਤੇ ਸ਼ਿਕਾਇਤ ਕੀਤੀ। ਇਸ ਨਾਲ ਹਸਪਤਾਲ ਦਾ ਸਾਰਾ ਸਟਾਫ ਸੁਚੇਤ ਹੋ ਗਿਆ। ਨਾਲ਼ ਵਾਲੇ ਮਰੀਜ ਵੀ ਖੁਸ਼ ਹੋ ਗਏ। ਉਹਨਾਂ ਦੇ ਖਾਣੇ ਵਿੱਚ ਵੀ ਸੁਧਾਰ ਹੋ ਗਿਆ। ਫ਼ਿਰ ਰੋਜ ਸਪੈਸ਼ਲ ਆਦਮੀ ਹਰ ਮਰੀਜ ਤੋਂ ਖਾਣੇ ਦੀ ਰਿਪੋਰਟ ਲ਼ੈ ਕੇ ਜਾਂਦਾ।
ਮੇਰੀ ਮਾਂ ਦੀ ਇਹ ਵੀ ਕਮਜ਼ੋਰੀ ਸੀ ਕਿ ਉਹ ਕਈ ਵਾਰੀ ਆਪਣੀ ਗੱਲ ਨਾ ਛੱਡਦੀ। ਇਸਤਰਾਂ ਨਾਲ ਕਈ ਵਾਰੀ ਘਰੇ ਲੜ੍ਹਾਈ ਪੈ ਜਾਂਦੀ। ਪਰ ਓਹ ਆਪਣੀ ਜਿੱਦ ਤੇ ਅੜੀ ਰਹਿੰਦੀ। ਉਹ ਮੇਰੀ ਬਾਹਰ ਬਹੁਤ ਤਰੀਫ ਕਰਦੀ ਤੇ ਘਰੇ ਗਾਲਾਂ ਦਾ ਪ੍ਰਸ਼ਾਦ ਦਿੰਦੀ।
ਮਾਂ ਤੇ ਮਾਂ ਹੀ ਹੁੰਦੀ ਹੈ।
ਊੰ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *