ਕੁੱਝ ਗੱਲਾਂ ਕੁਝ ਯਾਦਾਂ।
ਅਸੀਂ ਜਿੰਦਗ਼ੀ ਵਿੱਚ ਬਹੁਤ ਸਾਰੇ ਟੋਟਕੇ ਸੁਣਦੇ ਹਾਂ ਯ ਬੋਲਦੇ ਹਾਂ। ਬਹੁਤੀਆਂ ਗੱਲਾਂ ਨੂੰ ਅਸੀਂ ਪਰਖਦੇ ਨਹੀਂ। ਪਰ ਫਿਰ ਵੀ ਕੁਝ ਕ਼ੁ ਗੱਲਾਂ ਨੂੰ ਅਸੀਂ ਅੱਖੀਂ ਵੇਖਣਾ ਲੋਚਦੇ ਹਾਂ।
ਜਿੰਨਾ ਬੱਚਿਆਂ ਦੀ ਲਿਖਾਵਟ ਸੋਹਣੀ ਨਹੀਂ ਸੀ ਹੁੰਦੀ। ਯ ਲਿਖਾਈ ਪਟਵਾਰੀਆਂ ਤੇ ਡਾਕਟਰਾਂ ਵਰਗੀ ਹੁੰਦੀ ਸੀ ਓਹਨਾ ਨੂੰ ਅਧਿਆਪਕ ਅਕਸਰ ਹੀ ਕਹਿੰਦੇ ਹਨ। “ਲਿਖਿਆ ਵੇਖ ਜਿਵੇਂ ਸਿਆਹੀ ਵੀ ਕੀੜਾ ਲਬੇੜ ਕੇ ਛੱਡਿਆ ਹੋਵੇ।” ਸਤਵੀਂ ਜਮਾਤ ਵਿਚ ਸਾਡੇ ਨਾਲ ਤਾਏ ਬਲਵੀਰੇ ( ਬਲਵੀਰ ਸਿੰਘ) ਕ਼ਾ ਜੀਤ ਪੜ੍ਹਦਾ ਹੁੰਦਾ ਸੀ। ਉਸ ਦੀ ਲਿਖਾਈ ਤੇ ਆਵਾਜ਼ ਬਹੁਤ ਵਧੀਆ ਸੀ। ਬਹੁਤ ਸੋਹਣਾ ਗਾਉਂਦਾ ਸੀ ਉਹ। ਤੇ ਲਿਖਣ ਵੇਲੇ ਵੀ ਮੋਤੀ ਪ੍ਰੋਉਂਦਾ ਸੀ ਉਹ। ਜਮਾਤ ਵਿਚ ਮਾਸਟਰ ਜੀ ਉਸਦੀ ਲਿਖਾਈ ਦੀਆਂ ਤਰੀਫਾਂ ਕਰਦੇ ਤੇ ਸਾਡੇ ਲਈ ਕੀੜੇ ਤੇ ਸਿਆਹੀ ਵਾਲਾ ਡਾਇਆਲੋਗ ਹੀ ਵਰਤਦੇ। ਇੱਕ ਦਿਨ ਜੀਤ ਨੇ ਇੱਕ ਕੀੜਾ ਪਕੜਕੇ ਸਿਆਹੀ ਦੀ ਦਵਾਤ ਵਿੱਚ ਸੁੱਟ ਦਿੱਤਾ। ਫਿਰ ਉਸਨੂੰ ਕਾਪੀ ਦੇ ਪੇਜ਼ ਤੇ ਖੁੱਲ੍ਹਾ ਛੱਡ ਦਿੱਤਾ। ਕੀੜੇ ਦੇ ਪੈਰਾਂ ਨਾਲ ਬਣੇ ਨਿਸ਼ਾਨਾ ਨੂੰ ਉਸਨੇ ਅਗਲੇ ਦਿਨ ਮਾਸਟਰ ਜੀ ਨੂੰ ਦਿਖਾਉਣ ਲਈ ਸੰਭਾਲਕੇ ਰੱਖ ਲਿਆ ਯ ਉਸਨੇ ਸਾਨੂੰ ਸ਼ਰਮ ਦੇਣ ਲਈ ਇਹ ਕੀਤਾ।
ਮੇਰੇ ਇੱਕ ਦੋਸਤ ਦਾ ਮਾਮਾ ਹੈਡ ਮਾਸਟਰ ਸੀ। ਉਹ ਬਹੁਤ ਗਾਲੜੀ ਸੀ। ਮੇਰੇ ਦੋਸਤ ਦੀ ਦਾਦੀ ਕਹਿਂਦੀ ਕਿ ਉਹ ਪਕੌੜਿਆਂ ਵਾਂਗੂ ਗੱਲਾਂ ਬਣਾਉਂਦਾ ਹੈ। ਵਾਕਿਆ ਹੀ ਉਹ ਗੱਲਾਂ ਦੀ ਲੜੀ ਟੁੱਟਣ ਨਾ ਦਿੰਦਾ। ਆਪਣੀ ਤਸੱਲੀ ਲਈ ਫਿਰ ਮੈਂ ਪਕੌੜੇ ਬਣਾਉਂਦੀ ਮੇਰੀ ਮਾਂ ਨੂੰ ਨੀਝ ਨਾਲ ਵੇਖਿਆ। ਉਹ ਬੇਤਰਤੀਬੀ ਨਾਲ ਵੇਸਨ ਆਲੂ ਤੇ ਗੰਢੇ ਨਾਲ ਤਿਆਰ ਘੋਲ ਨੂੰ ਕੜਾਹੀ ਵਿਚ ਸੁੱਟ ਰਹੀ ਸੀ ਮੇਰੇ ਦੋਸਤ ਦੇ ਮਾਮੇਂ ਦੇ ਮੂੰਹ ਵਿਚੋਂ ਨਿਕਲਦੀਆਂ ਗੱਲਾਂ ਵਾਂਗੂ।
ਕਈ ਵਾਰੀ ਜਦੋ ਘਰੇ ਸਾਰੇ ਬੋਲਣ ਲੱਗ ਜਾਂਦੇ। ਕੋਈ ਕਿਸੇ ਦੀ ਗੱਲ ਨਾ ਸੁਣਦਾ। ਯ ਅਧਿਆਪਕ ਦੀ ਗੈਰ ਹਾਜ਼ਰੀ ਵਿਚ ਕਲਾਸ ਵਿਚ ਪੈਂਦੇ ਸ਼ੋਰ ਨੂੰ ਸੁਣਕੇ ਕਹਿ ਦਿੰਦੇ ਕਿ ਕਿਵੇਂ ਸਬਜ਼ੀ ਮੰਡੀ ਤਰਾਂ ਰੌਲਾ ਪਾਇਆ ਹੈ। ਇਹ ਕਲਾਸ ਹੈ ਕਿ ਸਬਜ਼ੀ ਮੰਡੀ। ਆਪਣੀ ਕਾਲਜ ਦੀ ਪੜ੍ਹਾਈ ਦੌਰਾਨ ਮੈਂ ਤੇ ਮੇਰਾ ਦੋਸਤ Sham Chugh ਉਚੇਚੇ ਰੂਪ ਵਿੱਚ ਸਬਜ਼ੀ ਮੰਡੀ ਦਾ ਸ਼ੋਰ ਸੁਣਨ ਸਵੇਰੇ ਪੰਜ ਵਜੇ ਉਠਕੇ ਸਬਜ਼ੀ ਮੰਡੀ ਗਏ। ਓਹੀ ਕਾਵਾਂਰੋਲੀ ਵੇਖੀ ਤੇ ਸੁਣੀ।
ਅੱਜ ਕੱਲ੍ਹ ਦੇ ਜੁਆਕਾਂ ਨੂੰ ਛੱਡੋ ਮੇਰੇ ਵਰਗੇ ਅਖੌਤੀ ਬਜ਼ੁਰਗ ਨੂੰ ਮੋਬਾਈਲ ਤੋਂ ਬਾਹਰ ਝਾਕਣ ਦੀ ਫੁਰਸਤ ਹੀ ਨਹੀਂ ਮਿਲਦੀ। ਸਬਜ਼ੀ ਮੰਡੀ ਵੇਖਣ ਕੌਣ ਜਾਂਦਾ ਹੈ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ