ਨਿੱਕੂ ਨੂੰ ਨਿੱਕੇ ਹੁੰਦਿਆਂ ਬਟੂਆ ਲੈਣ ਦਾ ਬੜਾ ਚਾਅ ਸੀ। ਜਦੋਂ ਉਹਨੇ ਆਵਦੇ ਬਾਪੂ ਜਾਂ ਦਾਦੇ ਨੂੰ ਜੇਬ ਵਿੱਚ ਬਟੂਆ ਪਾਏ ਹੋਏ ਦੇਖਣਾ ਤਾਂ ਬੜੀ ਜ਼ਿਦ ਕਰਨੀ। ਕਿੰਨੇ ਕਿੰਨੇ ਦਿਨ ਘਰ ਵਿੱਚ ਕਲੇਸ਼ ਪਾਈ ਰੱਖਣਾ ਕਿ ਮੈਂ ਬਟੂਆ ਲੈਣਾ।
ਇੱਕ ਦਿਨ ਉਹਦੇ ਪਾਪਾ ਨੇ ਨਿੱਕੂ ਦੀ ਜ਼ਿਦ ਨੂੰ ਦੇਖਦਿਆਂ ਇੱਕ ਨਿੱਕਾ ਜਿਹਾ ਬਟੂਆ ਲਿਆ ਦਿੱਤਾ। ਸੱਚੀਂ ਕਿੰਨਾ ਚਾਅ ਚੜਿਆ ਸੀ ਨਿੱਕੂ ਨੂੰ ਉਹ ਬਟੂਆ ਦੇਖ ਕੇ। ਉਹ ਵਾਰ ਵਾਰ ਆਵਦੇ ਕੁੜਤੇ ਦੀ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਪਰ ਜੇਬ ਛੋਟੀ ਹੋਣ ਕਰਕੇ ਬਟੂਆ ਵਿੱਚ ਨਾ ਪੈਂਦਾਂ।
ਫਿਰ ਉਹਨੇ ਵੱਡੀ ਜੇਬ ਲਾਉਣ ਦੀ ਜ਼ਿਦ ਕੀਤੀ ਤਾਂ ਮਾਂ ਨੇ ਝੱਟ ਦੇਣੇ ਦੋ ਵੱਡੀਆਂ ਵੱਡੀਆਂ ਜੇਬਾਂ ਲਗਾ ਦਿੱਤੀਆਂ। ਇੱਕ ਕੁੜਤੇ ਨੂੰ ਦੂਜੀ ਪਜਾਮੇ ਨੂੰ।
ਦੋ ਕੁ ਦਿਨ ਸੌਖੇ ਲੰਘੇ। ਘਰਦੇ ਵੀ ਆਪਸ ਵਿੱਚ ਆਖਿਆ ਕਰਨ ….
ਲੈ ਐਡੀ ਕੁ ਗੱਲ ਪਿੱਛੇ ਮੁੰਡੇ ਨੂੰ ਕਿੰਨਾ ਚਿਰ ਰਵਾਇਆ।
ਪਰ ਉਹ ਇਹ ਨਹੀਂ ਸੀ ਜਾਣਦੇ ਕਿ ਦਿਨੋ ਦਿਨ ਨਿੱਕੂ ਵੱਡਾ ਹੁੰਦਾ ਜਾ ਰਿਹਾ ਤੇ ਨਾਲ ਹੀ ਉਹਦੀਆਂ ਜਿਦਾਂ ਵੀ ਵਧ ਰਹੀਆਂ।
ਇੱਕ ਦਿਨ ਉਹਨੇ ਆਖਿਆ…
ਬਾਪੂ ਮੈਨੂੰ ਵੀ ਕੁਝ ਦੇ ਦਿਉ ਬਟੂਏ ਵਿੱਚ ਪਾਉਣ ਨੂੰ, ਮੇਰਾ ਬਟੂਆ ਤਾਂ ਖਾਲੀ ਆ ।ਮਾਂ ਨੇ ਸੁਣਿਆ ਤਾਂ ਆਵਦੀ ਤੇ ਨਿੱਕੂ ਦੇ ਬਾਪੂ ਦੀ ਫੋਟੋ ਉਹਨੂੰ ਬਟੂਏ ਵਿੱਚ ਪਾਉਣ ਨੂੰ ਦੇ ਦਿੱਤੀ। ਨਿੱਕੂ ਖੁਸ਼ ਹੋ ਗਿਆ।
ਹੁਣ ਨਿੱਕੂ ਵੱਡਾ ਹੋ ਗਿਆ ਸੀ ਪੈਸਾ ਕੀ ਚੀਜ਼ ਇਹ ਸਮਝਣ ਲੱਗ ਗਿਆ ਸੀ। ਪਰ ਉਹਨੇ ਬਟੂਆ ਨਹੀਂ ਸੀ ਬਦਲਿਆ। ਉਹ ਇਹਨੂੰ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਦਾ।
ਇੱਕ ਦਿਨ ਉਹਦੇ ਬਾਪੂ ਨੇ ਉਹਨੂੰ ਕੋਈ ਚੀਜ਼ ਲਿਆਉਣ ਲਈ ਪੈਸੇ ਦਿੱਤੇ। ਨਿੱਕੂ ਜਦੋਂ ਪੈਸੇ ਬਟੂਏ ਵਿੱਚ ਪਾਉਣ ਲੱਗਾ ਤਾਂ ਬਟੂਆ ਛੋਟਾ ਹੋਣ ਕਰਕੇ ਉਹ ਵਿੱਚ ਪੂਰੇ ਨਾ ਆਏ।
ਨਿੱਕੂ ਨੇ ਆਵਦੀ ਮਾਂ ਤੇ ਬਾਪੂ ਦੀ ਫੋਟੋ ਬਟੂਏ ਵਿੱਚੋਂ ਬਾਹਰ ਕੱਢ ਮਾਂ ਨੂੰ ਆਖਿਆ…
ਲ਼ੈ ਬੇਬੇ ਬਥੇਰਾ ਚਿਰ ਸੰਭਾਲ ਕੇ ਰੱਖਿਆ ਥੋਨੂੰ ਹੁਣ ਪੈਸਾ ਸੰਭਾਲਣ ਦੀ ਵਾਰੀ ਆ।
ਨਿੱਕੂ ਦੀ ਮਾਂ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਈ ਤੇ ਬੋਲੀ…ਇਹ ਸਾਰੀਆਂ ਪੈਸੇ ਦੀਆਂ ਖੇਡਾਂ ਨੇ ਜੋ ਇੱਕ ਪਲ ਵਿਚ ਰਿਸ਼ਤੇ ਖੋਹ ਲੈਂਦੀਆਂ ਨੇ।
ਪੁੱਤਰਾ ਤੂੰ ਸਾਬਿਤ ਕਰ ਦਿੱਤਾ ਵੀ ਵੱਡੇ ਹੋ ਕੇ ਸਾਰੇ ਮਾਂ ਪਿਓ ਦੇ ਨਹੀਂ ਪੈਸੇ ਦੇ ਪੁੱਤ ਬਣ ਜਾਂਦੇ ਨੇ।
ਰਮਨਜੋਤ ਕੌਰ