ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਦਾ ਪਿੰਡ ਵਿਚ ਵਿਸ਼ੇਸ਼ ਸਥਾਨ ਸੀ। ਉਹ ਪਿੰਡ ਦੇ ਧੜਵਾਈ ਸਨ। ਸਾਰੇ ਪਿੰਡ ਦੇ ਜਿੰਮੀਦਾਰਾਂ ਦੁਆਰਾ ਖੇਤਾਂ ਦਾ ਕੰਮ ਕਰਾਉਣ ਲਈ ਰੱਖੇ ਗਏ ਸੀਰੀਆਂ ਦਾ ਸਾਰਾ ਹਿਸਾਬ ਕਿਤਾਬ, ਵਿਆਹ ਵਿਚਲੇ ਨਿਉਂਦਰੇ ਦਾ ਲੇਖਾ ਜੋਖਾ ਉਹਨਾਂ ਕੋਲ ਪਈਆਂ ਵਹੀਆਂ ਵਿਚ ਦਰਜ ਸੀ। ਉਂਜ ਵੀ ਕਿਸੇ ਨੂੰ ਸ਼ਹਿਰੋਂ ਵਿਆਹ ਲਈ ਕਪੜਾ ਲੱਤਾ, ਗਹਿਣਾ ਗੱਟਾ ਲੈਣਾ ਹੁੰਦਾ ਦਾਦਾ ਜੀ ਨੂੰ ਨਾਲ ਲੈ ਕੇ ਜਾਂਦੇ। ਉਹ ਛੱਤ ਪਾਉਣ ਲਈ ਗਾਡਰ ਵੀ ਦਿਵਾਉਣ ਜਾਂਦੇ। ਲੋਕ ਉਹਨਾਂ ਨੂੰ “ਸੇਠਾ” ਜਾ ਸੇਠ ਜੀ ਆਖਕੇ ਬਲਾਉਂਦੇ ਸਨ। ਮੇਰੇ ਦਾਦਾ ਜੀ ਨੂੰ ਖੰਘ ਦੀ ਸ਼ਿਕਾਇਤ ਰਹਿੰਦੀ ਸੀ। ਇਸ ਲਈ ਕਦੇ ਕਦੇ ਉਹ ਮੂੰਹ ਕੌੜਾ ਵੀ ਕਰ ਲੈਂਦੇ। ਸਰਦੀਆਂ ਵਿੱਚ ਉਹ ਬਰਾਂਡੀ ਜਰੂਰ ਲੈਂਦੇ ਸਨ। ਉਹਨਾਂ ਨੂੰ ਮੈਂ ਕਦੇ ਠੇਕੇ ਵਾਲੀ ਬੋਤਲ ਖਰੀਦਦੇ ਯ ਪੀਂਦੇ ਨਹੀਂ ਸੀ ਦੇਖਿਆ। ਪਾਪਾ ਜੀ ਪਟਵਾਰੀ ਸਨ ਤੇ ਉਹ ਦਸੀ ਪੰਦਰੀਂ ਪਿੰਡ ਗੇੜਾ ਮਾਰਦੇ ਤੇ ਉਹ ਸ਼ਾਮ ਨੂੰ ਇਕੱਲੇ ਹੀ ਘੁੱਟ ਲਾ ਲੈਂਦੇ। ਉਹ ਪਿੰਡ ਵਿਚ ਕਿਸੇ ਨਾਲ ਨਹੀਂ ਸੀ ਪੀਂਦੇ। ਇੱਕ ਵਾਰੀ ਓਹਨਾ ਨੇ ਦਾਦਾ ਜੀ ਨੂੰ ਸ਼ਾਮੀ ਰੋਟੀ ਤੇ ਘਰ ਬੁਲਾਇਆ ਕਿਉਂਕਿ ਦਾਦਾ ਜੀ ਤੇ ਚਾਚਾ ਜੀ ਨਾਲ ਹੀ ਰਹਿੰਦੇ ਸਨ ਤੇ ਇਕੱਠੇ ਹੀ ਦੁਕਾਨਦਾਰੀ ਕਰਦੇ ਸਨ। ਰੋਟੀ ਤੋਂ ਪਹਿਲਾਂ ਪਿਓ ਪੁੱਤ ਨੇ ਦੋ ਦੋ ਪੈਗ ਲਾ ਲਏ। ਉਹ ਸ਼ਕਤੀ ਵਾਟਰ ਕੁਝ ਤੇਜ ਸੀ ਸ਼ਾਇਦ ਹੋਮ ਮੇਡ ਹੀ ਲਿਆਂਦਾ ਸੀ। ਉਸਦੇ ਅਸਰ ਨਾਲ ਦਾਦਾ ਜੀ ਅਸਲੀਅਤ ਵੱਲ ਨੂੰ ਉਲਰ ਗਏ। ਤੇ ਜਿੰਦਗੀ ਦਾ ਸੱਚ ਉਗਲਣ ਲੱਗੇ। ਉਹਨਾਂ ਨੇ ਰੋਂਦੇ ਹੋਇਆ ਨੇ ਆਪਣੇ ਜੀਵਨ ਦੀ ਕਹਾਣੀ ਦੱਸੀ। ਕਿ ਕਿਵੇਂ ਉਹਨਾਂ ਇਕੱਲਿਆਂ ਨੇ ਚਾਰ ਭੈਣਾਂ ਤੇ ਦੋ ਧੀਆਂ ਨੂੰ ਪਾਲਿਆ ਤੇ ਵਿਆਹਿਆ। ਘਰ ਦੀ ਮਾਲਕਿਨ ਤੋਂ ਬਿਨਾਂ ਘਰ ਚਲਾਇਆ। ਰਿਸ਼ਤੇਦਾਰਾਂ ਤੇ ਸ਼ਰੀਕਾਂ ਦੀਆਂ ਚਾਲਾਂ ਨੂੰ ਫੇਲ ਕੀਤਾ। ਅਤੇ ਆਪਣੀ ਮੁੱਛ ਖੜੀ ਰੱਖੀ। ਕਿਵੇਂ ਮੇਹਨਤ ਮੁਸ਼ੱਕਤ ਕਰਕੇ ਉਹਨਾਂ ਨੇ ਆਪਣੇ ਸ਼ਰੀਕੇ ਦੀ ਜਮੀਨ ਖਰੀਦੀ। ਤੇ ਪਿੰਡ ਵਿਚ ਨਾਮਣਾ ਖੱਟਿਆ।
ਵਾਕਿਆ ਹੀ ਦਾਦਾ ਜੀ ਗ੍ਰੇਟ ਸਨ। ਉਸ ਦਿਨ ਉਸ ਸ਼ਕਤੀ ਵਾਟਰ ਨੇ ਦਾਦਾ ਜੀ ਦੇ ਮੂੰਹੋਂ ਬਹੁਤ ਸੱਚੀਆਂ ਗੱਲਾਂ ਅਖਵਾਈਆਂ।
ਅੱਜ ਕੱਲ੍ਹ ਬਹੁਤੇ ਲੋਕ ਘੁੱਟ ਪੀ ਕੇ ਜਬਲੀਆਂ ਹੀ ਮਾਰਦੇ ਹਨ ਯ ਗਾਲਾਂ ਕੱਢਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ