ਇਲੈਕਟ੍ਰਿਕ ਤੇ ਇਕਟ੍ਰੋਨਿਕਸ ਦਾ ਕੰਮ ਕਰਨ ਵਾਲੇ ਸਾਡੇ ਇੱਕ ਦੂਰ ਦੇ ਰਿਸ਼ਤੇਦਾਰ ਸ੍ਰੀ ਰਾਮ ਪ੍ਰਕਾਸ਼ ਗਰੋਵਰ ਨਾਲ ਸਾਡੇ ਪਰਵਾਰਿਕ ਤੇ ਵਿਪਾਰਕ ਸਬੰਧ ਕੋਈ 4,5 ਦਹਾਕਿਆਂ ਤੋਂ ਹਨ। ਉਹ ਵੇਖਦੇ ਵੇਖਦੇ ਫਰਸ਼ ਤੋਂ ਅਰਸ਼ ਤੱਕ ਪਹੁੰਚ ਗਿਆ। ਹਵਾ ਵਾਲਾ ਸਟੋਵ ਰੱਖਕੇ ਓਹ ਰੇਡੀਓ ਦੇ ਟਾਂਕੇ ਲਾਉਂਦਾ ਲਾਉਂਦਾ ਸ਼ਹਿਰ ਵਿਚ ਇੱਕ ਬਹੁਤ ਵੱਡੇ ਸ਼ੋ ਰੂਮ ਦਾ ਮਾਲਿਕ ਬਣ ਗਿਆ। ਇਸ ਲਈ ਉਸ ਨੂੰ ਕਿਸੇ ਰਾਮ ਪ੍ਰਕਾਸ਼ ਨਹੀਂ ਆਖਿਆ। ਸਾਰੇ ਉਸਨੂੰ ਰਾਮ ਰੇਡੀਓ ਵਾਲਾ ਆਖਦੇ। ਰੇਡੀਓ ਟੀ ਵੀ ਫਰਿਜ਼ ਏ ਸੀ ਵਾਸ਼ਿੰਗ ਮਸ਼ੀਨ ਉਸਨੇ ਹਰ ਸਰਕਾਰੀ ਮੁਲਾਜ਼ਿਮ ਵਿਉਪਾਰੀ ਤੇ ਗਰੀਬ ਆਦਮੀ ਘਰੇ ਪਹੁੰਚਾ ਦਿੱਤੀ।ਉਸ ਦੀ ਲਿਆਕਤ ਤੇ ਸੇਲਜ਼ਮੈਨਸ਼ਿਪ ਦਾ ਹਰ ਕੋਈ ਕਾਇਲ ਸੀ। ਸਾਡੇ ਘਰੇ ਸਿਰਫ ਉਸੇ ਕੰਪਨੀ ਦਾ ਸਮਾਨ ਆਉਂਦਾ ਸੀ ਜਿਸ ਦੀ ਏਜੇਂਸੀ ਉਸ ਕੋਲ ਹੁੰਦੀ ਸੀ। ਅਸੀਂ ਇੱਕਲੇ ਨਹੀਂ ਬਹੁਤੇ ਲੋਕਾਂ ਦਾ ਇਹੀ ਹਾਲ ਸੀ। ਉਸ ਨਾਲ ਉਸਦੇ ਦੋ ਮੁੰਡੇ ਵੀ ਦੁਕਾਨ ਤੇ ਬੈਠਦੇ ਪਰ ਓਹ ਆਪਣੇ ਪਾਪਾ ਵਰਗੇ ਨਹੀਂ ਸਨ। ਫਿਰ ਵੀ ਉਹ ਦੋਨਾਂ ਨੂੰ ਵਲਚਾ ਕੇ ਦੁਕਾਨਦਾਰੀ ਸਿਖਾਉਂਦਾ। ਤੇ ਦਸ ਵੀਹ ਪਰਸੈਂਟ ਕਾਮਜਾਬ ਵੀ ਹੋਇਆ। ਉਸਨੇ ਆਪਣੇ ਇੱਕ ਪੋਤੇ ਨੂੰ ਅਲਗ ਸ਼ੋ ਰੂਮ ਬਣਾ ਕੇ ਦਿੱਤਾ। ਉਹ ਪੋਤਾ ਆਪਣੇ ਦਾਦਾ ਜੀ ਦੀ ਕਾਪੀ ਨਿਕਲਿਆ। ਉਸਨੇ ਕਦੇ ਆਪਣੇ ਦਾਦਾ ਜੀ ਗੁਡਵਿੱਲ ਦਾ ਸਹਾਰਾ ਨਹੀਂ ਲਿਆ ਤੇ ਨਾ ਹੀ ਦਾਦਾ ਜੀ ਦੇ ਨਾਮ ਦਾ ਹਵਾਲਾ ਦੇ ਕੇ ਬਿਜਨਿਸ ਤੋਰਨ ਦਾ ਸਹਾਰਾ ਲਿਆ। ਦਾਦਾ ਜੀ ਅਚਾਨਕ ਇਸ ਦੁਨੀਆ ਤੋਂ ਰੁਖਸਤ ਹੋ ਗਏ। ਦੁਕਾਨ ਉਸਦੇ ਪੁੱਤਰਾਂ ਨੇ ਸੰਭਾਲ ਲਈ। ਕਿਸੇ ਖਰੀਦਦਾਰੀ ਲਈ ਮੈਂ ਉਸਦੇ ਪੋਤਰੇ ਦੀ ਦੁਕਾਨ ਤੇ ਗਿਆ। ਉਹ ਮੈਨੂੰ ਜਾਣਦਾ ਸੀ। ਪਰ ਮੈਂ ਉਸਨੂੰ ਪਹਿਚਾਣਦਾ ਨਹੀਂ ਸਾਂ। ਖਰੀਦਦਾਰੀ ਕਰਨ ਤੋਂ ਪਹਿਲਾਂ ਮੈਂ ਉਸਦੇ ਚਾਚੇ ਨੂੰ ਵੀ ਬੁਲਾ ਲਿਆ। ਤੇ ਸਮਾਨ ਖਰੀਦਣ ਤੋਂ ਪਹਿਲਾਂ ਆਪਣੇ ਪੁਰਾਣੇ ਤਾਲੋਂਕਾਤ ਦਾ ਹਵਾਲਾ ਦਿੱਤਾ। ਕਿਉਂਕਿ ਮੈਨੂੰ ਲੱਗਿਆ ਕਿ ਅੱਜ ਦੀ ਪੀੜੀ ਯਾਨੀ ਮੌਡਰਨ ਜਨਰੇਸ਼ਨ ਰਿਸ਼ਤਿਆਂ ਨੂੰ ਉਹ ਅਹਿਮੀਅਤ ਨਹੀਂ ਦਿੰਦੀ। ਸਿਰਫ ਕਮਾਈ ਬਾਰੇ ਸੋਚਦੀ ਹੈ।
“ਤੁਸੀਂ ਮੇਰੇ ਦੱਦੂ ਹੋ ਨਾ।” ਉਸਨੇ ਅਚਾਨਕ ਸਵਾਲ ਦਗੀਆ। “ਬਿਲਕੁਲ।” ਮੈਂ ਆਖਿਆ।
“ਫਿਰ ਮੈਂ ਆਪਣੇ ਦੱਦੂ ਕੋਲੋ ਪੈਸੇ ਵੱਧ ਲਵਾਂ ਯ ਘੱਟ। ਮੇਰੀ ਮਰਜੀ। ਕੀ ਮੈਂ ਆਪਣੇ ਦੱਦੂ ਤੋੰ ਦੋ ਚਾਰ ਸੌ ਵੱਧ ਨਹੀਂ ਲੈ ਸਕਦਾ।”
“ਜਰੂਰ।” ਮੇਰੇ ਮੂੰਹੋ ਨਿਕਲਿਆ ਤੇ ਮੈਂ ਮੂੰਹ ਮੰਗੇ ਪੈਸੇ ਦੇ ਦਿੱਤੇ।
ਉਸਨੇ ਪੈਸੇ ਫੜ੍ਹ ਲਏ ਤੇ ਮੇਰਾ ਮਾਣ ਤਾਣ ਕਰਦੇ ਹੋਏ ਕੁੱਝ ਕੁ ਨੋਟ ਵਾਪਿਸ ਕਰ ਦਿੱਤੇ। ਮੈਨੂੰ ਉਸਦੇ ਵਿਹਾਰ ਨੂੰ ਦੇਖ ਕੇ ਖੁਸ਼ੀ ਹੋਈ। ਉਸਦਾ ਵਿਹਾਰ ਵਰਤਾਵਾ ਬਿਲਕੁਲ ਆਪਣੇ ਦਾਦਾ ਜੀ ਵਰਗਾ ਸੀ। ਮੈਨੂੰ ਉਸ ਜੁਆਕ ਵਿਚ ਉਸ ਰਾਮ ਰੇਡੀਓ ਵਾਲੇ ਦੀ ਆਤਮਾ ਲੱਗੀ। ਜੋ ਆਪਣੇ ਦਾਦਾ ਜੀ ਵਾਂਗੂ ਹੀ ਅਪਣੱਤ ਦਿਖਾ ਰਿਹਾ ਸੀ। ਆਖਿਰ ਇਨਸਾਨ ਵਿਚ ਆਪਣੇ ਵੱਡੇ ਵਡੇਰਿਆਂ ਦਾ ਸੁਭਾਅ ਤੇ ਚੰਗੇ ਗੁਣ ਹੁੰਦੇ ਹੀ ਹਨ ਤੇ ਉਹਨਾਂ ਦੇ ਦਿੱਤੇ ਚੰਗੇ ਸੰਸਕਾਰ ਸਦਾ ਜਿੰਦਾ ਰਹਿੰਦੇ ਹਨ। ਮੈਨੂੰ ਲੱਗਿਆ ਰਾਮ ਰੇਡੀਓ ਵਾਲਾ ਅਜੇ ਵੀ ਜ਼ਿੰਦਾ ਹੈ।
#ਰਮੇਸ਼ਸੇਠੀਬਾਦਲ