ਅੱਜ ਤਾਂ ਇਉਂ ਲਗਦਾ ਸੀ ਜਿਵੇ ਸਾਰਾ ਪਿੰਡ ਹੀ ਧਰਮਸਾਲਾ ਚ ਇਕੱਠਾ ਹੋ ਗਿਆ ਹੋਵੇ। ਹੋਵੇ ਵੀ ਕਿਉਂਨਾ ਲਾਊਡ ਸਪੀਕਰ ਤੇ ਗੁਰਦਵਾਰੇ ਵਾਲਾ ਭਾਈ ਜੀ ਕਲ੍ਹ ਦੀ ਅਨਾਊਂਸਮੈਂਟ ਕਰੀ ਜਾ ਰਿਹਾ ਹੈ ਕਿ ਪਟਵਾਰੀ ਸਾਬ ਮੁਆਵਜੇ ਦੇ ਚੈਕ ਵੰਡਣਗੇ। ਤੇ ਸਾਰਾ ਪਿੰਡ ਆਪਣੇ ਆਪਣੇ ਚੈਕ ਲੈਣ ਲਈ ਤਰਲੋ ਮੱਛੀ ਹੋ ਰਿਹਾ ਸੀ। ਬਹੁਤੇ ਤਾਂ ਖਰਚਣ ਦੀਆਂ ਸਕੀਮਾਂ ਤੱਕ ਬਨਾਈ ਬੈਠੇ ਸਨ। ਕਈਆਂ ਨੂੰ ਉਮੀਦ ਸੀ ਕਿ ਸਾਹੂਕਾਰਾਂ ਦਾ ਕਰਜਾ ਤਾਂ ਲਹਿ ਹੀ ਜਾਵੇਗਾ। ਇਹੀ ਸੋਚ ਕਿ ਬੰਤਾ ਵੀ ਧਰਮਸਾਲਾ ਪਹੁੰਚਿਆ ਸੀ। ਨਾਲੇ ਹੌਂਸਲਾ ਸੀ ਬਈ ਜੇ ਕਰਜਾ ਲਹਿ ਗਿਆ ਤਾਂ ਉਹ ਲੀਚੜ ਜਿਹਾ ਸੇਠ ਆਨੀ ਬਹਾਨੀ ਘਰੇ ਗੇੜਾ ਮਾਰਣੋ ਹੱਟ ਜਾਵੇਗਾ। ਜਦੋ ਪਟਵਾਰੀ ਸਾਬ ਨੇ ਚੈਕਫੜਾਇਆ ਤੇ ਬੰਤੇ ਦੀ ਹੂਕ ਨਿਕਲ ਗਈ। ਇੰਕ ਸੋ ਸੈਂਤੀਂ ਰੁਪਏ ਤੇ ਬਿਆਲੀ ਪੈਸਿਆਂ ਦਾ ਹੀ ਚੈਕ ਸੀ। ਮੇਰੇ ਨਾਲ ਧੋਖਾ ਹੋਇਆ ਹੈ ਠੱਗੀ ਹੋਈ ਹੈ ਇਹ ਸਰਾਸਰ ਅਨਿਆਂ ਹੈ ਵੇ ਲੋਕੇ। ਬੰਤੇ ਦਾ ਰੋਲਾ ਸੁਣ ਕੇ ਪਟਵਾਰੀ ਸਾਬ ਤੈਸ਼ ਵਿੱਚ ਆ ਗਏ। ਕਹਿੰਦੇ ਕਾਹਦਾ ਧੋਖਾ? ਅਸੀਂ ਤਾਂ ਕੈਲਕੂਲੇਅਰ ਤੇ ਪੈਸੇ ਪੈਸੇ ਦਾ ਹਿਸਾਬ ਕਰਕੇ ਚੈਕ ਬਨਾਏ ਹਨ। ਜਿਨ੍ਹੇ ਤੇਰੇ ਬਣਦੇ ਹਨ ਓਨੇ ਦਾ ਤੇਰਾ ਚੈਕ ਬਣਾ ਦਿੱਤਾ। ਇੱਕ ਪੈਸਾ ਵੀ ਨਹੀ ਕੱਟਿਆ। ਚਲੋ ਛੱਡੋ ਪਟਵਾਰੀ ਸਾਬ ਇਹ ਤਾਂ ਐਂਵੇ ਭੋਂਕੀ ਜਾਂਦਾ ਹੈ। ਚਾਰ ਕੁ ਮਿੱਠੀਆ ਮਾਰ ਕੇ ਸੀਤਾ ਨੰਬਰਦਾਰ ਉਨੀ ਹਜਾਰ ਦਾ ਚੈਕ ਨੈ ਕੇ ਤੁਰਦਾ ਬਣਿਆ। ਬੰਤੇ ਨੂੰ ਹੁਣ ਇਮਾਨਦਾਰੀ ਤੇ ਕੈਲਕੂਲੇਟਰ ਦੀ ਸਮਝ ਆ ਚੁੱਕੀ ਸੀ।
#ਰਮੇਸ਼ਸੇਠੀਬਾਦਲ