ਸ਼ਹਿਰੀਆਂ ਨੂੰ ਖੁਸ਼ ਕਰਨ ਦਾ ਕੀ ਹੈ ਇਹ ਤਾਂ ਲੱਸੀ ਦੇ ਭਰੇ ਡੋਲ੍ਹ ਨਾਲ ਹੀ ਖੁਸ਼ ਹੋ ਜਾਂਦੇ ਹਨ। ਯ ਤੰਦੂਰ ਦੀ ਰੋਟੀ ਵੇਖਕੇ। ਅੱਜ ਕੋਈ ਜਾਣ ਪਹਿਚਾਣ ਵਾਲੀ ਲੜਕੀ ਤੰਦੂਰੀ ਰੋਟੀਆਂ ਲਿਆਈ ਆਪਣੀ ਮਾਂ ਕੋਲੋ ਲੁਹਾਕੇ। ਸੱਚੀ ਬਚਪਨ ਯਾਦ ਆ ਗਿਆ। ਅਸੀਂ ਭਾਵੇਂ ਕਈ ਵਾਰੀ ਕੂਕਰ ਉਲਟਾ ਕਰਕੇ ਤੰਦੂਰ ਵਰਗੀ ਰੋਟੀ ਪਕਾ ਲੈਂਦੇ ਹਾਂ ਉਹ ਤੰਦੂਰ ਵਾਲੀ ਗੱਲ ਨਹੀਂ ਬਣਦੀ। ਸ਼ੁਰੂ ਸ਼ੁਰੂ ਵਿਚ ਅਸੀਂ ਵੀ ਘਰੇ ਛੋਟਾ ਜਿਹਾ ਤੰਦੂਰ ਲੋਹੇ ਦੀ ਡਰੰਮੀ ਵਿੱਚ ਲਾਇਆ ਸੀ। ਉਹ ਵਾਰੀ ਵਾਰੀ ਤਪਾਉਣਾ ਪੈਂਦਾ ਸੀ। ਸ਼ਹਿਰ ਵਿੱਚ ਬਾਲਣ ਦੀ ਵੀ ਕਿੱਲਤ ਹੁੰਦੀ ਹੈ। ਫਿਰ ਸੇਕ ਛੋਟਾ ਵੇਹੜਾ ਵੇਖਕੇ ਬੰਦ ਕਰ ਦਿੱਤਾ। ਅੱਜ ਦੀਆਂ ਤੰਦੂਰੀ ਰੋਟੀਆਂ ਨੇ ਮਾਂ ਤੇ ਬਚਪਨ ਚੇਤੇ ਕਰਵਾ ਦਿੱਤੇ। ਮੋਟੇ ਖੱਦਰ ਦੇ ਪੋਣੇ ਵਿੱਚ ਲਵੇਟੀਆਂ ਰੋਟੀਆਂ ਦੀ ਮਹਿਕ ਹੀ ਵੱਖਰੀ ਸੀ। ਸੋਂਧੀ ਮਿੱਟੀ ਦੀ ਖੁਸ਼ਬੋ। ਇੱਕ ਵੱਖਰਾ ਹੀ ਨਜ਼ਾਰਾ ਸੀ।
“ਯਾਰ ਮੈ ਕਦੇ ਆਪੇ ਪੁੱਟ ਕੇ ਮੂਲੀ ਨਹੀਂ ਖਾਧੀ।” ਕਾਲਜ ਪੜ੍ਹਦੇ ਮੇਰੇ ਇੱਕ ਦੋਸਤ ਨੇ ਇੱਕ ਦਿਨ ਮੈਨੂੰ ਕਿਹਾ। ਜਦੋ ਮੈ ਉਸਨੂੰ ਦੱਸਿਆ ਸੀ ਕਿ ਜਦੋ ਅਸੀਂ ਪੱਠੇ ਲੈਣ ਖੇਤ ਜਾਂਦੇ ਤਾਂ ਬਰਸੀਮ ਦੀ ਵੱਟ ਤੋੰ ਮੂਲੀਆਂ ਪੱਟਕੇ ਪਹਿਲਾਂ ਹੱਥ ਵਿਚ ਪਾਏ ਲੋਹੇ ਦੇ ਕੜੇ ਨਾਲ ਖੁਰਚਕੇ ਸਾਫ ਕਰਦੇ ਤੇ ਫਿਰ ਖਾਂਦੇ। ਉਸਨੂੰ ਹੱਥੀ ਪੁੱਟੀਆਂ ਮੂਲੀਆਂ ਦਾ ਸਵਾਦ ਦਿਖਾਉਣ ਲਈ ਇੱਕ ਦਿਨ ਮੈਂ ਉਸਨੂੰ ਆਪਣੇ ਪਿੰਡ ਲੈ ਗਿਆ। ਉਹ ਡਾਢਾ ਖੁਸ਼ ਹੋਇਆ।
ਇਸੇ ਤਰਾਂ ਸਕੂਲੋ ਵਾਪਸੀ ਸਮੇ ਅਸੀਂ ਕੋਈ ਨਾ ਕੋਈ ਫਲ ਜਿਵੇ ਕਿੰਨੂੰ ਅਮਰੂਦ ਨਾਸ਼ਪਾਤੀ ਅੰਗੂਰ ਯ ਬੇਰ ਲੈਣ ਲਈ ਕਿਸੇ ਨਾ ਕਿਸੇ ਬਾਗ਼ ਵਿਚ ਚਲੇ ਜਾਂਦੇ ਤੇ ਠੇਕੇਦਾਰ ਕੋਲੋ ਤਾਜ਼ਾ ਸਮਾਨ ਖਰੀਦ ਲੈਂਦੇ। ਓਥੇ ਜਾਕੇ ਤਾਜ਼ੇ ਫਲ ਤੋੜਕੇ ਖਾਣ ਦਾ ਸਵਾਦ ਵੱਖਰਾ ਹੀ ਹੁੰਦਾ ਸੀ। ਪਰ ਸਾਡੀ ਇੱਕ ਕੁਲੀਗ ਆਪਣੇ ਆਪ ਨੂੰ ਜਿਆਦਾ ਸੁਚਾਰੀ ਮੰਨਦੀ ਸੀ ਉਹ ਫਲ ਘਰੇ ਜਾਕੇ ਸਾਫ ਪਾਣੀ ਨਾਲ ਧੋਕੇ ਹੀ ਖਾਂਦੀ। ਫਿਰ ਉਸਨੂੰ ਵੀ ਖੜੇ ਖੜੇ ਬਾਗ ਵਿਚ ਖਾਣ ਦੀ ਆਦਤ ਪੈ ਗਈ। ਉਹ ਖਾਕੇ ਬਹੁਤ ਖੁਸ਼ ਹੁੰਦੀ।
ਕਾੜ੍ਹਨੀ ਦਾ ਦੁੱਧ, ਹੋਲਾਂ ਬਾਜਰੇ ਦੇ ਸਿੱਟੇ ਕਣਕ ਦੇ ਡੱਡਰੇ ਤਾਂ ਸੁਫਨਾ ਬਣਕੇ ਹੀ ਰਹਿ ਗਏ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ