ਪੁੱਤ ਜੇ ਕੁਝ ਪਲ ਲਈ ਅੱਖੋਂ ਪਰੋਖੇ ਹੋ ਜਾਵੇ ਤਾਂ ਮਾਂ ਬਾਪ ਦੀਆਂ ਅੱਖਾਂ ਪੱਕ ਜਾਂਦੀਆਂ ਨੇ ! ਗੁਰਸ਼ਰਨ ਤਾਂ ਫਿਰ ਵੀ ਪੰਜ ਸਾਲਾਂ ਬਾਅਦ ਵਲੈਤੋਂ ਘਰ ਵਾਪਸ ਆਇਆ ਸੀ ! ਮਾਂ ਲੋਚਦੀ ਸੀ ਕਿ ਪੁੱਤ ਮੇਰੇ ਹੀ ਨੇੜੇ ਤੇੜੇ ਰਵੇ ਪਰ ਮੇਵਾ ਸਿੰਘ ਗੁਰਸ਼ਰਨ ਨੂੰ ਖੇਤਾਂ ਵੱਲ ਲਿਜਾਣ ਲਈ ਬਹੁਤ ਹੀ ਉਤਾਵਲਾ ਸੀ! ਗੁਰਸ਼ਰਨ ਜਦੋਂ ਵੀ ਵਲੈਤ ਦੀ ਕੋਈ ਤਾਰੀਫ ਕਰਦਾ ਤਾਂ ਮੇਵਾ ਸਿੰਘ ਵਿੱਚੋਂ ਹੀ ਟੋਕ ਦਿੰਦਾ”ਆਹੋ ਭਾਈ ਤੁਹਾਡੇ ਮੁਲਕ ਦੀ ਕਿਹੜਾ ਰੀਸ ਹੈ ਉਥੋਂ ਦੀਆਂ ਸਰਕਾਰਾਂ ਚੰਗੀਆਂ ਤੇ ਇਮਾਨਦਾਰ ਨੇ”! “ਔਖਾ ਤਾਂ ਸਾਡੇ ਮੁਲਕ ਵਿੱਚ ਐ” ! ਇਹ ਤਾਂ ਹੈ ਬਾਪੂ ਜੀ ਗੁਰਸ਼ਰਨ ਮੇਵਾ ਸਿੰਘ ਦੀ ਗੱਲ ਤੇ ਕਾਲੀ ਮਿੱਟੀ ਦਾ ਪੋਚਾ ਫੇਰਦਾ ਤੇ ਮੇਵਾ ਸਿੰਘ ਦੀ ਗੱਲ ਹੋਰ ਪੱਕੀ ਹੋ ਜਾਂਦੀ!
ਫਿਰ ਤੁਸੀਂ ਅੰਦੋਲਨ ਕਰਕੇ ਆਪਣੇ ਹੱਕ ਲੈ ਹੀ ਲਏ ਬਾਪੂ ਜੀ, ਗੁਰਸ਼ਰਨ ਨੇ ਕਿਸਾਨਾਂ ਦੀ ਤਾਰੀਫ ਕਰਦਿਆਂ ਅਚਾਨਕ ਇਹ ਗੱਲ ਛੇੜ ਲਈ! “ਸਾਡੇ ਧੰਨੇ ਭਗਤ ਨੇ ਤਾਂ ਰੱਬ ਵੀ ਖੇਤਾਂ ਚ ਹਲ ਵਾਹੁਣ ਲਾਤਾ ਸੀ ਫਿਰ ਇਹ ਸਰਕਾਰਾਂ ਕੀ ਚੀਜ਼ ਨੇ”! ਮਲਵਾ ਸਿੰਘ ਨੇ ਵਰਤਮਾਨ ਤੇ ਪਿਛੋਕੜ ਦੀ ਤਹਿ ਮਾਰ ਦਿਆ ਬਹੁਤ ਹੀ ਹੁੱਬ ਕੇ ਜਵਾਬ ਦਿੱਤਾ! ਜੇ ਕੋਈ ਸਾਡੇ ਹੱਕਾਂ ਤੇ ਡਾਕਾ ਮਾਰੂ ਤਾਂ ਅੰਦੋਲਨ ਤਾਂ ਪੁੱਤਰਾ ਹੁੰਦੇ ਹੀ ਰਹਿਣਗੇ! ਪਿਓ ਪੁੱਤ ਦੀ ਵਾਰਤਾਲਾਪ ਦੀ ਇਹ ਕੜੀ ਮਾਂ ਵੱਲੋਂ ਮਾਰੀ ਰੋਟੀ ਦੀ ਆਵਾਜ਼ ਨੇ ਇਕਦਮ ਹੀ ਤੋੜ ਦਿੱਤੀ!
ਅਗਲੇ ਦਿਨ ਗੁਰਸ਼ਰਨ ਦੀ ਨਜ਼ਰ ਪਰਾਲੀ ਦੀ ਅੱਗ ਵਿੱਚ ਝੁਲਸੀ ਇੱਕ ਸਕੂਲ ਬੈਨ ਕਾਰਨ ਮੱਚੇ ਫੁੱਲਾਂ ਜਿਹੇ ਬੱਚਿਆਂ ਵਾਲੀ ਖ਼ਬਰ ਤੇ ਪਈ ਹੀ ਸੀ ਕਿ ਮੇਵਾ ਸਿੰਘ ਨੇ ਇੱਕਦਮ ਟਿੱਪਣੀ ਕੀਤੀ “ਇਹ ਪੱਤਰਕਾਰ ਵੀ ਕਿਸਾਨਾਂ ਮਗਰ ਹੀ ਪਏ ਰਹਿੰਦੇ ਨੇ ,ਹੋਰ ਕੀ ਅਸੀਂ ਫਸਲ ਦੇ ਨਾੜ ਦਾ ਮਰੱਬਾ ਪਾ
ਲਈਏ” ਪੁੱਤ ਬਾਪੂ ਦੀ ਬਿਆਨਬਾਜ਼ੀ ਤੇ ਕੋਈ ਮੋਹਰ ਲਾਉਂਦਾ ਇਸ ਤੋਂ ਪਹਿਲਾਂ ਹੀ ਗੁਰਸ਼ਰਨ ਦੇ ਦੋਸਤ ਪ੍ਰਤਾਪ ਨੇ ਗੱਡੀ ਦਾ ਹਾਰਨ ਮਾਰ ਉਸਨੂੰ ਸ਼ਹਿਰ ਦਾ ਗੇੜਾ ਮਾਰਨ ਜਾਣ ਲਈ ਆਵਾਜ਼ ਦੇ ਦਿੱਤੀ!
ਦੋਵੇਂ ਦੋਸਤ ਹਲੇ ਪਿੰਡ ਦੀ ਜੂਹ ਟੱਪੇ ਸੀ ਕੀ ਅਚਾਨਕ ਇਕ ਖੇਤ ਵਿੱਚ ਲੱਗੀ ਨਾੜ ਦੀ ਅੱਗ ਨੇ ਵਰੋਲੇ ਵਾਂਗ ਆ ਕੇ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ! ਇੱਕ ਨਿੱਕੀ ਜਿਹੀ ਅੰਗਿਆਰੀ ਪਲਾਂ ਵਿੱਚ ਹੀ ਜਵਾਲਾਮੁਖੀ ਬਣ ਬੈਠੀ! ਮੁੰਡੇ ਨੌਜਵਾਨ ਸੀ ਇਸ ਕਰਕੇ ਝੁਲਸੇ ਸਰੀਰਾਂ ਨਾਲ ਹੀ ਗੱਡੀ ਵਿੱਚੋਂ ਛਾਲਾਂ ਮਾਰ ਗਏ ਤੇ ਆਲੇ ਦੁਆਲੇ ਦੇ ਲੋਕਾਂ ਨੇ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤੇ !
ਖਬਰ ਮਿਲਦੇ ਹੀ ਮੇਵਾ ਸਿੰਘ ਹਸਪਤਾਲ ਜਾ ਪੁੱਜਾ ਅਤੇ ਆਪਣੇ ਫੁੱਲ ਵਰਗੇ ਪੁੱਤ ਨੂੰ ਕੋਲਾ ਬਣਿਆ ਵੇਖ ਉਸਦੀਆਂ ਧਾਹਾਂ ਨਿਕਲ ਗਈਆਂ ! ਕੁਝ ਸਮੇਂ ਬਾਅਦ ਸੁਰਤ ਆਉਣ ਤੇ ਗੁਰਸ਼ਰਨ ਨੇ ਕਿਹਾ” ਬਾਪੂ, ਮੈਂ ਠੀਕ ਹਾਂ ਕਿਰਪਾ ਵਾਹਿਗੁਰੂ ਦੀ ਜਾਨ ਬਚ ਗਈ”ਪਰ ਬਾਪੂ ਆਪਾਂ ਮਿਲ ਕੇ ਇਸ ਤਰਾਂ ਅੱਗ ਲਾਉਣ ਦੇ ਖਿਲਾਫ ਅੰਦੋਲਨ ਕਰਾਂਗੇ ਤਾਂ ਜੋ ਕਿਸੇ ਹੋਰ ਦਾ ਧੀ-ਪੁੱਤ ਮੇਰੇ ਵਾਂਗੂੰ ਇਸ ਅੱਗ ਦੀ ਲਪੇਟ ਵਿੱਚ ਨਾ ਆਵੇ! ਮੇਵਾ ਸਿੰਘ ਆਪਣੀਆਂ ਅੱਖਾਂ ਵਿੱਚ ਹੰਜੂ ਭਰ ਕੇ ਇਕਦਮ ਬੋਲਿਆ , “ਓਏ ਭੋਲਿਆ ਪੁੱਤਰਾ ਸਾਡੇ ਮੁਲਕ ਵਿੱਚ ਸਿਰਫ ਹੱਕਾਂ ਲਈ ਅੰਦੋਲਨ ਕਰਦੇ ਆਂ, ਫਰਜਾਂ ਲਈ ਅੰਦੋਲਨ ਕਰਨ ਦਾ ਨਾ ਤਾਂ ਇਥੇ ਰਿਵਾਜ਼ ਏ ਤੇ ਸਾਨੂੰ ਜਾਂਚ,”। ਗੁਰਸ਼ਰਨ ਹੁਣ ਸਿਰਫ ਸਰੀਰ ਪੱਖੋਂ ਨਹੀਂ ਸਗੋਂ ਆਤਮਾ ਪੱਖੋਂ ਵੀ ਝੂਲਸਿਆ ਹੋਇਆ ਮਹਿਸੂਸ ਕਰਦਾ ਸੋਚ ਰਿਹਾ ਸੀ ਕਿ ਬਾਹਰਲੇ ਮੁਲਕਾਂ ਦੀਆਂ ਸਿਰਫ ਸਰਕਾਰਾਂ ਹੀ ਨਹੀਂ ਸਗੋਂ ਨਾਗਰਿਕ
ਵੀ……….! ਡੂੰਘੀ ਸੋਚ ਵਿੱਚ ਪਏ ਪੁੱਤਰ ਨੂੰ ਦੇਖ ਕੇ ਮੇਵਾ ਸਿੰਘ ਬੋਲਿਆ ਕਿਹੜੀ ਗੱਲ ਦਾ ਝੋਰਾ ਕਰ ਰਿਹਾ ਪੁੱਤ? ਕੁਝ ਨਹੀਂ ਬਾਪੂ ਮੈਂ ਸੋਚ ਰਿਹਾ ਕਿ ਜੀ ਫਰਜਾਂ ਲਈ ਅੰਦੋਲਨ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਨਾੜ ਦਾ ਮੁਰੱਬਾ ਪਾਉਣ ਦੀ ਤਰਕੀਬ ਤਾਂ ਸੋਚ ਹੀ ਲਈਏ!