#ਪੰਜੂਆਣੇ_ਦਾ_ਪਾਣੀ
1979_80 ਚ ਜਦੋਂ ਮੈਂ ਸਰਸਾ ਕਾਲਜ ਪੜ੍ਹਦਾ ਸੀ ਤੇ ਹਰਰੋਜ ਸਰਸਾ ਤੋਂ ਡੱਬਵਾਲੀ ਆਉਂਦਾ ਸੀ ਤਾਂ ਸਰਸਾ ਤੋਂ ਚੱਲੀ ਲੰਬੇ ਰੂਟ ਦੀ ਬੱਸ ਵੀ ਪੰਜੂਆਣਾ ਨਹਿਰ ਤੇ ਜਰੂਰ ਰੁਕਦੀ। ਡਰਾਈਵਰ ਸਵਾਰੀਆਂ ਨੂੰ ਪਾਣੀ ਧਾਣੀ ਪੀਣ ਲਈ ਕਹਿੰਦਾ। ਕਿਉਂਕਿ ਨਹਿਰ ਦੇ ਕਿਨਾਰੇ ਲੱਗੇ ਜ਼ਮੀਨੀ ਨਲਕਿਆਂ ਦਾ ਪਾਣੀ ਬਰਫ ਵਰਗਾ ਠੰਡਾ ਤੇ ਅੰਮ੍ਰਿਤ ਵਰਗਾ ਮਿੱਠਾ ਹੁੰਦਾ ਸੀ। ਹਰ ਸਵਾਰੀ ਪਾਣੀ ਪੀਂਦੀ ਤੇ ਡਰਾਈਵਰ ਦਾ ਸ਼ੁਕਰੀਆ ਕਰਦੀ। ਸਿਖਰ ਦੁਪਹਿਰੇ ਜਦੋਂ ਤਕਰੀਬਨ ਹਰ ਸਵਾਰੀ ਗਰਮੀ ਨਾਲ ਬੇਹਾਲ ਹੁੰਦੀ ਤੇ ਇਹ ਪਾਣੀ ਰੂਹ ਨੂੰ ਸਕੂਨ ਦਿੰਦਾ। ਉਦੋਂ ਉਥੇ ਸ਼ਾਇਦ ਇੱਕ ਅੱਧਾ ਚਾਹ ਦਾ ਖੋਖਾ ਹੁੰਦਾ ਸੀ। ਆਉਂਦੀਆਂ ਜਾਂਦੀਆਂ ਕਾਰਾਂ ਤੇ ਹੋਰ ਵਹੀਕਲ ਵੀ ਰੁਕਦੇ ਤੇ ਕੁਝ ਲੋਕ ਚਾਹ ਵੀ ਪੀਂਦੇ। ਫਿਰ ਖੋਖੇ ਵਾਲੇ ਨੇ ਪਕੌੜੇ ਬਣਾਉਣੇ ਵੀ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਉਹ ਨਮਕੀਨ ਭੁਜੀਆ ਤੇ ਸ਼ਕਰਪਾਰੇ ਬਨਾਉਣ ਲੱਗੇ। ਫਿਰ ਬਹਾਦਰਗੜ੍ਹ ਤੋਂ ਬਾਅਦ ਪੰਜੂਆਣਾ ਪਕੌੜਿਆਂ ਲਈ ਮਸ਼ਹੂਰ ਹੋ ਗਿਆ। ਹਾਲਾਂਕਿ ਉਹ ਪਿੰਡ ਜੀ ਟੀ ਰੋਡ ਤੋਂ ਕਾਫੀ ਹੱਟਵਾ ਹੈ ਪਰ ਪੰਜੂਆਣਾ ਨਹਿਰ ਮਸ਼ਹੂਰ ਹੋ ਗਈ। ਫਿਰ ਇਹ ਲੋਕ ਇਥੋਂ ਦੇ ਸ਼ੱਕਰਪਾਰੇ ਤੇ ਭੂਜੀਆ ਨਜ਼ਦੀਕੀ ਮੰਡੀਆਂ ਵਿੱਚ ਵੀ ਸਪਲਾਈ ਕਰਨ ਲੱਗੇ। ਇਥੋਂ ਦੇ ਸ਼ੱਕਰਪਾਰੇ ਕਾਫੀ ਖਸਤਾ ਤੇ ਪਕੌੜੀਆਂ ਸਵਾਦੀ ਹੁੰਦੀਆਂ ਹਨ। ਸਮੇਂ ਦੇ ਨਾਲ ਨਾਲ ਐਨ ਐਚ 09 ਫੋਰ ਲੇਨ ਬਣ ਗਿਆ। ਪੰਜੂਆਣੇ ਨਹਿਰ ਤੇ ਖੋਖਿਆਂ ਦੀ ਗਿਣਤੀ ਵੀ ਵੱਧਕੇ ਪੰਜ ਸੱਤ ਹੋ ਗਈ। ਹੁਣ ਇਹ ਸਾਰੇ ਹੀ ਇੱਕੋ ਤਰਾਂ ਦੇ ਪਕੌੜੇ ਬਣਾਉਂਦੇ ਹਨ। ਸ਼ੱਕਰਪਾਰੇ ਤੇ ਨਮਕੀਨ ਭੂਜੀਆ ਦੇ ਪੈਕਟ ਬਣਾਕੇ ਵੇਚਦੇ ਹਨ। ਹੁਣ ਪਤਾ ਨਹੀਂ ਉਥੇ ਬੱਸਾਂ ਰੁਕਦੀਆਂ ਹਨ ਯ ਨਹੀਂ ਪਰ ਦਸ ਪੰਦਰਾਂ ਕਾਰਾਂ ਹਰ ਵੇਲੇ ਖੜੀਆਂ ਹੁੰਦੀਆਂ ਹਨ। ਅੱਜ ਵੀ ਉਹੀ ਠੰਡਾ ਸੀਤਲ ਜਲ ਉਹਨਾਂ ਨਲਕਿਆਂ ਵਿਚੋਂ ਨਿਕਲਦਾ ਹੈ। ਸ਼ਾਇਦ ਉਹਨਾਂ ਨਲਕਿਆਂ ਦੇ ਠੰਡੇ ਪਾਣੀ ਕਰਕੇ ਹੀ ਕਈ ਪਰਿਵਾਰਾਂ ਦਾ ਰੋਜ਼ਗਾਰ ਚੱਲ ਰਿਹਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ