ਵੇਖੋ ਜੀ ਮੈਂ ਤਾਂ ਸੁਣ ਕੇ ਸੁੰਨ ਹੀ ਹੋ ਗਈ, ਜਦੋਂ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀਂ। ਮੇਰੀ ਵੀ ਹਉਕਾ ਜਿਹਾ ਨਿਕਲ ਗਿਆ। ਤੇ ਕਾਂਤਾ ਦਰਵਾਜ਼ੇ ਕੋਲੇ ਖੜੀ ਮੁਸਕੜੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਜੀ ਤੁਸੀ ਕੁੜੀ ਨੂੰ ਇੰਜ ਨਾ ਆਖੋ। ਪਰ ਇਹ ਕਿਉਂ ਆਖਦੀ ਹੈ ਸਾਰੀ ਪੁਆੜੇ ਦੀ ਜੜ੍ਹ ਤਾਂ ਇਹੀ ਹੈ।
ਪਰ ਜੀ ਜਵਾਬ ਤਾਂ ਕੁੜੀ ਨੇ ਵੀ ਪਟਾਕ ਦੇਣੇ ਮੂੰਹ ਤੇ ਮਾਰਿਆ। ਕਹਿੰਦੀ ਮੈਂ ਤੇਰੇ ਘਰੇ ਕਦੋਂ ਆਉਂਦੀ ਹਾਂ। ਮੈਂ ਤਾਂ ਮੇਰੀ ਮਾਂ ਨੂੰ ਮਿਲਣ ਆਉਂਦੀ ਹਾਂ। ਤੇਰੇ ਘਰੇ ਤਾਂ ਮੈਂ ਤੇਰੇ ਰੱਖੇ ਪਾਠ ਤੇ ਨਹੀਂ ਆਈ। ਤੇਰੇ ਮੁੰਡੇ ਦੇ ਮੰਗਣੇ ’ਤੇ ਨਹੀਂ ਆਈ ਤੇ ਨਾ ਹੀ ਉਸਦੇ ਵਿਆਹ ਤੇ ਆਈ ਸੀ। ਪਤਾ ਹੈ ਮੈਨੂੰ ਤੇਰੇ ਘਰੇ ਤਾਂ ਤੇਰਾ ਸਹੁਰਾ ਪਰਿਵਾਰ ਹੀ ਆ ਸਕਦਾ ਹੈ। ਫਿਰ ਇਹ ਮੂਤ ਦੀ ਝੱਗ ਤਰ੍ਹਾਂ ਬੈਠ ਗਿਆ ਤੇ ਇਸ ਨੂੰ ਕੋਈ ਗੱਲ ਨਾ ਆਉੜੀ।
ਬੀਜੀ ਜੀ ਨੂੰ ਚੋਵੀ ਘੰਟੇ ਬਸ ਓਹੀ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ। ਇਹ ਓਹੀ ਘਰ ਹੈ, ਜਿੱਥੇ ਧੀ ਭੈਣ ਤੇ ਭੁਆ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ। ਜਿੱਥੇ ਮਮੂਲੀ ਤਨਖਾਹ ਵਾਲਾ ਜੇਬੀਟੀ ਮਾਸਟਰ ਪੰਜ ਪੰਜ ਭੈਣਾਂ ਦੇ ਕਾਰਜ ਕਰਦਾ ਹੋਇਆ ਕਦੇ ਵੀ ਮੱਥੇ ਤੇ ਵੱਟ ਨਾ ਪਾਉਂਦਾ। ਤੇ ਉਹ ਵੀ ਨਨਾਣਾਂ ਲਈ ਆਪਣੀ ਪੇਕਿਆ ਦੇ ਦਾਜ ਵਾਲੀ ਪੇਟੀ ਖੋਲ ਦਿੰਦੀ ਸੀ। ਲੈ ਲੋ ਜੀ ਜੋ ਚਾਹੀਦਾ ਹੈ, ਪਰ ਦਿਮਾਗ ’ਤੇ ਭੋਰਾ ਟੈਂਸਨ ਨਾ ਲਿਉ।ਜੋ ਹੈ ਜੀ ਬੱਸ ਆਪਣਾ ਹੈ । ਮੈਂ ਕੀ ਕਰਨਾ ਹੈ। ਤੁਸੀ ਭੈਣਾਂ ਦੇ ਕਾਰਜ ਨੇਪਰੇ ਚਾੜੋ।ਤੇ ਇਹ ਵੀ ਇਸਦੇ ਹੌਸਲੇ ਨਾਲ ਚਿੰਤਾ ਮੁਕਤ ਹੋ ਜਾਂਦੇ।
ਪਰ ਗੱਲ ਤਾਂ ਸਾਰੀ ਇਹਨਾਂ ਦੇ ਜਾਣ ਮਗਰੋਂ ਵਿਗੜੀ।ਹਰ ਇੱਕ ਨੂੰ ਆਜ਼ਾਦੀ ਤਾਂ ਇਹਨਾਂ ਨੇ ਜਿਉਂਦੇ ਜੀ ਹੀ ਦੇ ਦਿੱਤੀ ਸੀ। ਇਹ ਪਰਿਵਾਰਾਂ ਵਾਲੇ ਬਣ ਗਏ। ਤੇ ਭੁੱਲ ਗਏ ਮਾਂ ਪਿਉ ਦੇ ਦੁੱਖਾਂ ਨੂੰ। ਬੱਸ ਇਹਨਾਂ ਨੂੰ ਆਪਣੇ ਬੱਚੇ ਤੇ ਆਪਣੇ ਸਹੁਰੇ ਹੀ ਦਿਸਦੇ ਹਨ।ਭੂਆ ਭੈਣਾਂ ਤਾਂ ਬੋਝ ਲੱਗਣੀਆਂ ਹੀ ਸੀ ਇਹਨਾਂ ਨੂੰ ਤਾਂ ਹੁਣ ਮਾਂ ਵੀ ਬੋਝ ਲੱਗਦੀ ਹੈ। ਮਾਂ ਦੀ ਰੋਟੀ ਹੀ ਪਹਾੜ ਲੱਗਦੀ ਹੈ। ਪੈਸੇ ਦੇ ਹੰਕਾਰ ਨੇ ਇਹਨਾਂ ਦਾ ਦਿਮਾਗ ਹੀ ਹਿਲਾ ਦਿੱਤਾ। ਬਸ ਆਪਣੀ ਕਬੀਲਦਾਰੀ ਵਿੱਚ ਮਸਤ ਹੋਕੇ ਸਭ ਨੂੰ ਭੁੱਲ ਬੈਠੇ ਹਨ।
ਤੁਸੀ ਤਾਂ ਜੀ ਠੀਕ ਹੀ ਕਿਹਾ ਸੀ ਜੀ । ਆਪਾਂ ਨੂੰ ਆਪਣਾ ਪਿੰਡ ਆਲਾ ਘਰ ਨਹੀਂ ਸੀ ਵੇਚਣਾ ਚਾਹੀਦਾ। ਇਹ ਤੁਹਾਨੂੰ ਵੀ ਤਾਂ ਮੋਕੇ ਬੇਮੌਕੇ ਗਰਮ ਬੋਲਦਾ ਸੀ ਤੇ ਤੁਸੀ ਕਹਿੰਦੇ ਸੀ ਕਿ ਆਪਣੇ ਕੋਲ ਆਪਣੀ ਪੈਨਸ਼ਨ ਹੈਗੀ ਫਿਰ ਆਪਾਂ ਕਿਉ ਕਿਸੇ ਦੀ ਕਿੱਚ ਕਿੱਚ ਸਹੀਏ।ਜੇ ਆਪਣੇ ਕੱਚੇ ਕੋਠੇ ਆਪਣੇ ਹੁੰਦੇ ਤਾਂ ਆਪਾਂ ਜੀ ਉਥੇ ਜਾਕੇ ਬੈਠ ਜ਼ਾਂਦੇ।ਫਿਰ ਚਾਹੇ ਧੀ ਮਿਲਣ ਆਉਂਦੀ ਚਾਹੇ ਭੈਣ।
ਪਰ ਜੀ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ ਕਿ ਆਪਣਾ ਸਾਂਝਾ ਮਕਾਨ ਵੇਚਣ ਦੀ ਇੰਨੀ ਕਾਹਲੀ ਕਿਉਂ ਕੀਤੀ? ਤੁਸੀ ਵੀ ਨਾ ਸੋਚਿਆ ਭੋਰਾ ਵੀ। ਅਲਾਦ ਦਾ ਕੀ ਭਰੋਸਾ ਹੁੰਦਾ ਹੈ। ਆਪਣੇ ਬੁਢਾਪੇ ਦਾ ਇੰਤਜ਼ਾਮ ਕਰਕੇ ਰੱਖਣਾ ਚਾਹੀਦਾ ਸੀ। ਪਲਾਂ ਵਿੱਚ ਹੀ ਇੰਨੀਆਂ ਮਿਹਨਤਾ ਨਾਲ ਬਣਾਇਆ ਘਰ ਵੇਚ ਦਿੱਤਾ ਤੇ ਪੈਸੇ ਵੀ ਇੰਨਾ ਨੂੰ ਵੰਡ ਦਿੱਤੇ। ਨਾ ਦੱਸੋ ਪੈਸੇ ਕਿਤੇ ਭੱਜਣ ਲੱਗੇ ਸਨ। ਹੁਣ ਅਗਲੇ ਕੋਠੀਆਂ ਵਾਲੇ ਹੋ ਗਏ ਤੇ ਮੈਂ ਬੇਘਰ ਹੋ ਗਈ।ਮੰਨੋ ਨਾ ਮੰਨੋ ਗਲਤੀ ਤਾਂ ਹੋਈ ਹੈ ਨਹੀਂ ਤਾਂ ਆਹ ਦਿਨ ਨਾ ਦੇਖਣੇ ਪੈਂਦੇ।ਮੈਂ ਕੱਚੇ ਢਾਰਿਆਂ ਵਿੱਚ ਆਪਣਾ ਰੰਡੇਪਾ ਕੱਟ ਲੈਂਦੀ। ਮੈਂ ਮਰ ਕਿਉਂ ਨਾ ਗਈ ਜਦੋਂ ਮੇਰੇ ਸਾਹਮਣੇ ਇਹਨੇ ਇਸ ਘਰ ਜੀ ਜੰਮੀ ਨੂੰ ਐਡੀ ਵੱਡੀ ਗੱਲ ਆਖ ਦਿੱਤੀ।
ਮੈਂ ਤਾਂ ਇੱਕ ਦਿਨ ਵੱਡੇ ਨੂੰ ਗੱਲਾਂ ਗੱਲਾਂ ਵਿੱਚ ਕਹਿ ਦਿੱਤਾ ਸੀ ਕਿ ਭਾਈ ਅਸੀ ਤਾਂ ਆਪਣਾ ਘਰ ਵੇਚ ਕੇ ਗਲਤੀ ਕਰ ਲਈ । ਸਾਡੇ ਤਾਂ ਚਾਰ ਪੁੱਤ ਹਨ, ਸਾਨੂੰ ਇੱਕ ਨਾ ਰੱਖੂ ਦੂਜਾ ਸਹੀ ਦੂਜਾ ਨਹੀਂ ਤੀਜਾ ਚੋਥਾ ਕੋਈ ਤਾਂ ਰੱਖੂ। ਪਰ ਤੁਸੀ ਇਹ ਗਲਤੀ ਨਾ ਕਰਿਉ। ਤੁਹਾਡੇ ਚਾਰਾਂ ਦੇ ਤਾਂ ਇੱਕ ਇੱਕ ਮੁੰਡਾ ਹੈ ਤੇ ਜੇ ਉਸਨੇ ਤੁਹਾਨੂੰ ਬੁਢਾਪੇ ’ਚ ਆਪਣੇ ਕੋਲ ਨਾ ਰੱਖਿਆ ਤਾਂ ਤੁਹਾਡਾ ਕੀ ਬਣੂ।ਇੰਨਾ ਸੁਣ ਕੇ ਵੱਡੇ ਦਾ ਮੂੰਹ ਉੱਤਰ ਗਿਆ ਸੀ ਤੇ ਮਿਣ ਮਿਣ ਕਰਦਾ ਸੀ।
ਵੈਸੇ ਜੀ ਤੁਸੀ ਚੰਗੇ ਨਿੱਕਲ ਗਏ ਜੋ ਇਹਨਾਂ ਤੋਂ ਸਮੇਂ ਨਾਲ ਖਹਿੜਾ ਛੁਡਾ ਗਏ। ਮੈਨੂੰ ਵਿਚਾਲੇ ਛੱਡ ਗਏ ਇਹਨਾਂ ਦੀਆਂ ਬੁਲਬਲੀਆਂ ਸਹਿਣ ਨੂੰ। ਤੁਸੀ ਵੀ ਮੇਰੇ ਨਾਲ ਠੀਕ ਨਹੀਂ ਕੀਤਾ।ਪਰ ਇਹਨਾਂ ਨੂੰ ਖੁੱਲ੍ਹੀਆਂ ਛੂਟਾਂ ਦੇਣ ਵਾਲੇ ਵੀ ਤਾਂ ਤੁਸੀ ਹੀ ਸੀ। ਜੇ ਬਚਪਣ ਤੋਂ ਹੀ ਨਕੇਲ ਪਾਕੇ ਰੱਖੀ ਹੁੰਦੀ ਤਾਂ ਇਹਨਾਂ ਦੀ ਕੀ ਮਜਾਲ ਸੀ ਮੈਨੂੰ ਜਾ ਮੇਰੀ ਧੀ ਨੂੰ ਅਵਾ ਤਵਾ ਬੋਲ ਜਾਂਦੇ।ਹੁਣ ਇਹ ਸਾਨੂੰ ਮੁੱਲ ਦੀ ਰੋਟੀ ਦੇਣ ਤੋਂ ਵੀ ਕੰਨੀ ਕਤਰਾਉਂਦੇ ਹਨ। ਇਹਨਾਂ ਦੀ ਨੀਤ ਤਾਂ ਉਦੋਂ ਹੀ ਦਿਖ ਗਈ ਸੀ, ਜਦੋਂ ਛੋਟਾ ਸਾਨੂੰ ਇਕੱਲਿਆਂ ਨੂੰ ਪਿੰਡ ਛੱਡ ਆਇਆ ਸੀ ਤੇ ਆਪ ਸ਼ਹਿਰ ਮਕਾਨ ਲੈਕੇ ਰਹਿਣ ਲੱਗ ਪਿਆ ਸੀ। ਪਰ ਆਪਾਂ ਉਦੋਂ ਵੀ ਨਹੀਂ ਸਮਝੇ।
ਬੀਜੀ ਉਠੋ ਆਪਾਂ ਸੈਰ ਨੂੰ ਲੇਟ ਹੋ ਗਏ। ਨਾਲੇ ਤੁਸੀ ਕੀ ਬੁੜਬੁੜਾ ਰਹੇ ਸੀ। ਤੁਹਾਡੀ ਤਾਂ ਧੜਕਣ ਬਹੁਤ ਤੇਜ਼ ਹੋਈ ਪਈ ਹੈ। ਵੱਡੇ ਨੇ ਮੈਨੂੰ ਹਲੂਣ ਕੇ ਉਠਾਇਆ। ਪਰ ਉਸਨੂੰ ਕੀ ਦੱਸਾਂ ਮੈਂ ਤੇਰੇ ਹੀ ਦਿੱਤੇ ਦੁੱਖ ਤੇਰੇ ਪਿਤਾ ਜੀ ਕੋਲ ਫਰੋਲਕੇ ਮਨ ਹੋਲਾ ਕਰ ਰਹੀ ਸੀ। ਉਸ ਨੇ ਮੇਰੇ ਸਿਰਹਾਣੇ ਰੱਖਿਆ ਤਾਂਬੇ ਦੇ ਗੜਵੇ ਚ ਰੱਖਿਆ ਪਾਣੀ ਪੀਣ ਨੂੰ ਦਿੱਤਾ । ਤੇ ਮੈਂ ਇੱਕੋ ਸਾਹ ਸਾਰਾ ਪਾਣੀ ਪੀ ਗਈ। ਸੱਚੀ ਸੁਫਨੇ ਵੀ ਕਿੰਨੇ ਅਜੀਬ ਹੁੰਦੇ ਹਨ। ਆਦਮੀ ਨਾਲ ਜੋ ਬੀਤਦੀ ਹੈ, ਜੋ ਉਸ ਦੇ ਦਿਲ ਵਿੱਚ ਹੁੰਦਾ ਹੈ ਤੇ ਜੋ ਉਹ ਬੋਲ ਨਹੀਂ ਸਕਦਾ ਜਾ ਇਉ ਕਹਿ ਲਵੋ ਉਸ ਨੂੰ ਜੋ ਬੋਲਣ ਨਹੀਂ ਦਿੱਤਾ ਜਾਂਦਾ ਉਹੀ ਸੁਫਨੇ ਵਿੱਚ ਬੋਲਕੇ ਆਪਣਾ ਗੁਬਾਰ ਕੱਢ ਲੈਂਦਾ ਹੈ। ਇੱਕ ਵਾਰੀ ਤਾਂ ਮੇਰੇ ਦਿਲ ਵਿੱਚ ਆਇਆ ਕਿ ਸੁਫਨੇ ਵਾਲੀ ਸਾਰੀ ਗੱਲ ਇਸਦੇ ਕੰਨਾਂ ਵਿੱਚਦੀ ਕੱਢ ਦਿਆਂ। ਫਿਰ ਸੋਚਿਆ ਕਾਹਨੂੰ ਮਨਾਂ ਮੂੰਹ ਦਾ ਸਵਾਦ ਖਰਾਬ ਕਰਨਾ ਹੈ, ਜਦੋਂ ਰੋਟੀ ਵੀ ਤਾਂ ਇਥੋ ਹੀ ਖਾਣੀ ਹੈ। ਮੰਨਿਆ ਕਿ ਇਹ ਡਰਾਮੇ ਵੀ ਬਹੁਤ ਕਰਦਾ ਹੈ, ਪਰ ਦੂਜਿਆ ਨਾਲੋ ਫਿਰ ਵੀ ਚੰਗਾ ਹੈ ਰੋ ਪਿੱਟ ਕੇ ਹੀ ਸਹੀ ਪੈਸੇ ਲੈਕੇ ਹੀ ਸਹੀ ਰੋਟੀ ਤਾਂ ਦਿੰਦਾ ਹੈ ਵੇਲੇ ਕੁਵੇਲੇ ਦਵਾਈ ਵੀ ਦਿਵਾਉਂਦਾ ਹੈ । ਅੋੜ੍ਹ ਪੋੜ੍ਹ ਵੀ ਕਰਦਾ ਹੈ। ਉਹ ਤਾਂ ਭੋਰਾ ਪੁੱਛਦੇ ਵੀ ਨਹੀਂ ਕਿ ਬੀਜੀ ਠੀਕ ਹੋ।ਕਦੇ ਰੋਟੀ ਪਾਣੀ ਵੀ ਨਹੀਂ ਪੁੱਛਿਆ। ਗੇੜਾ ਵੀ ਕੰਮ ਜਾ ਮਤਲਬ ਵੇਲੇ ਹੀ ਮਾਰਦੇ ਹਨ। ਮੈਂ ਕੀ ਕਰਨਾ ਉਹਨਾ ਦੀਆਂ ਚਾਰ ਕਨਾਲਾਂ ਵਾਲੀ ਸਰਕਾਰੀ ਕੋਠੀ ਨੂੰ ਜਿੱਥੇ ਮੈਂਨੂੰ ਕਦੇ ਰਾਤ ਕੱਟਣ ਦਾ ਹੁਕਮ ਨਹੀਂ ਹੋਇਆ। ਭਾਵੇਂ ਚਾਰ ਚਾਰ ਨੌਕਰ ਹੋਣ ਉਸਦੇ ਘਰੇ ਮੈਨੂੰ ਕਿਸੇ ਨੇ ਕਦੇ ਪਾਣੀ ਦਾ ਗਿਲਾਸ ਨਹੀਂ ਫੜਾਇਆ।ਭਾਵੇਂ ਕੋਈ ਕਿੰਨਾ ਪੈਸੇ ਵਾਲਾ ਹੀ ਕਿਉਂ ਨਾ ਹੋਵੇ ਕਿੰਨਾ ਵੱਡਾ ਅਫਸਰ ਬਣ ਗਿਆ ਹੋਵੇ। ਮੈਨੂੰ ਕੀ ਭਾਅ।ਮੈਨੂੰ ਤਾਂ ਇਹ ਡਰਾਮੇ ਬਾਜ਼ ਹੀ ਚੰਗਾ ਹੈ । ਸ਼ਰਮੋ ਸ਼ਰਮੀ ਸੰਭਾਲਦਾ ਤਾਂ ਹੈ। ਲੋਕਾਂ ’ਚ ਇੱਜ਼ਤ ਤਾਂ ਬਣੀ ਹੈ ਭੋਰਾ। ਕਿਸੇ ਦੇ ਬੈਠੇ ਤੋਂ ਤਾਂ ਬੇਇੱਜ਼ਤੀ ਨਹੀਂ ਕਰਦਾ। ਨੱਕ ਬੁਲ੍ਹ ਚੜਾ੍ਹਕੇ ਹੀ ਸਹੀ ਦੋ ਟਾਇਮ ਰੋਟੀ ਤਾਂ ਦਿੰਦੀ ਹੈ।ਬੋਲਣ ਦਾ ਹੀ ਕੱਬਾ ਹੈ। ਮੈਂ ਉਠ ਕੇ ਉਸਦੇ ਨਾਲ ਸੈਰ ਲਈ ਤੁਰ ਪੈਂਦੀ ਹਾਂ।ਉਹ ਹੱਥ ਫੜ੍ਹਕੇ ਮੈਨੂੰ ਤੋਰਦਾ ਹੈ। ਨਾਲੇ ਉਹ ਰੋਟੀ ਦਿੰਦਾ ਹੈ ਸੰਭਾਲ ਕਰਦਾ ਹੈ, ਪਰ ਫਿਰ ਵੀ ਉਸੇਦੇ ਖਿਲਾਫ ਸਿ਼ਕਾਇਤਾਂ ਕਰਦੀ ਰਹਿੰਦੀ ਹਾਂ ਤੇ ਜੋ ਸੰਭਾਲ ਨਹੀਂ ਕਰਦੇ। ਕਦੇ ਬਾਤ ਨਹੀਂ ਪੁੱਛਦੇ।ਕਦੇ ਮੇਰੀ ਧੀ ਨੂੰ ਨਹੀਂ ਸੰਭਾਲਦੇ। ਕਿਸੇ ਤਿੱਥ ਤਿਉਹਾਰ ਤੇ ਵੀ ਨਹੀਂ ਸੰਭਾਲਦੇ। ਹੋਰ ਤਾਂ ਹੋਰ ਉਹ ਮਹਾਰਾਣੀ ਤਾਂ ਮੇਰਾ ਹਸਪਤਾਲ ਚ ਪਤਾ ਲੈਣ ਵੀ ਨਹੀਂ ਆਈ ਸੀ। ਅਖੇ ਬੀਜੀ ਮੈਂ ਥੱਕ ਜਾਂਦੀ ਹਾਂ ਨੋਕਰੀ ਤੇ ਹੀ । ਫਿਰ ਵੀ ਮੈਂ ਉਹਨਾ ਨੂੰ ਕੁਝ ਨਹੀਂ ਕਹਿੰਦੀ ।ਕਦੇ ਨਹੀਂ ਕਿਹਾ ਵੇ ਮੈਂ ਸੋਡੀ ਵੀ ਮਾਂ ਹਾਂ । ਤੁਹਾਨੂੰ ਵੀ ਆਪਣੀ ਕੁੱਖ ’ਚੋਂ ਜਨਮ ਦਿੱਤਾ ਹੈ। ਸੱਚੀ ਕਿੰਨੀ ਕਮਲੀ ਹਾਂ ਮੈਂ ।
ਰਮੇਸ਼ ਸੇਠੀ ਬਾਦਲ
ਸੰਪਰਕ: +91 98 766 27 233