ਸਹੁਰਿਆਂ ਦੇ ਘਰ | sahureyan da ghar

ਵਿਆਹ ਤੋਂ ਬੱਤੀ ਸਾਲਾਂ ਬਾਅਦ ਸੁਹਰੇ ਪੱਖ ਵੱਲੋਂ ਕਿਸੇ ਕਰੀਬੀ ਰਿਸ਼ਤੇਦਾਰ ਦੇ ਘਰ ਜਾਣ ਦਾ ਬੇ ਮੌਕਾ ਜਿਹਾ ਸਬੱਬ ਬਣਿਆ। ਵੈਸੇ ਤਾਂ ਮੇਰਾ ਆਧਾਰ ਕਾਰਡ ਵੀ ਨਾਲ ਹੀ ਸੀ ਤੇ ਨਾਲ ਹੀ ਮੇਰਾ ਭਤੀਜਾ ਵੀ। ਅੱਗੇ ਸ਼ਾਬ ਜੀ ਇੱਕਲੇ ਘਰੇ। ਮਕਾਨ ਮਾਲਕਿਨ ਚੰਡੀਗੜ੍ਹ ਮੇਡੀਟੇਸ਼ਨ ਕੈਂਪ ਤੇ ਗਈ ਹੋਈ ਸੀ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀਆਂ ਦੋ ਬਜ਼ੁਰਗ ਭੂਆ ਵੀ ਪੇਕਿਆਂ ਦੇ ਘਰ ਭਤੀਜੇ ਕੋਲ ਪਧਾਰੀਆਂ ਹੋਈਆਂ ਸਨ। ਖੈਰ ਬਿਨਾਂ ਮੱਥੇ ਤੇ ਕੋਈ ਤਿਊੜੀ ਲਿਆਂਦੇ ਬੜੇ ਹੀ ਖੁਸ਼ਨੁਮਾ ਚੇਹਰੇ ਤੇ ਭਰਪੂਰ ਮੁਸਕਾਹਟ ਬਿਖੇੜਦੇ ਹੋਏ ਉਸ ਨੇ ਸਾਡੀ ਆਮਦ ਨੂੰ ਧੰਨ ਧੰਨ ਆਖਿਆ। ਤੇ ਬਾ ਅਦਬ ਡਰਾਇੰਗ ਰੂਮ ਦੇ ਮਖਮਲੀ ਸੋਫ਼ਿਆਂ ਤੇ ਬਿਰਾਜਮਾਨ ਹੋਣ ਦੀ ਗੁਜਾਰਿਸ਼ ਕੀਤੀ। ਸਾਡੀ ਇੱਛਾ ਅਨੁਸਾਰ ਹੀ ਠੰਡਾ ਤੱਤਾ ਮਿੱਠਾ ਨਮਕੀਨ ਵਰਤਾਇਆ ਗਿਆ। ਪ੍ਰੇਮ ਵਸ ਹੀ ਉਸਨੇ ਪਲਾਂ ਵਿਚ ਹੀ ਦੁਪਹਿਰ ਦੇ ਖਾਣੇ ਦਾ ਲਾਜਬਾਬ ਪ੍ਰਬੰਧ ਕਰ ਲਿਆ। ਚੇਹਰੇ ਤੋਂ ਅਪਣੱਤ ਬਿਖਰਦੇ ਨੇ ਧੱਕੇ ਨਾਲ ਭਰ ਪੇਟ ਖਾਣਾ ਖੁਆ ਕਿ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਦਾ ਸਬੂਤ ਦਿੱਤਾ। ਭਤੀਜੀ ਨੇ ਆਪਣੀਆਂ ਭੂਆ ਦੇ ਨਾਲ ਦਿਲ ਖੋਲ੍ਹ ਕੇ ਗੱਲਾਂ ਦਾ ਗੁਭਾਹਟ ਕੱਢ ਕੇ ਖਾਣਾ ਹਾਜ਼ਮ ਕੀਤਾ।
ਧੀਆਂ ਭੈਣਾਂ ਦੀਆਂ ਉਮੀਦਾਂ ਉਮੰਗਾਂ ਰੀਝਾਂ ਤੇ ਖਰਾ ਨਾ ਉਤਰਨ ਵਾਲੇ ਪੇਕਿਆਂ, ਮਾਂ ਪਿਓ ਦੇ ਹੁੰਦਿਆਂ ਪੁਗਾਈਆਂ ਰੀਝਾਂ ਤੇ ਦਿਲ ਖੋਲ੍ਹ ਚਰਚਾ ਹੋਈ। ਅੱਸੀਆਂ ਨੂੰ ਢੁਕੀ ਔਰਤ ਪੇਕਿਆਂ ਤੇ ਮਾਣ ਕਰਦੀ ਹੈ। ਅਤੇ ਪੂਰੇ ਸਤਿਕਾਰ ਦੀ ਚਾਹ ਰੱਖਦੀ ਹੈ। ਪਿਓ ਤੋਂ ਬਾਦ ਭਰਾ ਤੇ ਭਰਾ ਤੋਂ ਬਾਦ ਉਸਨੂੰ ਭਤੀਜਿਆਂ ਤੇ ਮਾਣ ਹੁੰਦਾ ਹੈ। ਉਹ ਅਮੀਰੀ ਗਰੀਬੀ ਦੁਖ ਸੁਖ ਵੇਲੇ ਪੇਕਿਆਂ ਦੀ ਛੱਤਰੀ ਦੀ ਛਾਂ ਲੋਚਦੀ ਹੈ। ਮੋਹ ਦੀਆਂ ਤੰਦਾਂ ਵਿੱਚ ਉਲਝਿਆ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸ਼ਾਮ ਦੇ ਪੰਜ ਵੱਜ ਗਏ। ਗੱਲਾਂ ਦੇ ਗਲੋਟਿਆਂ ਨੂੰ ਵਿਚਾਲੇ ਛੱਡ ਕੇ ਫਟਾਫਟ ਰਵਾਨਗੀ ਪਾਈ। ਆਉਣ ਲਗਿਆ ਨੂੰ ਪੇਕਿਆਂ ਦਾ ਅੰਸ਼ਜ ਆਪਣੀ ਭੈਣ ਨੂੰ ਦੰਦ ਘਿਸਾਈ ਦੇਣਾ ਨਹੀਂ ਭੁਲਿਆ। ਚੁਪ ਕਰਕੇ ਰੱਖ ਲਾ ਕਿਹ ਕੇ ਉਸਨੇ ਗੁਲਾਬੀ ਰੰਗ ਦਾ ਲਿਫ਼ਾਫ਼ਾ ਭੈਣ ਦੇ ਹੱਥ ਜਬਰੀ ਪਕੜਾ ਦਿੱਤਾ। ਜੋ 13 ਜੂਨ 2017 ਦੇ ਯਾਦਗਾਰੀ ਪਲਾਂ ਚ ਸ਼ੁਮਾਰ ਹੋ ਗਿਆ। ਇਸ ਮੌਕੇ ਮੈਂ ਵੀ ਆਪਣੇ ਨਵੀਨਤਮ ਕਹਾਣੀ ਸੰਗ੍ਰਿਹ 149 ਮਾਡਲ ਟਾਊਨ ਦੀ ਪ੍ਰਮੋਸ਼ਨ ਕਰਨਾ ਨਹੀਂ ਭੁਲਿਆ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *