ਮੋਤੀ ਵੀ ਤੁਰ ਗਿਆ | moti vi tur gya

ਮੈਂ ਪੰਜਵੀ ਜਾ ਛੇਵੀਂ ਚ ਪੜ੍ਹਦਾ ਸੀ। ਮੇਰੇ ਪਾਪਾ ਜੀ ਇੱਕ ਕੁੱਤਾ ਲਿਆਏ । ਕਾਲੇ ਰੰਗ ਦਾ ਸੇਰ ਵਰਗਾ ਕੁੱਤਾ। ਉਸ ਸਮੇ ਉਹ ਰੇਲ ਗੱਡੀ ਰਾਹੀ ਆਏ ਤੇ ਉਸ ਦੀ ਬਕਾਇਦਾ ਟਿਕਟ ਵੀ ਲਈ।ਉਹ ਕੁੱਤਾ ਪੂਰਾ ਰੋਬਦਾਰ ਲੱਗਦਾ ਸੀ। ਪਾਪਾ ਜੀ ਦੱਸਦੇ ਸਨ ਕਿ ਇੱਕ ਚੋਧਰੀ ਉਸ ਕੁੱਤੇ ਨੂੰ ਪੰਜਾਹ ਰੁਪਏ ਵਿੱਚ ਖਰੀਦਣ ਨੂੰ ਤਿਆਰ ਹੋ ਗਿਆ ਪਰ ਪਾਪਾ ਜੀ ਨੇ ਨਹੀ ਵੇਚਿਆ।ਉਸ ਸਮੇ ਪੰਜਾਹ ਰੁਪਏ ਦੀ ਕਾਫੀ ਵੁਕਤ ਹੁੰਦੀ ਸੀ। ਪਾਪਾ ਜੀ ਕੁੱਤੇ ਦੀ ਲਈ ਟਿਕਟ ਬਾਰੇ ਤੇ ਉਸ ਦੀ ਪੰਜਾਹ ਰੁਪਏ ਦੀ ਲੱਗੀ ਕੀਮਤ ਬਾਰੇ ਹਰ ਆਏ ਗਏ ਨੂੰ ਦੱਸਦੇ।ਕੁੱਤਾ ਬਹੁਤ ਸਮਝਦਾਰ ਸੀ ਤੇ ਆਗਿਆਕਾਰੀ ਵੀ।ਅਸੀ ਉਸ ਕੁੱਤੇ ਦਾ ਨਾਂ ਬਿੱਲੂ ਰੱਖਿਆ ਕਿਉਂਕਿ ਉਦੋ ਆਹ ਅੰਗ੍ਰੇਜੀ ਨਾਂ ਟਫੀ, ਵਿਸਕੀ ਤੇ ਜੈਕ ਆਦਿ ਰੱਖਣ ਦਾ ਰਿਵਾਜ ਹੀ ਨਹੀ ਸੀ ਤੇ ਅਸੀ ਸੀ ਵੀ ਪੂਰੇ ਪੈਂਡੂ। ਪਰ ਮਾੜੀ ਕਿਸਮਤ ਕੋਈ ਬਿੱਲੂ ਨੂੰ ਵਰਗਲਾ ਕੇ ਲੈ ਗਿਆ । ਅਸੀ ਉਸ ਦੀ ਬਹੁਤ ਭਾਲ ਕੀਤੀ। ਆਪਣੇ ਪਿੰਡ ਤੋਂ ਇਲਾਵਾ ਨਾਲ ਦੇ ਪਿੰਡਾਂ ਚ ਗੁਰੂਦਵਾਰੇ ਦੇ ਸਪੀਕਰ ਤੇ ਵੀ ਬੁਲਵਾਇਆ। ਸੂਚਨਾਂ ਦੇਣ ਵਾਲੇ ਲਈ ਯੋਗ ਇਨਾਮ ਦੀ ਪੇਸਕਸ ਵੀ ਕੀਤੀ ।ਪਰ ਕੋਈ ਫਲ ਨਾ ਮਿਲਿਆ। ਬਿੱਲੂ ਦੀ ਗੁੰਮਸੁਦੀ ਨੇ ਸਾਨੂੰ ਬਹੁਤ ਪ੍ਰੇਸਾਨ ਕੀਤਾ। ਪੰਦਰਾਂ ਵੀਹ ਦਿਨ ਅਸੀ ਲਗਾਤਾਰ ਉਸ ਦੀ ਭਾਲ ਕਰਦੇ ਰਹੇ।
ਇੱਕ ਦਿਨ ਸਾਡੇ ਪਿੰਡ ਖਾਨਾ ਬਦੋਸ ਲੋਕ ਆਕੇ ਠਹਿਰੇ। ਉਹ ਲੋਕ ਬੱਠਲਾਂ ਦੇ ਥੱਲੇ ਲਾਉਣ, ਕੜਾਹੀਆਂ ਬਣਾਉਣ, ਬਾਲਟੀਆਂ ਦੇ ਕੜੇ ਲਾਉਣ ਤੇ ਖੁਰਚਣੇ, ਝਾਰਣੀਆ ਵੇਚਣ ਦਾ ਕੰਮ ਕਰਦੇ ਸੀ ।ਉਹਨਾ ਦੀਆਂ ਜਨਾਨੀਆਂ ਨਾਲੇ ਇਹ ਸਮਾਨ ਵੇਚਣ ਦਾ ਹੋਕਾ ਦਿੰਦੀਆ ਤੇ ਨਾਲੇ ਲੋਕਾਂ ਘਰੋਂ ਰੋਟੀ ਲੱਸੀ ਮੰਗ ਕੇ ਲੈ ਜਾਂਦੀਆ। ਉਹਨਾਂ ਦੀ ਮਾੜੀ ਕਿਸਮਤ ਕਿ ਉਹਨਾਂ ਦਾ ਇੱਕ ਚਿੱਟੇ ਰੰਗ ਦਾ ਕੁੱਤਾ ਸਾਡੇ ਘਰੇ ਵੜ੍ਹ ਗਿਆ ਤੇ ਅਸੀ ਉਸ ਨੂੰ ਰੋਟੀ ਪਾ ਦਿੱਤੀ ਤੇ ਲੰਬੀ ਸੋਚ ਤੇ ਘਰ ਦਾ ਵੱਡਾ ਬੂਹਾ ਭੇੜ ਦਿੱਤਾ। ਮੁਕਦੀ ਗੱਲ ਵੀ ਅਸੀ ਕਾਮਜਾਬ ਹੋ ਗਏ ਆਪਣੇ ਮਨੋਰਥ ਚ। ਤੇ ਕੁੱਤਾ ਸਾਡਾ ਹੀ ਹੋ ਗਿਆ। ਸਾਨੂੰ ਪਤਾ ਲੱਗਿਆ ਉਹਨਾਂ ਨੇ ਕੁੱਤੇ ਦੀ ਬਹੁਤ ਭਾਲ ਕੀਤੀ ਪਰ ਅਸੀ ਵੀ ਪੱਕੇ ਖਿਡਾਰੀ ਸੀ ਤੇ ਕੁੱਤੇ ਨੂੰ ਰੋਟੀ ਦੇ ਨਾਲ ਨਾਲ ਦੁੱਧ ਦਾ ਪਲਾ ਵੀ ਪਾਉਣ ਲੱਗ ਪਏ। ਅਸੀ ਉਸ ਦਾ ਨਾਂ ਮੋਤੀ ਰੱਖਿਆ।ਮੋਤੀ ਬਹੁਤ ਹੀ ਸਮਝਦਾਰ ਸੀ। ਉਹ ਦਿਨ ਵਿੱਚ ਸਿਰਫ ਦੋ ਵਾਰੀ ਹੀ ਰੋਟੀ ਖਾਂਦਾ। ਮੰਗਲਵਾਰ ਨੂੰ ਸਵੇਰੇ ਰੋਟੀ ਨਾ ਖਾਂਦਾ। ਬਲਕਿ ਰੋਟੀ ਮੂੰਹ ਨਾਲ ਚੁੱਕ ਕੇ ਮਿੱਟੀ ਚ ਦੱਬ ਦਿੰਦਾ। ਕਈ ਲੋਕ ਕਹਿੰਦੇ ਇਹ ਮੰਗਲਵਾਰ ਦਾ ਵਰਤ ਰੱਖਦਾ ਹੈ। ਅਸੀ ਹਰ ਮੰਗਲਵਾਰ ਨੂੰ ਅਜੇਹਾ ਕਰਦੇ ਦੇਖਦੇ ਪਰ ਮੈਂਨੂੰ ਫਿਰ ਵੀ ਯਕੀਨ ਨਾ ਆਉਂਦਾ। ਹਰ ਅਜਨਬੀ ਘਰੇ ਆਏ ਨੂੰ ਵੇਖ ਕੇ ਭੋਂਕਦਾ ਪਰ ਵੱਢਦਾ ਨਹੀ ਸੀ। ਅਸੀ ਕਈ ਵਾਰੀ ਉਹਨੂੰ ਪਰਖਣ ਦੇ ਮਾਰੇ ਦੋਨੋ ਭਰਾ ਮੇਰੇ ਚਾਚੇ ਦੇ ਲੜਕੇ ਪੱਪੀ ਤੇ ਛਿੰਦੇ ਨਾਲ ਐਂਵੇ ਐਂਵੇ ਜਿਹੇ ਲੜਾਈ ਕਰਦੇ ਤੇ ਮੋਤੀ ਸਾਡੀ ਵਾਰ ਕਰਾਉਂਦਾ।ਤੇ ਉਹਨਾ ਦੋਹਾਂ ਭਰਾਵਾਂ ਤੇ ਹੀ ਭੋਂਕਦਾ।
ਜਦੋ ਮੈਂ ਛੱਪੜ ਤੇ ਮੱਝਾ ਨਹਾਉਣ ਜਾਂਦਾ ਤੇ ਮੋਤੀ ਮੇਰੇ ਨਾਲ ਜਾਂਦਾ। ਜਦੋ ਮੈa ਆਪਣੀਆਂ ਮੱਝਾਂ ਛੱਪੜ ਤੋ ਬਾਹਰ ਕੱਢਣ ਲਈ ਮੱਝਾਂ ਨੂੰ ਡਲੇ ਮਾਰਦਾ ਤਾਂ ਮੋਤੀ ਛੱਪੜ ਵਿੱਚ ਵੱੜ ਜਾਂਦਾ ਤੇ ਮੱਝਾਂ ਨੂੰ ਬਾਹਰ ਕੱਢ ਲਿਆਉਂਦਾ। ਇਸੇ ਤਰ੍ਹਾਂ ਇੱਕ ਦਿਨ ਜਦੋਂ ਮੈਂ ਪਿੰਡ ਦੇ ਨਾਲ ਤੇ ਸਾਡੇ ਖੇਤਾਂ ਕੋਲ ਵੱਗਦੀ ਕੱਸੀ ਤੇ ਮੱਝਾਂ ਨਹਾਉਣ ਲਈ ਗਿਆ ਤਾਂ ਮੋਤੀ ਨੂੰ ਵੀ ਨਾਲ ਹੇ ਗਿਆ ਰੋਜ ਦੀ ਤਰ੍ਹਾਂ। ਪਰ ਵਾਪਿਸੀ ਤੇ ਮੋਤੀ ਮੇਰੇ ਨਾਲ ਨਹੀ ਸੀ। ਮੇਰੀ ਮਾਂ ਨੇ ਮੈਨੂੰ ਮੋਤੀ ਬਾਰੇ ਪੁਛਿਆ। ਪਰ ਮੈਨੂੰ ਮੋਤੀ ਦਾ ਖਿਆਲ ਹੀ ਨਹੀ ਸੀ। ਮੇਰੀ ਮਾਂ ਮੈਨੂੰ ਵਾਪਿਸ ਕੱਸੀ ਤੇ ਜਾ ਕੇ ਮੋਤੀ ਦਾ ਪਤਾ ਲਿਆਉਣ ਲਈ ਆਖਦੀ ਰਹੀ ਪਰ ਮੈਂ ਏਨੀ ਧੁੱਪ ਵਿੱਚ ਨਹੀ ਸੀ ਜਾਣਾ ਚਾਹੁੰਦਾ। ਪਰ ਕੁੱਟ ਤੋਂ ਡਰਦੇ ਨੂੰ ਮੈਨੂੰ ਸਿਖਰ ਦੁਪਿਹਰੇ ਜਾਣਾ ਹੀ ਪਿਆ।ਪਰ ਜਦੋਂ ਮੈਂ ਪਿੰਡ ਆਲੀ ਸੜ੍ਹਕ ਤੇ ਜਾਕੇ ਦੇਖਿਆ ਤਾਂ ਮੋਤੀ ਸੜ੍ਹਕ ਦੇ ਵਿਚਾਲੇ ਮਰਿਆ ਪਿਆ ਸੀ। ਕਿਉਂਕਿ ਉਸ ਦਿਨ ਪਿੰਡ ਵਿੱਚ ਕੁੱਤੇ ਮਾਰਣ ਵਾਲੇ ਸਰਕਾਰੀ ਮੁਲਾਜਮ ਆਏ ਸੀ। ਹੁਣ ਮੇਰੇ ਲਈ ਘਰੇ ਜਾ ਕੇ ਸਚਾਈ ਦੱਸਣੀ ਬਹੁਤ ਮੁਸਕਲ ਸੀ। ਬਾਦ ਵਿੱਚ ਮੇਰੀ ਮਾਂ ਦੇ ਜੋਰ ਪਾਉਣ ਤੇ ਮੈਨੂੰ ਸਚਾਈ ਦੱਸਣੀ ਪਈ ਤੇ ਨਾਲ ਹੀ ਮੇਰੀ ਛਿੱਤਰ ਪਰੇਡ ਵੀ ਸੁਰੂ ਹੋ ਗਈ। ਮੇਰੀ ਮਾਂ ਨੇ ਮੈਨੂੰ ਗਾਲ੍ਹਾ ਕੱਢ ਕੱਢ ਕੇ ਕੁੱਟਿਆ। ਕਿਉਂਕਿ ਸਾਰੀ ਗਲਤੀ ਮੇਰੀ ਹੀ ਸੀ। ਉਸ ਦਿਨ ਸਾਡੇ ਘਰੇ ਰਾਤ ਦੀ ਰੋਟੀ ਨਹੀ ਪੱਕੀ। ਮੋਤੀ ਬਿਨਾਂ ਸਾਡਾ ਪਰਵਾਰ ਅਧੂਰਾ ਜਿਹਾ ਹੋ ਗਿਆ ਸੀ। ਅੱਜ ਵੀ ਜਦੋ ਕਿਸੇ ਚਿੱਟੇ ਕੁੱਤੇ ਨੂੰ ਦੇਖਦਾ ਹਾਂ ਤਾਂ ਮੈਨੂੰ ਮੋਤੀ ਦੀ ਯਾਦ ਤਾਜਾ ਹੋ ਜਾਂਦੀ ਹੈ।
ਰਮੇਸ ਸੇਠੀ ਬਾਦਲ
ਮੋ 98766 27 233

Leave a Reply

Your email address will not be published. Required fields are marked *