ਪਿਤਾ ਦਿਵਸ ਤੇ ਪਾਪਾ ਜੀ ਨੂੰ ਸਮਰਪਿਤ। ਜ਼ੀਰੋ ਤੋਂ ਜਿੰਦਗੀ ਸ਼ੁਰੂ ਕਰਨ ਵਾਲੇ। ਪਿਆਰੇ ਪਾਪਾ ਜੀਓ। ਮਾਂ ਦੀ ਬੁੱਕਲ ਦੀ ਨਿੱਘ ਤੋੰ ਵਾਂਝੇ ਭੂਆ ਭੈਣਾਂ ਦੀਆਂ ਝਿੜਕਾਂ ਖਾ ਕੇ ਮੀਟ੍ਰਿਕ ਪ੍ਰਭਾਕਰ ਕਰਕੇ ਨੌਕਰੀ
ਪਟਵਾਰੀ ਕਨੂੰਗੋਈ ਤੇ ਤਹਿਸੀਲ ਦਾਰੀ। ਜਿਹੇ ਮੁਕਾਮ ਹਾਸਿਲ ਕਰਨਾ। ਤੁਹਾਡੀ ਹਿੰਮਤ ਹੌਸਲੇ ਮੇਹਨਤ ਲਗਨ ਦਾ ਨਤੀਜਾ ਹੀ ਸੀ। ਬਚਪਨ ਦੀਆਂ ਤੰਗੀਆਂ ਤੁਰਸ਼ੀਆਂ ਦਾ ਦਰਦ ਆਪਣੀ ਔਲਾਦ ਨੂੰ ਨਾ ਹੋਣ ਦੇਣਾ। ਤੁਹਾਡਾ ਸਬਰ ਹੀ ਸੀ। ਮੁੱਲ ਦੇ ਗੰਨੇ ਨੂੰ ਤਰਸਣਾ। ਸਬੁਣ ਤੇਲ ਪਜਾਮੇ ਦੀ ਭੁੱਖ। ਤੁਹਾਡਾ ਪੈਦਲ ਤੋਂ ਸਾਈਕਲ ਸਕੂਟਰ ਤੇ ਕਾਰ ਤੱਕ ਪਹੁੰਚਣਾ, ਲਗਨ ਤੇ ਹਿੰਮਤ ਹੀ ਸੀ। ਧੀ ਭੈਣਾਂ ਭੂਆ ਤੇ ਅੱਗੇ ਬਾਪ ਦੀ ਭੂਆ ਦੀ ਸੰਭਾਲ। ਪਤਾ ਨਹੀਂ ਇਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ। ਤੁਸੀਂ ਕਿਥੋਂ ਸਿੱਖਿਆ ਸੀ। ਪੰਜ ਸਾਲੇ ਚਾਰ ਸਾਲੀਆਂ ਦਾ ਵਰਤ ਵਰਤੇਵਾ। ਗਿਲੇ ਸ਼ਿਕਵੇ ਗੁੱਸੇ ਗਿੱਲੇ ਪਰ ਫਿਰ ਵੀ ਸਭ ਦਾ ਮਾਣ।
ਇਹੀ ਤੁਹਾਡੀ ਲਿਆਕਤ ਹਲੀਮੀ ਹੀ ਸੀ।ਹਰ ਰਿਸ਼ਤੇਦਾਰ ਕਰੀਬੀ ਦੀ ਮਾਇਕ ਸਹਾਇਤਾ।ਕਿਸੇ ਲਈ ਘਰ ਕਿਸੇ ਲਈ ਦੁਕਾਨ ਲੈਣ ਦੀ ਹੱਲਾ ਸ਼ੇਰੀ। ਗਰੀਬ ਦਾ ਮਾਣ ਵੱਡਿਆਂ ਦਾ ਸਤਿਕਾਰ ਵਰਗੇ ਗੁਣ।
ਸਭ ਤੁਹਾਡੇ ਵਿਚ ਸਨ। ਹਾਂ ਵੱਡੇ ਨੋਡੀ ਖ਼ਾਹਾਂ ਦੀ ਪਰਵਾਹ ਨਾ ਕਰਨਾ। ਮੂੰਹ ਤੇ ਹੀ ਸੱਚ ਵਗਾਹ ਕੇ ਮਾਰਨਾ। ਇਹ ਗੁਣ ਸਨ ਕਿ ਔਗੁਣ ਸਮਝ ਨਹੀਂ ਆਈ। ਫਿਰ ਵੀ ਅਫਸੋਸ ਹੁੰਦਾ ਹੈ ਮੈਨੂੰ।
ਤੁਹਾਡਾ ਕੋਈ ਗੁਣ ਨਾ ਗ੍ਰਹਿਣ ਕਰ ਸਕਿਆ। ਤੁਹਾਡੇ ਵਰਗਾ ਤਾਂ ਕੀ ਬਸ ਤੁਹਾਡੇ ਨਾਮ ਤੁਹਾਡੀ ਸ਼ਾਨ ਤੇ ਤੁਹਾਡੇ ਰੁਤਬੇ ਦੀ ਛਾਂ ਹੇਠ ਹੀ ਜੀਅ ਰਿਹਾ ਹਾਂ।