#ਇਹੋ_ਜਿਹਾ_ਹੀ_ਹੋਊ_ਕੈਨੇਡਾ।
ਸ਼ਹਿਰਾਂ ਵਿੱਚ ਬਣੀਆਂ ਅਪਰੂਵਡ ਕਲੋਨੀਆਂ ਦਾ ਮਾਹੌਲ ਆਮ ਮੋਹੱਲਿਆਂ, ਕਲੋਨੀਆਂ, ਬਸਤੀਆਂ ਨਾਲੋਂ ਵੱਖਰਾ ਹੁੰਦਾ ਹੈ। ਬਾਹਰਲੇ ਮੁਲਕਾਂ ਵਰਗਾ। ਪਿਛਲੇ ਲਗਭਗ ਇੱਕ ਸਾਲ ਤੋਂ ਬਠਿੰਡਾ ਦੀ ਸ਼ੀਸ਼ ਮਹਿਲ ਕਲੋਨੀ ਚ ਮੇਰਾ ਆਸ਼ਰਮ ਹੈ। ਬਠਿੰਡਾ ਵਿੱਚ ਹੀ ਇਸ ਤਰਾਂ ਦੀਆਂ ਕਈ ਹੋਰ ਵੀ ਪੋਸ਼ ਕਲੋਨੀਆਂ ਹਨ। ਇਥੋਂ ਦੇ ਲੋਕ ਸਭ ਤੋਂ ਪਹਿਲਾਂ ਇੱਕ ਦੂਜੇ ਨੂੰ ਕੋਠੀ ਨੰਬਰ ਪੁੱਛਦੇ ਹਨ। ਜਾਤ, ਬਰਾਦਰੀ, ਭਾਈਚਾਰੇ, ਧਰਮ ਦਾ ਕੋਈ ਜਿਕਰ ਨਹੀਂ ਹੁੰਦਾ। ਇਹਨਾਂ ਕਲੋਨੀਆਂ ਦੇ ਬਹੁਤੇ ਵਸਨੀਕ ਵੱਡੇ ਅਫਸਰ, ਵਿਉਪਾਰੀ ਹੀ ਹੁੰਦੇ ਹਨ। ਯ ਚੰਗੇ ਜਿਮੀਦਾਰ ਜੋ ਜਮੀਨ ਠੇਕੇ ਤੇ ਦੇਕੇ ਬੱਚੇ ਪੜ੍ਹਾਉਣ ਦੇ ਬਹਾਨੇ ਰਹਿੰਦੇ ਹਨ। ਕਈਆਂ ਦੇ ਜੁਆਕ ਸੱਤ ਸਮੁੰਦਰੋਂ ਪਾਰ ਰਹਿੰਦੇ ਹਨ। ਬਹੁਤੇ ਦਿਨੇ ਆਪਣੇ ਕੰਮ ਤੇ ਰਹਿੰਦੇ ਹਨ ਤੇ ਸ਼ਾਮੀ ਅਕਸਰ ਹਾਫ ਪੈਂਟ ਪਾਕੇ ਮੀਆਂ ਬੀਵੀ ਸੈਰ ਕਰਦੇ ਨਜ਼ਰ ਆਉਂਦੇ ਹਨ। ਹਰ ਕੋਠੀ ਮੂਹਰੇ ਦੋ ਯ ਤਿੰਨ ਕਾਰਾਂ ਖੜੀਆਂ ਨਜ਼ਰ ਆਉਂਦੀਆਂ ਹਨ। ਹਰ ਜੀਅ ਦੀ ਆਪਣੀ ਕਾਰ।ਸ਼ਾਹੀ ਲੋਕ ਪਰ ਦਿਲ ਦੇ ਕੰਗਾਲ। ਇਕ ਦੂਜੇ ਨਾਲ ਬੋਲਣ ਤੋਂ ਵਾਂਝੇ। ਘਰਾਂ ਵਿੱਚ ਬਜ਼ੁਰਗ ਯ ਸੇਵਾਮੁਕਤ ਮਾਪੇ ਹੁੰਦੇ ਹਨ ਜੋ ਕੈਨੇਡਾ ਵਾੰਗੂ ਸਿਫ਼ਟਾਂ ਤੇ ਨਹੀਂ ਜਾਂਦੇ ਨਾ ਬਾਗਾਂ ਵਿਚੋਂ ਬੇਰ ਯ ਸਟਾਬਰੀ ਤੋੜਨ ਜਾਂਦੇ ਹਨ। ਉਹ ਅਕਸਰ ਘਰ ਅੰਦਰਲੀ ਮਿੱਠੀ ਜੇਲ ਦੇ ਕੈਦੀ ਹੁੰਦੇ ਹਨ। ਘੜੀ ਪਲ ਪਾਰਕ ਦਾ ਗੇੜਾ ਲਾਉਂਦੇ ਹਨ ਤੇ ਫਿਰ ਉਸੇ ਜੇਲ ਵਿੱਚ ਘੜੀ ਦੀਆਂ ਸੂਈਆਂ ਵੇਖਦੇ ਹਨ। ਕਈ ਬਜ਼ੁਰਗ ਸਿਰਫ ਆਪਣੇ ਪੋਤੇ ਪੋਤੀਆਂ ਨੂੰ ਕਲੋਨੀ ਵਿੱਚ ਆਉਂਦੀ ਕਿਸੇ ਸਕੂਲ ਦੀ ਬੱਸ ਵਿੱਚ ਸਵੇਰੇ ਚੜਾਉਣ ਤੇ ਦੁਪਹਿਰੇ ਲੈਣ ਆਉਣ ਦੀ ਹੀ ਡਿਊਟੀ ਕਰਦੇ ਹਨ। ਇੱਥੇ ਹਰ ਘਰ ਵਿੱਚ ਦੋ ਯ ਤਿੰਨ ਕੰਮ ਵਾਲੀਆਂ ਲੱਗੀਆਂ ਹੋਈਆਂ ਹਨ ਜੋ ਅਕਸਰ ਐਕਟਿਵਾ ਯ ਸਾਈਕਲ ਤੇ ਆਉਂਦੀਆਂ ਹਨ। ਇਹ ਕੰਮ ਵਾਲੀਆਂ ਵੀ ਪੂਰਾ ਲਿਸ਼ਕ ਪੁਸ਼ਕਕੇ ਡਿਊਟੀ ਤੇ ਆਉਂਦੀਆਂ ਹਨ। ਕੂਕਿੰਗ ਸਫ਼ਾਈ ਝਾੜੂ ਪੋਚਾ ਯ ਫ਼ੁੱਲ ਟਾਈਮ। ਬਹੁਤੀਆਂ ਸਵੇਰੇ ਅੱਠ ਵਜੇ ਤੇ ਸ਼ਾਮੀ ਸੱਤ ਕੁ ਵਜੇ ਇਹ ਗਿਣਵੀਆਂ ਰੋਟੀਆਂ ਪਕਾਕੇ ਆਪਣੀ ਡਿਊਟੀ ਤੋਂ ਫਾਰਿਗ ਹੋ ਜਾਂਦੀਆਂ ਹਨ। ਇਸ ਤਰਾਂ ਨਾਲ ਬਹੁਤੇ ਬਜ਼ੁਰਗ ਇਹਨਾਂ ਦੇ ਦਿੱਤੇ ਸਮੇਂ ਤੇ ਬਿਨਾਂ ਭੁੱਖ ਤੋਂ ਹੀ ਗਰਮ ਗਰਮ ਲੰਚ ਡਿਨਰ ਕਰਦੇ ਹਨ। ਕਿਸੇ ਪਾਰਕ ਦੀ ਨੁਕਰੇ ਬੈਠੇ ਇਹ ਬਜ਼ੁਰਗ ਆਪਣੀ ਰੋਟੀ ਅਤੇ ਔਲਾਦ ਦੇ ਵਤੀਰੇ ਨੂੰ ਲ਼ੈਕੇ ਘੁਸ਼ਰ ਮੁਸ਼ਰ ਕਰਦੇ ਦੇਖੇ ਜਾ ਸਕਦੇ ਹਨ। ਇਹ ਆਪਣੇ ਪਰਿਵਾਰ ਤੋਂ ਹੀ ਨਹੀਂ ਇਹਨਾਂ ਕੰਮ ਵਾਲੀਆਂ ਤੋਂ ਵੀ ਸਤਾਏ ਹੋਏ ਹੁੰਦੇ ਹਨ। ਵਿਦੇਸ਼ਾਂ ਵਾੰਗੂ ਇਹ ਵੀ ਆਪਣੇ ਕਿੱਲੇ ਤੇ ਬੱਝੇ ਮਜਬੂਰ ਜਿਹੇ ਹੁੰਦੇ ਹਨ।
ਇਹਨਾਂ ਕਲੋਨੀਆਂ ਦੀਆਂ ਬਹੁਤੀਆਂ ਔਰਤਾਂ ਕਾਮਕਾਜੀ ਹੀ ਹੁੰਦੀਆਂ ਹਨ। ਪਰ ਫਿਰ ਵੀ ਉਹ ਸਮਾਂ ਕੱਢ ਕੇ ਕਿੱਟੀ ਯ ਯੋਗਾ ਕਰਕੇ ਆਪਣਾ ਮਨੋਰੰਜਨ ਕਰਦੀਆਂ ਦੇਖੀਆਂ ਜਾਂਦੀਆਂ ਹਨ।
ਇਹਨਾਂ ਪੋਸ਼ ਕਲੋਨੀਆਂ ਵਿੱਚ ਆਪਣੀਆਂ ਮੰਡੀਆਂ ਵਾੰਗੂ ਬਾਣੀਆਂ ਦੀ ਗਲੀ, ਸੁਨਿਆਰਿਆਂ ਦੀ ਗਲੀ, ਦਰਜ਼ੀਆਂ ਦਾ ਮਹੱਲਾ ਵਗੈਰਾ ਨਹੀਂ ਹੁੰਦੇ। ਤਰਾਂ ਤਰਾਂ ਦੇ ਲੋਕ ਵੱਸਦੇ ਹਨ। ਕਿਸੇ ਦਾ ਕੋਈਂ ਪਿਛੋਕੜ ਨਹੀਂ ਪੁੱਛਦਾ ਨਾ ਕੋਈਂ ਬਰਾਦਰੀ ਪੁੱਛੇ। ਜੇ ਕੋਈਂ ਜੱਜ ਹੈ ਤਾਂ ਉਹ ਵੀ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ। ਇਸੇ ਤਰਾਂ ਕੋਈਂ ਡਾਕਟਰ ਟੇ ਕੋਈਂ ਪ੍ਰਿੰਸੀਪਲ।
ਇੱਥੇ ਗੁਆਂਢੀ ਆਪਣੇ ਗੁਆਂਢੀ ਨੂੰ ਨਹੀਂ ਜਾਣਦਾ। ਬੱਸ ਕਦੇ ਕਦੇ ਦੂਆ ਸਲਾਮ ਹੁੰਦੀ ਹੈ। ਹਾਂ ਇਹ ਪਤਾ ਹੁੰਦਾ ਹੈ ਕਿ ਗਿਆਰਾਂ ਨੰਬਰ ਨਾਲਦੀ ਕੋਠੀ ਬਾਰਾਂ ਨੰਬਰ ਹੈ ਤੇ ਪਹਿਲੀ ਦਸ ਨੰਬਰ।
ਹਾਂ ਇਹਨਾਂ ਪੋਸ਼ ਕਲੋਨੀਆਂ ਵਿੱਚ ਕੈਨੇਡਾ ਵਾੰਗੂ ਬੇਸਮੈਂਟ ਨਹੀਂ ਹੁੰਦੇ। ਨਾ ਬਰਫ ਹੁੰਦੀ ਹੈ।ਪ੍ਰੰਤੂ ਇੱਥੇ ਰਿਸ਼ਤੇ ਜਰੂਰ ਬਰਫ ਵਰਗੇ ਠੰਡੇ ਹੁੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ