ਜੀ ਤੁਸੀਂ ਹੁਣ ਰਿਟਾਇਰ ਹੋ ਗਏ। ਹੁਣ ਕਾਰ ਜੀਪ ਨਾ ਚਲਾਇਆ ਕਰੋ। ਕੋਈ ਹਾਦਸਾ ਨਾ ਹੋਜੇ।
ਅੰਟੀ ਨੇ ਡਰਦੀ ਹੋਈ ਨੇ ਅੰਕਲ ਯਸ਼ਪਾਲ ਐਂਗਰਿਸ਼ ਨੂੰ ਕਿਹਾ। ਅੰਕਲ ਹਾਲ ਹੀ ਵਿੱਚ ਸਿੰਚਾਈ ਵਿਭਾਗ ਤੋਂ ਐਸ ਡੀ ਓੰ ਦੀ ਪੋਸਟ ਤੋਂ ਰਿਟਾਇਰ ਹੋਏ ਸਨ। ਪਰ ਅੰਕਲ ਤਾਂ ਬਹੁਤ ਸਾਲਾਂ ਤੋਂ ਕਾਰ ਜੀਪ ਚਲਾਉਂਦੇ ਆ ਰਹੇ ਸੀ। ਉਦੋਂ ਉਹ ਜੇ ਈ ਸ਼ਨ ਤੇ ਵਿਭਾਗ ਦੀ ਜੀਪ ਆਮ ਹੀ ਚਲਾਉਂਦੇ ਸਨ । ਫਿਰ ਆਪਣੀ ਕਾਰ ਲੈ ਲਈ। ਬਹੁਤ ਸਾਲ ਚਲਾਈ। ਹੁਣ ਅੰਕਲ ਦੀ ਉਮਰ ਵੇਖਕੇ ਅੰਟੀ ਡਰ ਰਹੀ ਸੀ। ਅੰਕਲ ਸੱਠਾਂ ਨੂੰ ਢੁੱਕ ਚੁੱਕੇ ਸਨ। ਆਗਿਆਕਾਰ ਅੰਕਲ ਪ੍ਰੇਸ਼ਾਨ ਹੋ ਗਏ। ਪਤਨੀ ਦਾ ਕਹਿਣਾ ਵੀ ਨਹੀਂ ਸੀ ਉਲਟਾ ਸਕਦੇ ਤੇ ਆਪਣੇ ਵਿਸ਼ਵਾਸ ਤੇ ਹੌਸਲੇ ਨੂੰ ਟੁੱਟਦਾ ਵੀ ਨਹੀਂ ਸੀ ਵੇਖ ਸਕਦੇ। ਉਸ ਦਿਨ ਮੈਂ ਅੰਕਲ ਨੂੰ ਸਰਸੇ ਓਹਨਾ ਦੇ ਰੇਲਵੇ ਫਾਟਕ ਨੇੜੇ ਆਵਾਸ ਤੇ ਮਿਲਣ ਗਿਆ। ਅੰਕਲ ਨੇ ਮੇਰੇ ਕੋਲ ਝੋਰਾ ਕੀਤਾ। ਅੰਕਲ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਸਨ।
ਆਹ ਤਾਂ ਗੱਲ ਜਚੀ ਨਹੀਂ ਅੰਕਲ। ਪਰ ਮੇਰੇ ਪਾਪਾ ਜੀ ਨੇ ਤਾਂ ਰਿਟਾਇਰਮੈਂਟ ਤੋਂ ਬਾਦ ਕਾਰ ਚਲਾਉਣੀ ਸਿੱਖੀ ਹੈ। ਇੰਡੀਕ਼ਾ ਕਾਰ ਹੈ ਓਹਨਾ ਕੋਲ ਹਰੇ ਰੰਗ ਦੀ। ਮੈਂ ਕਿਹਾ।
ਸੱਚੀ। ਸੁਣਕੇ ਅੰਕਲ ਅੰਟੀ ਦਾ ਮੂੰਹ ਟੱਡਿਆ ਹੀ ਰਹਿ ਗਿਆ। ਗੱਲ ਵੀ ਸ਼ਹੀ ਸੀ ਮਈ 1998 ਵਿੱਚ ਪਾਪਾ ਜੀ ਨਾਇਬ ਤਹਿਸੀਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਤੇ ਜੂਨ ਵਿਚ ਹੀ ਕਾਰ ਚਲਾਉਣੀ ਸਿੱਖਣ ਲੱਗ ਪਏ। ਕਿਉਂਕਿ ਨੌਕਰੀ ਦੌਰਾਨ ਓਹਨਾ ਕੋਲੇ ਕਾਰ ਸਿੱਖਣ ਦਾ ਟਾਈਮ ਹੀ ਨਹੀਂ ਸੀ। ਪੰਦਰਾਂ ਦਿਨਾਂ ਵਿੱਚ ਇਹ ਵਧੀਆ ਡਰਾਈਵਰ ਬਣ ਗਏ ਸਨ।
ਜਦੋਂ ਅੰਕਲ ਅੰਟੀ ਨੂੰ ਮੈਂ ਸਾਰੀ ਗੱਲ ਵਿਸਥਾਰ ਨਾਲ ਦੱਸੀ ਤਾਂ ਅੰਟੀ ਨੂੰ ਵੀ ਹੌਸਲਾ ਹੋ ਗਿਆ। ਫਿਰ ਅੰਕਲ ਆਪਣੇ ਅੰਤਿਮ ਸਮੇ ਤੱਕ ਆਪਣੀ ਕਾਰ ਖੁਦ ਚਲਾਉਂਦੇ ਰਹੇ। ਕਿਸੇ ਨੂੰ ਹੌਸਲਾ ਦੇਣ ਨਾਲ ਉਸਦੀ ਤਾਕਤ ਦੁੱਗਣੀ ਹੋ ਜਾਂਦੀ ਹੈ।
#ਰਮੇਸ਼ਸੇਠੀਬਾਦਲ