ਪੁਰਾਣੀ ਗੱਲ ਏ..ਪਿਤਾ ਜੀ ਦੀ ਦੁਆਈਂ ਲੈਣ ਭੋਏਵਾਲ ਡਾਕਟਰ ਕਸ਼ਮੀਰ ਸਿੰਘ ਕੋਲ ਜਾਣਾ ਪੈਂਦਾ ਸੀ..ਇਲਾਕੇ ਦੇ ਮਿੱਤਰ ਪਿਆਰੇ ਜਾਣਦੇ ਹੋਣੇ..ਉਧੋਕੇ ਅਤੇ ਰਾਮਦਵਾਲੀ ਪਿੰਡਾਂ ਦੇ ਵਿਚਕਾਰ ਝਾਮਕੇ ਵੱਲ ਨੂੰ ਇੱਕ ਸੇਮ ਨਾਲਾ ਪੈਂਦਾ ਸੀ..ਸਿੱਧੀ ਤੁਰੀ ਜਾ ਜਾਂਦੀ ਸੜਕ ਤੇ ਅਚਾਨਕ ਇੱਕ ਤਿੱਖਾ ਮੋੜ..ਫੇਰ ਓਸੇ ਸੇਮ ਨਾਲੇ ਤੇ ਬਿਨਾ ਕਿਨਾਰੀ ਵਾਲਾ ਬਣਿਆ ਉਹ ਸਿੱਧਾ ਸਪਾਟ ਖਤਰਨਾਕ ਪੁਲ ਅਤੇ ਫੇਰ ਸੜਕ ਪਹਿਲੋਂ ਵਾਂਙ ਸਿੱਧੀ ਹੋ ਜਾਂਦੀ..!
ਚੰਗੇ ਭਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ..ਤੇਜ ਰਫਤਾਰ ਅਕਸਰ ਐਕਸੀਡੈਂਟ ਦਾ ਸ਼ਿਕਾਰ ਹੁੰਦੀ..ਪਹਿਲੀ ਵੇਰ ਮੈਥੋਂ ਵੀ ਸਕੂਟਰ ਬੜੀ ਮੁਸ਼ਕਲ ਸ਼ੰਭਾਲਿਆ ਗਿਆ..ਮਗਰ ਬੈਠੇ ਪਿਤਾ ਜੀ ਨੂੰ ਪੁੱਛ ਲਿਆ..ਆਹ ਪੁਲ ਸਿੱਧਾ ਨਹੀਂ ਹੋ ਸਕਦਾ?
ਆਖਣ ਲੱਗੇ ਨਹੀਂ..ਹਾਲ ਦੀ ਘੜੀ ਤੇ ਨਹੀਂ..ਅੱਗੋਂ ਹੋ ਜਾਵੇ ਕਹਿ ਨਹੀਂ ਸਕਦੇ!
ਫੇਰ ਕੀ ਕਰਨਾ ਚਾਹੀਦਾ?
ਆਖਣ ਲੱਗੇ ਸੜਕ ਜਦੋਂ ਬਿਲਕੁਲ ਸਿੱਧੀ ਸਪਾਟ ਤੁਰੀ ਜਾ ਰਹੀ ਹੋਵੇ ਤਾਂ ਕਦੇ ਵੀ ਮੰਜਿਲ ਵੱਲੋਂ ਨਜਰਾਂ ਹਟਾ ਅਵੇਸਲੇ ਨਹੀਂ ਹੋਣਾ..ਬੱਸ ਸਮਝ ਲੈਣਾ ਅੱਗੇ ਕੋਈ ਲੁਕਵਾਂ ਮੋੜ ਇੰਤਜਾਰ ਕਰ ਰਿਹਾ ਏ..!
ਏਨੇ ਵਰ੍ਹਿਆਂ ਬਾਅਦ ਹਯਾਤੀ ਦੇ ਸਫ਼ਰ ਦੌਰਾਨ ਅੱਜ ਵੀ ਜਦੋਂ ਸਭ ਕੁਝ ਠੀਕ ਠਾਕ ਲੀਹੇ ਤੁਰਿਆ ਜਾ ਰਿਹਾ ਹੋਵੇ ਤਾਂ ਉਧੋਕੇ ਪਿੰਡ ਵਾਲਾ ਓਹੀ ਪੁਲ ਚੇਤੇ ਆ ਜਾਂਦਾ..ਬਾਪੂ ਹੁਰੀਂ ਕਿੰਨੀ ਪਹਿਲੋਂ ਖਲੋਤੇ ਆਖ ਰਹੇ ਹੁੰਦੇ..ਕਾਕਾ ਸਪੀਡ ਹੌਲੀ ਕਰ ਲੈ..ਵਰਨਾ ਸੱਟ ਲੱਗਜੂ!
ਹਰਪ੍ਰੀਤ ਸਿੰਘ ਜਵੰਦਾ