ਅੱਜ ਇੱਕ ਘਿਓ ਸ਼ੱਕਰ ਵਾਲੀ ਪੋਸਟ ਪੜ੍ਹਕੇ ਮੇਰੇ ਵੀ ਪੰਦਰਾਂ ਕੁ ਦਿਨ ਪੁਰਾਣੀ ਇੱਕ ਹੱਡ ਬੀਤੀ ਯਾਦ ਆ ਗਈ। ਹੋਇਆ ਇੰਜ ਕਿ ਬਾਹਲੇ ਸਿਆਣੇ ਲੋਕਾਂ ਦੀ ਦਿੱਤੀ ਮੱਤ ਤੇ ਅਮਲ ਕਰਦੇ ਹੋਏ ਅਸੀਂ ਰੋਟੀ ਟੁੱਕ ਦਾ ਕੰਮ ਕੋਈਂ ਅੱਠ ਕੁ ਵਜੇ ਨਿਬੇੜ ਲਿਆ। ਫਿਰ ਗੱਲਾਂ ਕਰਦਿਆਂ, ਪੋਤੀ ਨਾਲ ਖੇਡਦਿਆਂ ਅਤੇ ਮੋਬਾਇਲ ਚਲਾਉਂਦਿਆ ਨੂੰ ਓਹੀ ਬਾਰਾਂ ਸਵਾ ਬਾਰਾਂ ਵੱਜ ਗਏ। ਅਸੀਂ ਰਾਤ ਵਾਲੀ ਦਵਾਈ ਵੀ ਟਾਈਮ ਨਾਲ ਲ਼ੈ ਲਈ ਸੀ। ਉਸ ਦਿਨ ਮੇਰੀ ਵੀ ਨੀਂਦ ਉੱਡ ਗਈ। ਨੀਂਦ ਨਾ ਆਉਣ ਦੀ ਸ਼ਿਕਾਇਤ ਮੇਰੀ ਬੁੱਢੀ ਅਕਸਰ ਹੀ ਕਰਦੀ ਹੈ ਪਰ ਮੈਂ ਵੇਲੇ ਨਾਲ ਬੱਤੀ ਬੁਝਾਕੇ ਗਹਿਰੀ ਨੀਂਦ ਵਿੱਚ ਚਲਾ ਜਾਂਦਾ ਹਾਂ। ਤੇ ਇਹ ਆਪਣੇ ਔਡ਼ਪੌੜ ਕਰਦੀ ਕਦੇ ਚਾਹ ਬਣਾਕੇ ਪੀਂਦੀ ਕਦੇ ਬੇਹੀ ਰੋਟੀ ਖਾਕੇ ਕਦੇ ਨੀਂਦ ਵਾਲੀ ਗੋਲੀ ਲੈਕੇ ਮਤਲਬ ਤਰਾਂ ਤਰਾਂ ਦੇ ਹੀਲੇ ਵਰਤਕੇ ਸੌਂਦੀ ਹੈ। ਪਰ ਮੇਰੀ 65 ਸਾਲ ਦੀ ਉਮਰ ਵਿੱਚ ਮੇਰੇ ਨਾਲ ਇਹ ਪਹਿਲੀ ਵਾਰੀ ਹੋਇਆ ਸੀ। ਮੈਨੂੰ ਲੱਗਿਆ ਕਿ ਉਸ ਦਿਨ ਡਿਨਰ ਤੋਂ ਬਾਅਦ ਮੈਨੂੰ ਖਾਣ ਨੂੰ ਕੋਈਂ ਮਿੱਠਾ ਨਹੀਂ ਮਿਲਿਆ ਸੀ। ਸ਼ਾਇਦ ਇਸੇ ਲਈ ਨੀਂਦ ਨਹੀਂ ਸੀ ਆ ਰਹੀ।
“ਚੰਗਾ ਫਿਰ ਇੰਜ ਕਰ। ਇੱਕ ਰੋਟੀ ਪਕਾਕੇ ਲਿਆ ਤੇ ਇੱਕ ਕੌਲੀ ਵਿੱਚ ਸ਼ੱਕਰ ਘਿਓ ਵੀ। ਫਿਰ ਆਊ ਨੀਂਦ ਮੈਨੂੰ ਤਾਂ।” ਮੈਂ ਉਸ ਵੱਲ ਵੇਖਕੇ ਕਿਹਾ। ਭੁੱਖ ਜਿਹੀ ਉਸਨੂੰ ਵੀ ਮਹਿਸੂਸ ਹੋ ਰਹੀ ਸੀ। ਸ਼ੂਗਰ ਦੀ ਦਵਾਈ ਖਾਣ ਨਾਲ ਥੋਡ਼ੀ ਥੋਡ਼ੀ ਦੇਰ ਬਾਅਦ ਕੁਝ ਖਾਣ ਦੀ ਤਲਬ ਜਿਹੀ ਹੁੰਦੀ ਹੈ। ਪੰਜ ਕੁ ਮਿੰਟਾਂ ਵਿੱਚ ਉਹ ਦੋ ਰੋਟੀਆਂ ਸ਼ੱਕਰ ਘਿਓ ਅਤੇ ਰਾਤ ਦੀ ਬਚੀ ਦਾਲ ਲ਼ੈ ਆਈ। ਮੈਂ ਇੱਕ ਰੋਟੀ ਨਾਲ ਸ਼ੱਕਰ ਘਿਓ ਨਿਬੇੜ ਦਿੱਤਾ ਤੇ ਇਸ ਨੇ ਦਾਲ। ਫਿਰ ਵਧੀਆ ਨੀਂਦ ਆਈ। ਮੈ ਅਕਸਰ ਹੀ ਰਾਤ ਨੂੰ ਉੱਠ ਕੇ ਰੋਟੀ ਖਾਣ ਵਾਲਿਆਂ ਤੇ ਹੱਸਦਾ ਹੁੰਦਾ ਸੀ। ਮੈਂ ਤਾਂ ਇੱਥੋਂ ਤੱਕ ਕਹਿ ਰੱਖਿਆ ਹੈ ਕਿ ਦੋ ਸੌ ਗ੍ਰਾਮ ਦੁੱਧ ਖਾਤਰ ਕਦੇ ਮੈਨੂੰ ਸੁੱਤੇ ਨੂੰ ਨਾ ਉਠਾਇਓ। ਪਰ ਉਸ ਦਿਨ ਤਾਂ ਕਮਾਲ ਹੋ ਗਈ। ਸ਼ੱਕਰ ਘਿਓ ਖਾਕੇ ਹੀ ਨੀਂਦ ਆਈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ