ਨਮਸਤੇ , ਮੈਡਮ ਜੀ
ਅਮਨ ਦੇਖ , ਐਤਕੀ ਜਗਸੀਰ ਦੀਆ ਪੰਜ ਗੈਰਹਾਜ਼ਰੀਆਂ ਹਨ ।
ਇਹ ਗੈਰਹਾਜ਼ਰੀ ਸਟਾਫ਼ ਦੀ ਸਿਕਾਇਤ ਤੇ ਪਾਈ ਗਈ।
ਅਮਨ :- ਮੈਡਮ ਜੀ , ਕੁਝ ਲੋਕਾਂ ਦੀ ਆਦਤ ਬਣ ਜਾਂਦੀ ਏ, ਨਿੱਕੀ ਨਿੱਕੀ ਗੱਲ ਤੇ ਸ਼ਿਕਾਇਤ ਕਰਨ ਦੀ। ਐਵੇਂ ਗਰੀਬ ਬੰਦਿਆਂ ਦੇ ਮਗਰ ਹੱਥ ਧੋ ਕੇ ਪਏ ਰਹਿੰਦੇ ਨੇ। ਭਲਾ ਕਿੰਨੀ ਕੁ ਤਨਖਾਹ ਏ ਵਿਚਾਰਿਆ ਦੀ!
ਇਕ ਦਿਨ ਵਿਚਾਰਾ ਗੱਲ ਕਰਦਾ ਸੀ । ਪਹਿਲਾਂ ਲੋਨ ਚੁੱਕ ਕੇ ਬੱਚਿਆਂ ਦਾ ਦਾਖਲਾ ਭਰਿਆ, ਕਿਤਾਬਾਂ ਲੈ ਕੇ ਦਿੱਤੀਆਂ। ਫਿਰ ਕਿਸ਼ਤਾਂ ਤੇ ਕੂਲਰ ਲਿਆ। ਹੁਣ ਸਾਰੀ ਤਨਖਾਹ ਕਿਸ਼ਤਾਂ ਚ ਚਲੀ ਜਾਂਦੀ ਏ।
ਮੈਡਮ :- ਅਮਨ , ਮੈਨੂੰ ਸਮਝ ਨਹੀ ਆਉਂਦੀ । ਐਨੀ ਘੱਟ ਤਨਖਾਹ ਚ’ ਤੁਸੀ ਗੁਜਾਰਾ ਕਿਵੇਂ ਕਰਦੇ ਹੋ। ਜਿੰਨੀ ਤੁਹਾਡੀ ਤਨਖਾਹ, ਏਨੇ ਦਾ ਸਾਡਾ ਦੁੱਧ ਆਉਂਦਾ ।
ਅਮਨ :- ਮੈਡਮ ਜੀ , ਸਾਡੀ ਤੇ ਸਾਡੇ ਬੱਚਿਆਂ ਦੀ ਸਾਰੀ ਉਮਰ ਕਰਜੇ ਚੁਕਾਉਂਦਿਆਂ ਹੀ ਲੰਘ ਜਾਂਦੀ ਏ। ਕੁਝ ਕੁ , ਸਾਡੇ ਨਾਲ ਦੇ ਬੱਚਿਆਂ ਦੇ ਬਾਰੇ ਸੋਚਦੇ-ਸੋਚਦੇ, ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ , ਦੁਨੀਆਂ ਨੂੰ ਅਲਵਿਦਾ ਕਹਿ ਗਏ। ਏਨਾਂ ਵਿਚਾਰਿਆ ਨੂੰ ਜਿਊਂਦੇ ਜੀਅ ਝਿੜਕਾਂ ਮਿਲਦੀਆਂ, ਪਰ ਮਰਨ ਤੋਂ ਬਾਅਦ ਸਾਰੇ ਚੰਗਾ ਕਹਿੰਦੇ , ਭੋਗ ਵਾਸਤੇ ਪੈਸੇ ਇਕੱਠੇ ਕਰਦੇ , ਜਿਊਂਦੇ ਕਦੇ ਚਾਹ ਨਾ ਪੁਛਦੇ …..
ਪਿਛਲੇ ਸਾਲ ਦੋ ਸਿਕਿਉਰਿਟੀ ਗਾਰਡਾਂ ਦੀ ਦਿਮਾਗ ਦੀ ਨਾੜੀ ਫਟਣ ਨਾਲ ਮੌਤ ਹੋ ਗਈ।
ਮੈਡਮ ਜੀ , ਪਰਸੋਂ ਆਪਣਾ ਹੈਲਪਰ ‘ਰਮੇਸ਼ ਕੁਮਾਰ’ ਗਲ ਫਾਹਾ ਪਾ । ਜਿੰਦਗੀ ਦੇ ਪੰਨਿਆਂ ਤੋ ਹਮੇਸ਼ਾ ਲਈ ਗੈਰਹਾਜ਼ਰ ਹੋ ਗਿਆ।
ਹੁਣ ਉਸ ਨੂੰ ਕੋਈ ਗੈਰਹਾਜ਼ਰ ਨਹੀਂ ਕਰ ਸਕਦਾ। ਉਹ ਹਮੇਸ਼ਾ ਲਈ ਗੈਰਹਾਜ਼ਰ ਹੋ ਗਿਆ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392