ਗੁਲਾਬ ਸਿੰਘ ਦੀ ਬੰਦੂਕ | gulab singh di bandook

ਸਾਡੇ ਵਿਆਹਾਂ ਵਿੱਚੇ ਦੁੱਲ੍ਹਾ ਹੱਥ ਵਿੱਚ ਤਲਵਾਰ ਫੜ ਕੇ ਜਾਂਦਾ ਸੀ। ਚਾਹੇ ਵਿਚਾਰਾ ਛੁਰੀ ਨਾਲ ਪਿਆਜ਼ ਵੀ ਨਾ ਕੱਟ ਸਕਦਾ ਹੋਵੇ। ਕਈ ਘਰਾਂ ਵਿੱਚ ਲੋਹੇ ਦਾ ਸਰੀਏ ਦੀ ਬਣੀ ਖੁੰਡੀ ਫੜ੍ਹਨ ਦਾ ਵੀ ਰਿਵਾਜ਼ ਸੀ।ਉਸ ਖੁੰਡੀ ਵਿੱਚ ਥੱਲੇ ਲੋਹੇ ਦੀਆਂ ਸੱਤ ਵਾਸ਼ਲਾਂ ਪਾਈਆ ਹੁੰਦੀਆਂ ਸਨ। ਫਿਰ ਲੋਕ ਹੱਥ ਵਿੱਚ ਕਿਰਚ ਫੜ੍ਹਨ ਲੱਗ ਪਏ। 1985 ਨੂੰ ਮੇਰੀ ਘੋੜੀ ਦੀ ਰਸਮ ਸਮੇ ਮੈਂ ਤਲਵਾਰ ਯ ਖੂੰਡੀ ਨਹੀਂ ਫੜ੍ਹੀ।
ਮੇਰੀ ਛੋਟੀ ਭੂਆ ਦਾ ਜਵਾਈ ਗੁਲਾਬ ਸਿੰਘ ਮੌਂਗਾ ਫਤੇਹਾਬਾਦ ਤੋਂ ਆਪਣੀ ਇਕ ਨਾਲੀ ਵਾਲੀ ਬੰਦੂਕ ਲੈ ਕੇ ਆਇਆ ਸੀ। ਗੁਲਾਬ ਸਿੰਘ ਫਤੇਹਾਬਾਦ ਵਿੱਚ ਸਮਾਜ ਸੇਵਕ, ਲੋਕਾਂ ਦਾ ਹਮਦਰਦ ਤੇ ਘੈਂਟ ਬੰਦੇ ਵਜੋਂ ਜਾਣਿਆ ਜਾਂਦਾ ਸੀ। ਹਰ ਇਕ ਦੇ ਦੁੱਖ ਸੁੱਖ ਵੇਲੇ ਕੰਮ ਆਉਣਾ, ਸਰਕਾਰੀ ਅਫਸਰਾਂ ਦੇ ਧੱਕੇ ਖਿਲਾਫ ਬੋਲਣਾ, ਸਾਂਝੇ ਕੰਮਾਂ ਲਈ ਮੂਹਰੇ ਹੋ ਖੜਨਾ ਉਸਦਾ ਕੰਮ ਸੀ। ਸੇਹਰੇ ਬੋਲਣ ਵੇਲੇ ਉਹ ਬਾਹਰ ਕੁਰਸੀ ਤੇ ਬੈਠਾ ਸੀ। ਬੈਠੇ ਨੇ ਹੀ ਦੋ ਫਾਇਰ ਕਰ ਦਿੱਤੇ। ਚੁਬਾਰੇ ਤੇ ਲਗਿਆਂ ਬਿਜਲੀ ਦੀਆਂ ਲੜੀਆਂ ਟੁੱਟ ਗਈਆਂ।
ਘੋੜੀ ਵੇਲੇ ਉਸਤੋਂ ਬੰਦੂਕ ਮੈਂ ਫੜ੍ਹ ਲਈ। ਤਲਵਾਰ ਵਾਲਾ ਸ਼ਗਨ ਵੀ ਪੂਰਾ ਹੋ ਗਿਆ ਤੇ ਮੇਰੀ ਰੀਝ ਵੀ।
ਹੁਣ ਜਦੋਂ ਆ ਮੈਰਿੱਜ ਪੈਲੇਸ ਵਿੱਚ ਫਾਇਰ ਵਾਲੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਮੈ ਉਸਦੇ ਖਿਲਾਫ ਬੋਲਦਾ ਤੇ ਲਿਖਦਾ ਹਾਂ। ਪਰ ਮੇਰੇ ਅੰਦਰਲਾ ਚੋਰ ਮੈਨੂੰ ਮੇਰੇ ਖੁਦ ਦੇ ਵਿਆਹ ਦੀ ਗੱਲ ਚੇਤੇ ਕਰਵਾਉਂਦਾ ਹੈ।
ਗਲਤੀ ਤਾਂ ਉਹ ਵੀ ਸੀ ਮੇਰੀ। ਕਿਵੇ ਵੀ ਸੀ ਪਰ ਰਿਸ਼ਤੇਦਾਰੀ ਵਿੱਚ ਗੁਲਾਬ ਸਿੰਘ ਵਰਗੇ ਦਲੇਰ ਬੰਦੇ ਦੀ ਕਮੀ ਹਮੇਸ਼ਾ ਰੜਕਦੀ ਹੈ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *