ਵਾਹਵਾ ਪੁਰਾਣੀ ਗੱਲ ਹੈ। ਅਸੀਂ ਦੋ ਤਿੰਨ ਸਟਾਫ ਮੈਂਬਰਾਂ ਨੇ ਛੁੱਟੀ ਤੋਂ ਬਾਦ ਮਲੋਟ ਜਾਣ ਦਾ ਪ੍ਰੋਗਰਾਮ ਬਣਾਇਆ। ਸ਼ਾਇਦ ਕਿਸੇ ਦੇ ਘਰ ਅਫਸੋਸ ਕਰਨ ਜਾਣਾ ਸੀ। ਯਾਨੀ ਬੈਠਣ ਜਾਣਾ ਸੀ। ਵਾਪੀਸੀ ਵੇਲੇ ਕੁਝ ਕੁ ਲੇਟ ਹੋ ਗਏ। ਮਲੋਟ ਸ਼ਹਿਰ ਤੋਂ ਨਿਕਲਦੇ ਹੀ ਥੋੜਾ ਭੁੱਖ ਦਾ ਅਹਿਸਾਸ ਹੋਇਆ। ਇੱਕ ਜਣੇ ਨੂੰ ਸ਼ੂਗਰ ਸੀ। ਸ਼ੂਗਰ ਦੇ ਮਰੀਜ਼ ਨੂੰ ਅਕਸਰ ਡੋਬੂ ਜਿਹੇ ਪੈਣ ਲਗ ਜਾਂਦੇ ਹਨ। ਮੈਂ ਉਹਨਾਂ ਨੂੰ ਮਲੋਟ ਦਾ ਮੋਟੇ ਦੇ ਪਨੀਰ ਦੇ ਪਕੌੜੇ ਖਾਣ ਦੀ ਰਾਇ ਦਿੱਤੀ। ਇੱਕ ਤਾਂ ਉਹ ਮੇਨ ਸੜਕ ਉਪਰ ਹੀ ਮਿਲਦੇ ਸਨ। ਦੂਸਰਾ ਓਹਨਾ ਲਈ ਉਹ ਨਵੀ ਚੀਜ਼ ਸੀ। ਮਲੋਟ ਸਪੈਸ਼ਲ ਸੀ। ਅਸੀਂ ਤਿੰਨਾਂ ਨੇ ਅੱਧਾ ਕੁ ਕਿਲੋ ਪਕੌੜੇ ਬਣਵਾ ਲਏ ਤੇ ਖਾਣੇ ਸ਼ੁਰੂ ਕਰ ਦਿੱਤੇ। ਛੋਟੇ ਛੋਟੇ ਪੀਸ ਸਨ ਤੇ ਤਿੰਨੇ ਲਗਭਗ ਬਰਾਬਰ ਹੀ ਖਾ ਰਹੇ ਸੀ। “ਹਾਇ ਹਾਇ ਨੀ ਮੇਰਾ ਤੇ ਪਿੱਤਾ ਹੀ ਹੈ ਨਹੀਂ ਮੈਂ ਤੇ ਪਕੌੜੇ ਖਾਣੇ ਨਹੀਂ ਸਨ।” ਮੇਰੇ ਨਾਲਦੀ ਮੇਰੀ ਕੁਲੀਗ ਨੇ ਆਖਿਆ। ਤੇ ਪਲੇਟ ਛੱਡ ਕੇ ਸਾਡੇ ਤੋਂ ਦੂਰ ਹੋਕੇ ਖੜ੍ਹ ਗਈ। ਮੈਂ ਵੇਖਿਆ ਕਿ ਪਲੇਟ ਵਿੱਚ ਸਿਰਫ ਤਿੰਨ ਪਕੌੜੇ ਹੀ ਬਚੇ ਸਨ। ਤੇ ਉਸਦੇ ਹਿੱਸੇ ਇੱਕ ਪਕੌੜਾ ਹੀ ਆਉਂਦਾ ਸੀ।”ਹੁਣ ਸਾਰੇ ਪਕੌੜੇ ਖਾਕੇ ਇੱਕ ਵਾਰੀ ਤੈਨੂੰ ਤੇਰਾ ਪਿੱਤਾ ਯਾਦ ਆ ਗਿਆ। ਚੁੱਕ ਆਪਨੇ ਹਿੱਸੇ ਦਾ ਪਕੌੜਾ ਤੇ ਖਾ। ਜੇ ਪਾਈਆ ਪਕੌੜਿਆਂ ਨੇ ਤੇਰੇ ਪਿੱਤੇ ਨੂੰ ਕੁਝ ਨਹੀਂ ਕੀਤਾ ਤਾਂ ਆਹ ਬਾਕੀ ਰਹਿੰਦਾ ਇੱਕ ਤੇਰਾ ਕੀ ਵਿਗਾੜੁ।” ਮੈਂ ਥੋੜ੍ਹਾ ਖਿੱਝਕੇ ਕਿਹਾ। ਫਿਰ ਉਸਨੇ ਬਾਕੀ ਰਹਿੰਦਾ ਆਪਣੇ ਹਿੱਸੇ ਦਾ ਇੱਕ ਪਕੌੜਾ ਵੀ ਖਾ ਲਿਆ। ਹੁਣ ਪਿੱਤੇ ਵਾਲਾ ਉਸਦਾ ਨਾਟਕ ਖਤਮ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ