#ਇੱਕ_ਦਾਸਤਾਨ
“ਸੇਠੀ ਅੰਕਲ ਬੋਲ ਰਹੇ ਹੋ?” ਅਣਜਾਣ ਜਿਹੇ ਨੰਬਰ ਤੋਂ ਆਈ ਕਾਲ ਕਰਨ ਵਾਲੇ ਨੇ ਪੁੱਛਿਆ।
“ਹਾਂਜੀ” ਮੈਂ ਹੁੰਗਾਰਾ ਭਰਿਆ।
“ਰਮੇਸ਼ ਸੇਠੀ ਬਾਦਲ ਐਂਕਲ ਨਾ?”
“ਹਾਂਜੀ ਹਾਂਜੀ ਓਹੀ ਬੋਲ ਰਿਹਾ ਹਾਂ।” ਮੈਂ ਉਸਨੂੰ ਤੱਸਲੀ ਕਰਵਾਈ।
“ਐਂਕਲ ਮੈਂ ਤੁਹਾਡਾ ਪੁਰਾਣਾ ਪਾਠਕ ਹਾਂ। ਪਿਛਲੇ ਦਸ ਸਾਲ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ। ਤੁਹਾਡੇ ਸਾਰੇ ਕਿੱਸੇ, ਕਹਾਣੀਆਂ ਅਤੇ ਹੋਰ ਪੋਸਟਾਂ ਨੂੰ ਬੇਨਾਗਾ ਪੜ੍ਹਦਾ ਹਾਂ। ਹਾਂ ਮੈਨੂੰ ਟਿੱਪਣੀਆਂ ਕਰਨੀਆਂ ਨਹੀਂ ਆਉਂਦੀਆਂ। ਲਾਇਕ ਵਾਲਾ ਬਟਨ ਵੀ ਘੱਟ ਹੀ ਦਬਾਉਂਦਾ ਹਾਂ। ਇਹ ਮੇਰੀ ਕਮਜ਼ੋਰੀ ਹੈ।” ਉਹ ਲਗਾਤਾਰ ਬੋਲ਼ੀ ਜਾ ਰਿਹਾ ਸੀ। ਮੈਨੂੰ ਹੁੰਗਾਰਾ ਭਰਨ ਦਾ ਟਾਈਮ ਵੀ ਨਹੀਂ ਸੀ ਦੇ ਰਿਹਾ।
“ਐਂਕਲ ਮੈਂ ਬਹੁਤ ਪ੍ਰੇਸ਼ਾਨੀ ਵਿੱਚ ਹਾਂ। ਸੋਚਿਆ ਅੱਜ ਮੈਂ ਐਂਕਲ ਕੋਲ੍ਹ ਮਨ ਹੋਲਾ ਕਰ ਲਵਾਂ। ਖੋਰੇ ਮੇਰਾ ਮਨ ਸ਼ਾਂਤ ਹੋ ਜਾਵੇ। ਮੈ ਆਪਣਿਆਂ ਦਾ ਸਤਾਇਆ ਹੋਇਆ ਹਾਂ। ਖਾਸਕਰ ਆਪਣੀ ਬੇਬੇ ਦਾ। ਤੇ ਹੋਰ ਸਕਿਆ ਦਾ। ਐਂਕਲ ਇਹ ਦੁੱਖ ਮੈਂ ਕਿਸੇ ਬੇਗਾਨੇ ਕੋਲ ਰੋ ਵੀ ਨਹੀਂ ਸਕਦਾ। ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਤੁਸੀਂ ਮੇਰੀ ਪ੍ਰੇਸ਼ਾਨੀ ਨੂੰ ਸਮਝੋਗੇ ਤੇ ਤੁਹਾਨੂੰ ਸੁਣਾਉਣ ਨਾਲ ਮੇਰਾ ਦੁਖ ਹਲਕਾ ਹੋ ਜਾਵੇਗਾ।” ਮੈਨੂੰ ਉਸ ਦੀ ਸਮੱਸਿਆ ਥੋੜੀ ਗੰਭੀਰ ਲੱਗੀ ਅਤੇ ਦਿਲਚਸਪ ਵੀ।
“ਐਂਕਲ ਮੇਰਾ ਬਾਪੂ ਸਰਕਾਰੀ ਨੌਕਰੀ ਕਰਦਾ ਸੀ। ਉਸ ਨੇ ਸਖਤ ਮਿਹਨਤ ਕਰਕੇ ਮੈਨੂੰ ਪੜ੍ਹਾਇਆ। ਫਿਰ ਮੈਂ ਵੀ ਨੌਕਰੀ ਤੇ ਲੱਗ ਗਿਆ। ਆਪਣੀ ਕਮਾਈ ਨਾਲ ਮੈਂ ਇੱਕ ਦੋ ਪਲਾਟ ਬਣਾ ਲਏ। ਸਾਂਝਾ ਘਰ ਤਾਂ ਹੈਗਾ ਹੀ ਸੀ। ਮੈਨੂੰ ਲੱਗਿਆ ਕਿ ਇਹਨਾਂ ਕੁਝ ਕਾਫੀ ਹੈ। ਮੇਰੀ ਜਿੰਦਗੀ ਵਧੀਆ ਕੱਟ ਜਾਵੇਗੀ। ਮੈ ਮੇਰੇ ਜੀਵਨ ਤੋਂ ਸੰਤੁਸਟ ਸੀ। ਪਰ ਇੱਕ ਦਿਨ ਬੇਬੇ ਦੇ ਸਿਖਾਏ ਬਾਪੂ ਨੇ ਮੈਨੂੰ ਪਲਾਟ ਉਸਦੇ ਨਾਮ ਕਰਾਉਣ ਨੂੰ ਕਿਹਾ ਤੇ ਬਦਲੇ ਵਿੱਚ ਘਰ ਮੇਰੇ ਨਾਮ ਕਰਾਉਣ ਦੀ ਗੱਲ ਕਹੀ। ਮੇਰੇ ਦਿਲ ਵਿੱਚ ਕੋਈਂ ਮੈਲ ਨਹੀਂ ਸੀ। ਮੈਨੂੰ ਬਾਪੂ ਵੀ ਇਸ ਮਾਮਲੇ ਵਿੱਚ ਸ਼ਾਫ ਦਿਲ ਲੱਗਿਆ। ਬੇਬੇ ਬਾਰੇ ਤਾਂ ਮੈਂ ਗਲਤ ਸੋਚ ਹੀ ਨਹੀਂ ਸੀ ਸਕਦਾ। ਉਸਦੇ ਕਹੇ ਅਨੁਸਾਰ ਮੈਂ ਪਲਾਟ ਬੇਬੇ ਦੇ ਨਾਮ ਕਰਵਾਤੇ। ਹੁਣ ਘਰ ਮੇਰੇ ਨਾਮ ਹੋ ਗਿਆ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਬਾਪੂ ਨੇ ਮੇਰੇ ਤੇ ਮਾਂ ਬਾਪ ਨੂੰ ਖਰਚਾ ਨਾ ਦੇਣ ਦਾ ਕੇਸ ਪਾ ਦਿੱਤਾ।ਬਾਅਦ ਵਿੱਚ ਪਤਾ ਚੱਲਿਆ ਕਿ ਇਹ ਮੇਰੀ ਬੇਬੇ ਦੀ ਹੀ ਚਾਲ ਸੀ। ਬਾਪੂ ਨੂੰ ਤਾਂ ਮੋਹਰਾ ਬਣਾਇਆ ਗਿਆ ਸੀ। ਇਸ ਕੇਸ ਨਾਲ ਸਮਾਜ ਵਿੱਚ ਅਤੇ ਸਰਕਾਰੀ ਦੁਆਰੇ ਮੇਰੀ ਬਹੁਤ ਬਦਨਾਮੀ ਹੋਈ। ਲੋਕ ਮੇਰੇ ਤੇ ਤਾਹਨੇ ਕੱਸਣ ਲੱਗੇ। ਬੇਕਸੂਰ ਹੁੰਦਾ ਹੋਇਆ ਵੀ ਮੈਂ ਸਮਾਜ ਦਾ ਦੋਸ਼ੀ ਬਣ ਗਿਆ। ਮੇਰਾ ਸੱਚ ਸਮਾਜ ਦੇ ਪ੍ਰਚੱਲਤ ਝੂਠ ਥੱਲ੍ਹੇ ਦੱਬ ਗਿਆ। ਕਿਤੇ ਵੀ ਮੇਰੀ ਸੁਣਵਾਈ ਨਾ ਹੋਈ। ਮੈਨੂੰ ਹੀ ਦੋਸ਼ੀ ਗਰਨਾਦਿਆ ਗਿਆ। ਅਦਾਲਤ ਨੇ ਬਾਪੂ ਬੇਬੇ ਦਾ ਖਰਚਾ ਬੰਨ ਦਿੱਤਾ। ਬੇਬੇ ਨੇ ਆਪਣੀ ਸਾਰੀ ਜਾਇਦਾਦ ਮੇਰੀਆਂ ਭੈਣਾਂ ਦੇ ਨਾਮ ਕਰਵਾ ਦਿੱਤੀ। ਮੇਰੀ ਬੇਬੇ ਜੋ ਜਾਇਦਾਦ ਆਪਣੇ ਪੇਕਿਆਂ ਦੀ ਢੇਰੀ ਤੋਂ ਲਿਆਈ ਸੀ ਉਹ ਵੀ ਉਸਨੇ ਧੀਆਂ ਨੂੰ ਦੇ ਦਿੱਤੀ। ਇਸ ਤਰਾਂ ਮੈਂ ਮਾਂ ਦੀ ਬਦਨੀਤੀ ਅਤੇ ਜ਼ੁਲਮ ਦਾ ਸ਼ਿਕਾਰ ਹੋ ਗਿਆ। ਮੇਰਾ ਬਾਪੂ ਵੀ ਮੇਰੀ ਬੇਬੇ ਦੇ ਦਬਾਅ ਹੇਠ ਆ ਗਿਆ। ਉਹ ਉਸਦੇ ਅੱਗੇ ਕੁਝ ਨਾ ਬੋਲਦਾ। ਮੈਨੂੰ ਉਹ ਬੇਬੱਸ ਜਿਹਾ ਲਗਦਾ। ਉਂਜ ਮੇਰੇ ਬਾਪੂ ਨੇ ਜਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਹੈ। ਉਹ ਆਪਣੀ ਸਰਕਾਰੀ ਡਿਊਟੀ ਦੇ ਨਾਲ ਸਵੇਰੇ ਸ਼ਾਮੀ ਖੂਬ ਮੇਹਨਤ ਕਰਦਾ। ਤਾਂਕਿ ਉਹ ਪਰਿਵਾਰ ਲਈ ਕੁਝ ਕਰ ਸਕੇ। ਪਰ ਇੱਥੇ ਆਕੇ ਓਹ ਵੀ ਬੇਬੇ ਦੀਆਂ ਕੁਚਾਲਾਂ ਦਾ ਸ਼ਿਕਾਰ ਹੋ ਗਿਆ। ਬੇਬੇ ਤੋਂ ਡਰਦਾ ਉਹ ਮੈਨੂੰ ਬਲਾਉਣੋ ਵੀ ਹੱਟ ਗਿਆ। ਹਾਂ ਇਕੱਲੇ ਵਿੱਚ ਮੈਨੂੰ ਮਿਲਦਾ ਵੀ ਹੈ ਤੇ ਦੁੱਖ ਸੁੱਖ ਸਾਂਝਾ ਕਰਦਾ ਹੈ। ਪਿੱਛੇ ਜਿਹੇ ਉਹ ਬੀਮਾਰ ਹੋ ਗਿਆ ਤੇ ਮੇਰੇ ਕੋਲ ਰੋਣ ਲੱਗ ਪਿਆ। ਮੈਂ ਗੱਡੀ ਤੇ ਉਸਨੂੰ ਹਸਪਤਾਲ ਲ਼ੈ ਗਿਆ। ਤੇ ਉਸਨੂੰ ਦਵਾਈ ਵੀ ਦਿਲਵਾਈ। ਫਿਰ ਵੀ ਉਹ ਮੇਰਾ ਬਾਪ ਹੈ। ਆਪਣਿਆਂ ਦੇ ਦਿੱਤੇ ਦੁੱਖ ਨੇ ਮੈਨੂੰ ਤੋੜ ਦਿੱਤਾ। ਮੈਂ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ।”
“ਤੇਰੀ ਬੇਬੇ ਦੀ ਤੇਰੀ ਘਰ ਵਾਲੀ ਨਾਲ ਨਹੀਂ ਬਣਦੀ ਹੋਣੀ। ਜੋ ਉਹ ਤੇਰੇ ਨਾਲ ਮਤਰੇਆ ਜਿਹਾ ਵਿਹਾਰ ਕਰਦੀ ਹੈ।” ਉਸ ਦੀ ਕਹਾਣੀ ਨੂੰ ਵਿਚਾਲੇ ਟੋਕਦਿਆਂ ਮੈਂ ਆਪਣੀ ਗੱਲ ਕਹੀ।
“ਨਹੀਂ ਐਂਕਲ ਜੀ ਇਹ ਗੱਲ ਨਹੀਂ। ਮੇਰਾ ਰਿਸ਼ਤਾ ਵੀ ਮੇਰੀ ਬੇਬੇ ਦੇ ਕਹਿਣ ਤੇ ਦੋ ਦਿਨਾਂ ਦੇ ਵਕਫੇ ਵਿੱਚ ਹੋਇਆ ਸੀ। ਉਸ ਨਾਲ ਵੀ ਕਦੇ ਉੱਚੀ ਨੀਵੀਂ ਗੱਲ ਨਹੀਂ ਹੋਈ। ਬੇਬੇ ਮੇਰੇ ਬੱਚਿਆਂ ਨਾਲ ਵੀ ਮੋਂਹ ਨਹੀਂ ਕਰਦੀ। ਤੇ ਡਰਦਾ ਬਾਪੂ ਵੀ ਓਹਨਾ ਨੂੰ ਨਹੀਂ ਬਲਾਉਂਦਾ। ਸਮਝ ਨਹੀਂ ਆਉਂਦੀ ਮੈਂ ਕਿੱਥੇ ਗਲਤ ਹਾਂ। ਮੇਰੇ ਨਾਲ ਇੰਜ ਕਿਉਂ ਹੋਇਆ। ਐਂਕਲ ਜੀ ਹੁਣ ਤੁਸੀਂ ਹੀ ਦੱਸੋ। ਮੇਰਾ ਕਸੂਰ ਕੀ ਹੈ? ਮੈਂ ਕਿੱਧਰ ਜਾਵਾਂ।” ਹੁਣ ਉਸਦਾ ਮਨ ਭਰ ਆਇਆ ਸੀ। ਮੈਨੂੰ ਉਸਦੀਆਂ ਹਿਚਕੀਆਂ ਸ਼ਾਫ ਸੁਣ ਰਹੀਆਂ ਸਨ।
“ਇਹ ਕਲਯੁਗ ਹੈ ਪੁੱਤਰ ਪਤਾ ਨਹੀਂ ਕਦੋਂ ਪੁੱਤ ਕਪੁੱਤ ਬਣ ਜਾਂਦੇ ਹਨ ਤੇ ਕਦੋਂ ਮਾਪੇ ਕੁਮਾਪੇ।” ਮੇਰੇ ਕੋਲ ਉਸਦੀਆਂ ਗੱਲਾਂ ਦਾ ਹੋਰ ਕੋਈਂ ਜਵਾਬ ਨਹੀਂ ਸੀ। ਇੰਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
(ਨੋਟ ਇਸ ਕਹਾਣੀ ਦੇ ਪਾਤਰ, ਘਟਨਾਵਾਂ ਦਰਦ ਅਤੇ ਸਣੇ ਐਂਕਲ ਸਭ ਕਾਲਪਨਿਕ ਹਨ। ਇਹ ਵਰਤਮਾਨ ਸਮਾਜ ਦਾ ਆਈਨਾ ਹੈ। ਇੱਥੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਤਾ ਨਹੀਂ ਕਦੋਂ ਪੁੱਤ ਕਪੁੱਤ ਅਤੇ ਮਾਪੇ ਕੁਮਾਪੇ ਹੋ ਜਾਂਦੇ ਹਨ।)