ਕੇਅਰ ਫ੍ਰੀ | care free

1976_77 ਵਿੱਚ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ ਲਾਇਬਰੇਰੀ ਵਿੱਚ ਸਰਿਤਾ, ਮੁਕਤਾ, ਫੈਮਿਨਾ, ਧਰਮਯੁੱਗ ਅਤੇ ਗ੍ਰਹਿਸ਼ੋਭਾ ਵਰਗੇ ਮੈਗਜ਼ੀਨ ਹੀ ਆਉਂਦੇ ਸਨ। ਕਾਮਰਸ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਅਸੀਂ ਨਿੱਤ ਲਾਇਬਰੇਰੀ ਜਰੂਰ ਜਾਂਦੇ ਤੇ ਅਖਬਾਰਾਂ ਦੀ ਬਜਾਇ ਇਹ੍ਹਨਾਂ ਮੈਗਜ਼ੀਨਾਂ ਦੇ ਪੰਨੇ ਫਰੋਲਦੇ। ਅਸੀਂ ਬਹੁਤੇ ਨਿੱਜੀ ਕਾਲਮ ਹੀ ਪੜ੍ਹਦੇ। ਵਿਅਕਤੀਗਤ ਸਮਸਿਆਏ, ਹਏ ਮੈਂ ਸ਼ਰਮ ਸੇ ਲਾਲ ਹੁਈ, ਮਾਨਸਿਕ ਸਮਸਿਆਏ ਵਗੈਰਾ। ਇੱਕ ‘ਕੁੰਡਾ ਖੋਲ ਬਸੰਤਰੀਏ’ ਨਾਮ ਦਾ ਕਾਲਮ ਵੀ ਹੁੰਦਾ ਸੀ। ਪ੍ਰੰਤੂ ਅੱਜ ਮੈਂ ਸਿਰਫ ਉਸ ਫੁੱਲ ਪੇਜ਼ ਵਾਲੇ ਇੱਕ ਵਿਗਿਆਪਨ ਦੀ ਗੱਲ ਕਰਦਾ ਹਾਂ। ਜੋ ਤਕਰੀਬਨ ਹਰ ਮੈਗਜ਼ੀਨ ਵਿਚ ਹੁੰਦਾ ਸੀ। ਪਰ ਸਾਡੇ ਸਮਝ ਨਹੀਂ ਸੀ ਆਉਂਦਾ। ਇਹ ਕੇਅਰ ਫ੍ਰੀ ਨਾਮਕ ਕਿਸੇ ਪ੍ਰੋਡਕਟ ਦਾ ਵਿਗਿਆਪਨ ਹੁੰਦਾ ਸੀ। ਇਹ ਕੀ ਚੀਜ਼ ਸੀ ਬਾਰ ਬਾਰ ਪੜ੍ਹਨ ਦੇ ਬਾਵਜੂਦ ਸਾਡੇ ਗੱਲ ਪੱਲੇ ਨਾ ਪੈਂਦੀ। ਬਹੁਤ ਲੰਮਾ ਚੋੜਾ ਲਿਖਿਆ ਹੁੰਦਾ ਸੀ। ਇੱਕ ਲੰਮੀ ਚੋੜੀ ਸ਼ਬਦਾਵਲੀ ਰਾਹੀਂ ਇਸ਼ਾਰਿਆਂ ਨਾਲ ਸਮਝਾਉਣ ਦੀ ਕੋਸ਼ਿਸ। ਕੇਅਰ ਫ੍ਰੀ ਦੇ ਸ਼ਬਦੀ ਅਰਥ ਅਸੀਂ ਲਾਪਰਵਾਹ ਯ ਬੇਪਰਵਾਹ ਲਾਉਂਦੇ। ‘ਉੱਨ ਦਿਨੋਂ ਕਾ ਪਤਾ ਨਹੀਂ ਚਲੇਗਾ।” ਵਗੈਰਾ ਵਗੈਰਾ। ਇਹ ਕੋਈਂ ਇੱਕ ਦਿਨ ਦੀ ਗੱਲ ਨਹੀਂ ਸੀ ਯ ਮੇਰੇ ਇਕੱਲੇ ਦੀ ਗੱਲ ਨਹੀਂ ਸੀ। ਅਸੀਂ ਸਾਰੇ ਹੀ ਝੁਡੂ ਇਕੱਠੇ ਹੋਏ ਸੀ। ਹਾਂ ਫਿਰ ਇੱਕ ਦਿਨ ਸੈਨਿਟਰੀ ਨੇਪਕਿਨ ਸ਼ਬਦ ਨਜ਼ਰੀਂ ਪਿਆ। ਨੇਪਕਿਨ ਦਾ ਮਤਲਬ ਰੁਮਾਲ ਤੇ ਸਾਡੀ ਸੂਈ ਰੁਮਾਲ ਤੇ ਅਟਕ ਗਈ। ਬਹੁਤ ਸਾਲਾਂ ਬਾਅਦ ਪਤਾ ਲੱਗਿਆ ਕਿ ਇਹ ਕਿਸ ਚੀਜ਼ ਦਾ ਵਿਗਿਆਪਨ ਹੈ। ਸਮਝ ਨਹੀਂ ਆਉਂਦੀ ਔਰਤ ਦੀ ਇਸ ਆਮ ਕਿਰਿਆ ਨੂੰ ਇੰਨਾ ਗੁਪਤ ਰੱਖਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ। ਪੀਰੀਅਡਜ, ਮਾਸਿਕ ਧਰਮ ਯ ਮਹਾਂਵਾਰੀ ਜਿਹੇ ਸ਼ਬਦ ਇੰਨੇ ਭਿਆਨਕ ਕਿਉਂ ਸਮਝੇ ਜਾਂਦੇ ਹਨ। ਇਸ ਨੂੰ ਮਾਸਿਕ ਧਰਮ ਨਾਲ ਜੋੜਕੇ ਵੀ ਅਛੂਤ ਕਿਉਂ ਬਣਾਇਆ ਗਿਆ। ਇਸ ਬਾਰੇ ਗੱਲ ਕਰਨਾ ਵੀ ਵਰਜਿੱਤ। ਇਸ ਸਮੱਸਿਆ ਬਾਰੇ ਔਰਤ ਆਪਣੇ ਭਰਾ, ਪਿਤਾ, ਪਤੀ ਯ ਸਹਿਕਰਮੀ ਨਾਲ ਗੱਲ ਕਿਓਂ ਨਹੀਂ ਕਰ ਸਕਦੀ। ਇਸ ਤੇ ਇੰਨਾ ਪਰਦਾ ਕਿਉਂ। ਜਦੋਂ ਕਿ ਛਿੱਕ ਪੱਦ ਡਕਾਰ ਤੇ ਪੀਰੀਅਡ ਇਹ ਤੰਦਰੁਸਤੀ ਦੀ ਨਿਸ਼ਾਨੀ ਹਨ। ਚਾਹੀਦਾ ਇਹ ਕਿ ਛੋਟੀ ਉਮਰ ਦੀ ਲੜਕੀ ਨੂੰ ਇਸ ਕਿਰਿਆ ਬਾਰੇ ਪਹਿਲਾਂ ਹੀ ਸਮਝਾਇਆ ਜਾਂਵੇ। ਮਾਂ ਉਸ ਦੀ ਗਾਈਡ ਬਣੇ। ਅਚਾਨਕ ਅਜਿਹਾ ਹੋਣ ਤੇ ਲੜਕੀ ਘਬਰਾਵੇ ਨਾ ਤੇ ਨਾ ਹੀ ਇਸ ਤੋਂ ਡਰੇ। ਪਰ ਨਹੀਂ ਜੀ। ਮਾਵਾਂ ਤੇ ਦਾਦੀਆਂ ਅਤੇ ਸਾਡੀ ਸਿੱਖਿਆ ਪ੍ਰਣਾਲੀ ਸਭ ਫੇਲ ਹੈ। ਹੁਣ ਸਮਾਜ ਦੇ ਵਰਤਾਰੇ ਵਿੱਚ ਕੁਝ ਫਰਕ ਪਿਆ ਹੈ। ਪਹਿਲਾਂ ਤਾਂ ਇਹ੍ਹਨਾਂ ਦਿਨਾਂ ਵਿੱਚ ਔਰਤ ਨੂੰ ਰਸੋਈ ਵਿੱਚ ਵੜ੍ਹਨ ਨਹੀਂ ਦਿੱਤਾ ਜਾਂਦਾ ਸੀ। ਉਹ ਧਾਰਮਿਕ ਪ੍ਰੋਗਰਾਮ ਵਿੱਚ ਹਿੱਸੇਦਾਰੀ ਨਹੀਂ ਕਰ ਸਕਦੀ ਸੀ। ਪਰ ਅਜੇ ਵੀ ਔਰਤ ਦੀ ਆਜ਼ਾਦੀ ਦੂਰ ਹੈ। ਵਿਸ਼ਪਰ ਨਾਮਕ ਸੈਨੀਟਰੀ ਨੇਪਕਿਨ ਦੇ ਵਿਗਿਆਪਨ ਵਿਚ ਖੂਨ ਦਾ ਦਾਗ ਵਿਖਾਕੇ ਇਸ ਨੂੰ ਸਮਝਾਉਣ ਯ ਔਰਤ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨੂੰ ਜਨਤਕ ਕਰਨ ਦਾ ਕਦਮ ਚੁੱਕਿਆ ਗਿਆ ਹੈ ਜੋ ਸਭ ਸੰਕੇਤ ਹੈ। ਬਠਿੰਡਾ ਸ਼ਹਿਰ ਦੀ ਪ੍ਰਸਿੱਧ ਸਮਾਜਸੇਵਿਕਾ ਡਾਕਟਰ ਵੀਨਾ ਗਰਗ ਨੇ ਇਸ ਪਾਸੇ ਦਲੇਰੀ ਭਰਿਆ ਕਦਮ ਚੁੱਕਿਆ। ਉਸ ਨੇ ਗਰੀਬ ਬਸਤੀਆਂ ਵਿੱਚ ਮੁਫ਼ਤ ਸੈਨੀਟਰੀ ਨੇਪਕਿਨ ਵੰਡਕੇ ਅਨਪੜ੍ਹ ਔਰਤਾਂ ਬੱਚੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਮਿਸ਼ਨ ਵਿੱਚ ਅੱਗੇ ਵੱਧ ਰਹੀ ਹੈ। ਭਾਵੇਂ ਹੁਣ ਕੇਅਰ ਫ੍ਰੀ ਦੀ ਜਗ੍ਹਾ ਵਿਸ਼ਪਰ ਨੇ ਲ਼ੈ ਲਈ ਹੈ। ਪਰ ਸਾਡੇ ਲੜਕੀਆਂ ਦੇ ਸਕੂਲਾਂ ਕਾਲਜਾਂ ਵਿੱਚ ਇਸ ਵੱਲ ਕੋਈਂ ਕਦਮ ਨਹੀਂ ਚੁੱਕੇ ਜਾ ਰਹੇ। ਸਰਕਾਰਾਂ ਵੀ ਇਸ ਤਰਫੋਂ ਅੱਖਾਂ ਬੰਦ ਕਰੀ ਬੈਠੀਆਂ ਹਨ। ਹੁਣ ਸਰਕਾਰਾਂ ਖੁਦ ਇਹ੍ਹਨਾਂ ਗੱਲਾਂ ਤੋਂ ਕੇਅਰ ਫ੍ਰੀ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *