ਸਮੇਂ ਨਾਲ ਕਿੰਨਾ ਕੁਝ ਬਦਲੀ ਜਾਂਦਾ..ਕੰਮ ਧੰਦਿਆਂ ਦੇ ਢੰਗ..ਯਾਤਰਾ ਦੀਆਂ ਤਕਨੀਕਾਂ..ਫੋਟੋਗ੍ਰਾਫੀ ਦੇ ਮਾਧਿਅਮ..ਫੇਰ ਜੋ ਵੇਖਿਆ ਉਹ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੇ ਕਰਨ ਦੇ ਤਰੀਕੇ..ਰਿਸ਼ਤੇਦਾਰੀ ਵਿਚੋਂ ਦੋ ਨਿੱਕੇ ਨਿੱਕੇ ਜਵਾਕ..ਸਹਿ ਸੁਭਾ ਪੁੱਛ ਲਿਆ ਵੱਡੇ ਹੋ ਕੇ ਕੀ ਬਣਨਾ..ਅਖ਼ੇ ਯੂ.ਟੀਊਬਰ..!
ਅੱਜ ਦੋ ਵਾਕਿਫ਼ਕਾਰ ਪਗੜੀਧਾਰੀ ਵੀਰ ਅਤੇ ਇੱਕ ਪੰਜਾਬੀ ਜੋੜਾ ਸਬੱਬੀਂ ਸਫ਼ਰ ਕਰਨ ਜਾ ਰਹੇ..ਮੰਜਿਲ ਵੀ ਇੱਕੋ..ਨੇਪਾਲ..ਸੋਚ ਰਿਹਾਂ ਸਾਂ..ਜੇ ਵਰਤਾਰਾ ਵਧਿਆ ਤਾਂ ਸਥਾਨਿਕ ਸਰਕਾਰ ਭਾਵੇਂ ਇਸ ਕਿੱਤੇ ਤੇ ਵੀ ਟੈਕਸ ਲਗਾ ਦੇਵੇ..ਫੇਰ ਮੁਕਾਬਲੇਬਾਜੀ ਕੰਪੀਟੀਸ਼ਨ ਵੀ ਵੱਧ ਜਾਵੇ..ਫੇਰ ਵਿਉ-ਫੋਲੋਵਿੰਗ ਵਧਾਉਣ ਦੇ ਚੱਕਰ ਵਿਚ ਸ਼ਾਇਦ ਓਹੀ ਕੁਝ ਨਾ ਕਰਨਾ ਪੈ ਜਾਵੇ ਜੋ ਗੋਦੀ ਮੀਡਿਆ ਕਰੀ ਜਾ ਰਿਹਾ..ਹੋਰ ਸਨਸਨੀ ਰੋਮਾਂਚ ਹੋਰ ਉਤੇਜਨਾ..ਫੇਰ ਅੱਗੇ ਤੋਂ ਅੱਗੇ ਦਾ ਤੇ ਕੋਈ ਅੰਤ ਹੀ ਨਹੀਂ..!
ਜੰਮ-ਜੰਮ ਜਾਵੋ..ਤੁਹਾਡਾ ਹੱਕ ਏ..ਤੁਹਾਡੀ ਮਰਜੀ ਏ..ਸਮਾਂ ਦਿੰਦੇ ਓ..ਖਤਰੇ ਸਹੇੜਦੇ ਓ..ਪਰਿਵਾਰਾਂ ਤੋਂ ਵੀ ਦੂਰ ਰਹਿੰਦੇ ਓ..ਸਾਨੂੰ ਇਹ ਪੁੱਛਣ ਦਾ ਵੀ ਕੋਈ ਹੱਕ ਜਾ ਤਰਕ ਨਹੀਂ ਕੇ ਇਸ ਵਿਚੋਂ ਮਿਲਦਾ ਕਿੰਨਾ..ਪਰ ਵੱਡੇ ਹੋਣ ਦੇ ਨਾਤੇ ਇੱਕ ਸਲਾਹ ਦੇਣੀ ਬਣਦੀ..ਦਸਤਾਰ ਸਿਰ ਤੇ ਹੋਵੇ ਤਾਂ ਬਾਹਰਲੇ ਮੁਲਖ ਫ਼ਿਰਦਿਆਂ ਜੁੰਮੇਵਾਰੀ ਹੋਰ ਵੀ ਵੱਧ ਜਾਂਦੀ..ਹੋ ਸਕਦਾ ਜੋ ਖਾਣ ਪੀਣ ਰਹਿਣ ਸਹਿਣ ਲੀੜੇ ਲੱਤੇ ਪੌਣ ਹੰਢਾਉਣ ਲਹਿਜੇ ਬੋਲ ਬੁਲਾਰੇ ਆਪਣੀ ਧਰਤੀ ਤੇ ਬਹੁਤ ਨਖਿੱਧ ਅਤੇ ਹਾਸੋਹੀਣੇ ਗਿਣੇ ਜਾਂਦੇ ਹੋਣ ਉਹ ਜਿਥੇ ਵਿਚਰ ਰਹੇ ਹੋਵੋ..ਓਥੇ ਦੇ ਰਿਵਾਜ ਹੋਣ..ਕਲਚਰ ਦਾ ਹਿੱਸਾ ਹੋਣ..ਕਦੇ ਸਥਾਨਕ ਰਿਵਾਜਾਂ ਢੰਗ ਤਰੀਕਿਆਂ ਦਾ ਮਜਾਕ ਜਾ ਠਿੱਠ ਨਾ ਬਣਾਇਆ ਜੇ..ਕਈ ਵੇਰ ਅਗਲਾ ਬੋਲੀ ਭਾਵੇਂ ਨਹੀਂ ਸਮਝਦਾ ਪਰ ਤੁਹਾਡੇ ਚੇਹਰਿਆਂ ਤੇ ਆਏ ਹਾਵ-ਭਾਵ ਜਰੂਰ ਸਮਝ ਜਾਂਦਾ..ਸੋ ਨਿਮਰਤਾ ਸਾਹਿਤ ਬੇਨਤੀ ਹੈ ਕੇ ਸਥਾਨਿਕ ਕਦਰਾਂ ਕੀਮਤਾਂ ਦੀ ਕਦਰ ਕਰਨੀ ਕਦੇ ਨਾ ਛੱਡਿਓ..ਬਾਕੀ ਇਖਲਾਕ ਦੀ ਬਰਕਰਾਰੀ ਅਤੇ ਖੁਦ ਦੀ ਸਲਾਮਤੀ ਵਾਲੇ ਉਪਰਾਲੇ ਕਰਦੇ ਰਹਿਣਾ ਤਾਂ ਤੁਹਾਡੀ ਮੌਲਿਕ ਜੁੰਮੇਵਾਰੀ ਏ..ਜਿਉਂਦੇ ਵੱਸਦੇ ਰਹੋ..!
ਹਰਪ੍ਰੀਤ ਸਿੰਘ ਜਵੰਦਾ