1973 ਦੇ ਨੇੜੇ ਤੇੜੇ ਅਸੀਂ ਪੁਰਾਣਾ Escort 37 ਟਰੈਕਟਰ 17000 ਰੁਪਏ ਵਿੱਚ ਲਿਆਂਦਾ।ਟਰੈਕਟਰ ਨਾਲ ਸਾਰਾ ਸਮਾਨ ਟਰਾਲੀ ਤਵੀਆਂ ਕਰਾਹਾ ਪੁਲੀ ਸਭ ਕੁਝ ਸੀ। ਤੇ ਰਾਮ ਚੰਦ ਨਾਮ ਦਾ ਡਰਾਈਵਰ ਵੀ ਨਾਲ ਹੀ ਆਇਆ। ਫਿਰ ਅਸੀਂ ਸਾਡੇ ਨਜ਼ਦੀਕੀ ਰਿਸ਼ਤੇਦਾਰ ਜਿਸਨੇ ਸਾਡੇ ਕੋਲ ਰਹਿਕੇ ਹੀ ਦਸਵੀ ਪਾਸ ਕੀਤੀ ਸੀ ਨੂੰ ਸਿਖਲਾਈ ਦੇਕੇ ਟਰੈਕਟਰ ਉਸਦੇ ਹਵਾਲੇ ਕਰ ਦਿੱਤਾ। ਇਸਨੂੰ ਰੋਜ਼ਗਾਰ ਮਿਲ ਗਿਆ ਅਤੇ ਸਾਡਾ ਫਿਕਰ ਮੁੱਕ ਗਿਆ। ਟਰੈਕਟਰ ਲਈ 200 ਲੀਟਰ ਵਾਲਾ ਡਰੱਮ ਡੀਜ਼ਲ ਦਾ ਇੱਕਠਾ ਹੀ ਭਰਵਾਕੇ ਅਸੀਂ ਘਰੇ ਰੱਖਦੇ। ਤਾਂਕਿ ਰੋਜ਼ ਰੋਜ਼ ਡੀਜ਼ਲ ਲਈ ਸ਼ਹਿਰ ਨਾ ਜਾਣਾ ਪਵੇ। ਡਰੱਮ ਤੋਂ ਡੀਜ਼ਲ ਕੱਢਣ ਲਈ ਵੀਹ ਲੀਟਰ ਵਾਲੀ ਕੈਨੀ ਹੁੰਦੀ ਸੀ। ਪਾਪਾ ਜੀ ਨੇ ਇਸ ਨੂੰ ਸੁਖਾਲਾ ਬਣਾਉਣ ਲਈ ਉਸ ਮੁੰਡੇ ਤੋਂ ਰਬੜ ਦੀ ਟਿਊਬ ਮੰਗਵਾਈ। ਜੋ ਉਹ ਸ਼ਹਿਰੋਂ ਲੈ ਆਇਆ। ਉਹ ਟਿਊਬ ਪਤਲੀ ਸੀ ਤੇ ਦੋ ਕ਼ੁ ਸੂਤ ਮੋਟੀ ਧਾਰ ਨਿਕਲਦੀ ਸੀ। ਪਾਪਾ ਜੀ ਉਸ ਨਾਲ ਗੁੱਸੇ ਹੋਏ ਕਿ ਯਾਰ ਮੋਟੀ ਟਿਊਬ ਲਿਆਉਣੀ ਸੀ ਜਿਸ ਤੋ ਬਿੱਲੀ ਦੀ ਪੂਛ ਜਿੰਨੀ ਮੋਟੀ ਧਾਰ ਪਵੇ। ਫਿਰ ਉਹ ਆਪ ਮੋਟੀ ਟਿਊਬ ਲੈ ਆਏ। ਬਿੱਲੀ ਦੀ ਪੂਛ ਜਿੰਨੀ ਮੋਟੀ ਧਾਰ ਦੀ ਮੈਂ ਕਲਪਨਾ ਨਹੀਂ ਕਰੀ ਸੀ। ਮੇਰੇ ਲਈ ਉਹ ਅਚੰਭਾ ਸੀ ਤੇ ਬਿੱਲੀ ਦੀ ਪੂਛ ਵਰਗੀ ਧਾਰ ਵੇਖਣ ਲਈ ਉਤਾਵਲਾ ਸੀ। ਹੁਣ ਮੈਨੂੰ ਇਹ ਸੀ ਕਿ ਕਦੋਂ ਟਰੈਕਟਰ ਦਾ ਡੀਜ਼ਲ ਮੁੱਕੇ ਤੇ ਮੈਂ ਬਿੱਲੀ ਦੀ ਪੂਛ ਵਰਗੀ ਤੇਲ ਦੀ ਧਾਰ ਵੇਖਾਂ। ਫਿਰ ਇੱਕ ਦਿਨ ਮੌਕਾ ਮਿਲ ਹੀ ਗਿਆ। ਜਦੋਂ ਮਿੰਟਾਂ ਵਿਚ ਹੀ ਕੈਨੀ ਭਰੀ ਗਈ। ਧਾਰ ਬਿੱਲੇ ਦੀ ਪੂਛ ਜਿੰਨੀ ਮੋਟੀ ਸੀ। ਜੋ ਮੇਰੇ ਲਈ ਨਵੀਂ ਗੱਲ ਸੀ ਤੇ ਪਹਿਲਾ ਕਦੇ ਨਹੀਂ ਸੀ ਸੁਣੀ।
ਇਸੇ ਤਰਾਂ ਫਿਰ ਜਦੋ ਅਸੀਂ ਨਵਾਂ ਟਰੈਕਟਰ ਸਵਰਾਜ 735 ਲਿਆ ਤਾਂ ਅਜੇ ਉਸਦੀ ਆਰ ਸੀ ਨਹੀਂ ਸੀ ਬਣੀ। ਉਸਨੂੰ ਨੰਬਰ ਨਹੀਂ ਸੀ ਮਿਲਿਆ। ਕਿਸੇ ਨੇ ਕਿਹਾ ਕਿ ਤੁਸੀਂ AF ਮਤਲਬ ਅਪਲਾਈਡ ਫ਼ਾਰ ਲਿਖ ਲਵੋ। ਮੇਰੇ ਕਜਨ ਨੇ ਆਪਣਾ ਦਿਮਾਗ ਵਰਤਕੇ ਰਪਲਾਈਡ ਫ਼ਾਰ ਲਿਖ ਦਿੱਤਾ। ਕਿਉਂਕਿ ਉਸ ਸਮੇ ਬਹੁਤੇ ਕਾਲਾ ਅੱਖਰ ਭੈਂਸ ਬਰਾਬਰ ਸਨ। ਸਾਨੂੰ ਕਿਸੇ ਨੇ ਵੀ ਨਹੀਂ ਟੋਕਿਆ।
#ਰਮੇਸ਼ਸੇਠੀਬਾਦਲ