ਭਾਪਾ ਜੀ ਦੀ ਅਜੀਬ ਆਦਤ ਹੋਇਆ ਕਰਦੀ..ਹਰ ਸੁਵੇਰ ਘਰੋਂ ਕਾਹਲੀ ਵਿਚ ਨਿੱਕਲਦੇ..ਕਦੇ ਪੈਨ ਭੁੱਲ ਜਾਂਦੇ ਕਦੇ ਐਨਕ ਅਤੇ ਕਦੇ ਦੁਕਾਨ ਦੀਆਂ ਚਾਬੀਆਂ..!
ਮੈਂ ਮਗਰੋਂ ਅਵਾਜ ਮਾਰਨ ਲੱਗਦੀ ਤਾਂ ਬੀਜੀ ਡੱਕ ਦਿੰਦੀ..ਅਖ਼ੇ ਮਗਰੋਂ ਵਾਜ ਮਾਰਨੀ ਅਪਸ਼ਗੁਣ ਹੁੰਦਾ..ਨਾਲ ਹੀ ਚੁੱਲੇ ਤੇ ਚਾਹ ਦੇ ਦੋ ਕੱਪ ਵੀ ਰੱਖ ਦਿੰਦੀ..!
ਦਸਾਂ ਪੰਦਰਾਂ ਮਿੰਟਾਂ ਮਗਰੋਂ ਹੱਸਦੇ ਹੋਏ ਮੁੜ ਅਉਂਦੇ..ਆਖਦੇ ਭੋਲੀ ਮੈਂ ਐਨਕ ਤੇ ਘਰੇ ਭੁੱਲ ਗਿਆ..ਬੀਜੀ ਹੱਸਦੀ ਹੋਈ ਚਾਹ ਦਾ ਕੱਪ ਅਤੇ ਅਖਬਾਰ ਅੱਗੇ ਧਰ ਦਿੰਦੀ ਤੇ ਫੇਰ ਅਹੁੜ-ਪੌੜ ਵਿਚ ਅੱਧਾ ਘੰਟਾ ਹੋਰ ਲੰਘ ਜਾਂਦਾ!
ਸਦੀਵੀਂ ਸਫ਼ਰ ਤੇ ਗਿਆਂ ਨੂੰ ਅੱਜ ਪੂਰੇ ਦੋ ਵਰੇ ਹੋਣ ਲੱਗੇ..ਬੀਜੀ ਓਹਨਾ ਦੀਆਂ ਚੀਜਾਂ ਨਾ ਤੇ ਵੰਡਣ ਦਿੰਦੀ ਤੇ ਨਾ ਹੀ ਸੁੱਟਣ..ਆਖਦੀ ਵਾਪਿਸ ਪਰਤਣ ਲਈ ਕੋਈ ਨਾ ਕੋਈ ਵਜਾ ਤੇ ਹੋਣੀ ਹੀ ਚਾਹੀਦੀ..ਚਾਹੇ ਇਨਸਾਨ ਹੋਵੇ ਜਾਂ ਫੇਰ ਉਸਦੀ ਰੂਹ..ਜਿਕਰਯੋਗ ਏ ਹੁਣ ਚਾਹ ਵੀ ਦੋ ਕੱਪ ਪੀਂਦੇ!
ਹਰਪ੍ਰੀਤ ਸਿੰਘ ਜਵੰਦਾ