ਸੱਤਰ ਅੱਸੀ ਦੇ ਦਹਾਕੇ ਵਿੱਚ ਸਾਡੇ ਸ਼ਹਿਰ ਵਿੱਚ ਚੰਨੀ ਹਲਵਾਈ ਦੀ ਦੁਕਾਨ ਬਹੁਤ ਮਸ਼ਹੂਰ ਹੁੰਦੀ ਸੀ। ਅੰਕਲ ਦਾ ਪੂਰਾ ਨਾਮ ਗੁਰਚਰਨ ਦਾਸ ਸੇਠੀ ਸੀ ਪਰ ਵੱਡੇ ਛੋਟੇ ਸਭ ਚੰਨੀ ਸੇਠੀ ਯ ਚੰਨੀ ਹਲਵਾਈ ਦੇ ਨਾਮ ਨਾਲ ਹੀ ਜਾਣਦੇ ਸਨ। ਉਹ ਦਾ ਲੜਕਾ ਵਿਜੈ ਮੇਰਾ ਹਮ ਜਮਾਤੀ ਵੀ ਸੀ ਤੇ ਦੋਸਤ ਵੀ। ਸਾਡੇ ਪਰਿਵਾਰਾਂ ਦੀ ਸਾਂਝ ਤੇ ਦੋਸਤੀ ਅੱਜ ਵੀ ਜਿਓਂ ਦੀ ਤਿਉਂ ਹੈ। ਖੈਰ ਅਸਲ ਮੁੱਦੇ ਵੱਲ ਆਉਂਦੇ ਹਾਂ। ਇੱਕ ਦਿਨ ਬਾਜ਼ਾਰ ਚੋ ਵਾਪਸੀ ਦੇ ਸਮੇ ਮੇਰੇ ਪਾਪਾ ਜੀ ਨੇ ਅੱਧਾ ਕਿਲੋ ਦਹੀ ਲੈਣ ਲਈ ਆਪਣਾ ਮੋਟਰ ਸਾਈਕਲ ਚੰਨੀ ਸੇਠੀ ਦੀ ਦੁਕਾਨ ਤੇ ਰੋਕਿਆ। ਰੋਜ਼ ਦੇ ਰੂਟੀਨ ਦੀ ਤਰਾਂ ਸ਼ਾਮੀ ਮੇਰਾ ਦੋਸਤ ਵਿਜੈ ਕਾਊਂਟਰ ਤੇ ਡਿਊਟੀ ਦੇ ਰਿਹਾ ਸੀ। ਉਸਨੇ ਪਾਪਾ ਜੀ ਨੂੰ ਅੱਧਾ ਕਿਲੋ ਦਹੀ ਦੇ ਦਿੱਤੀ ਤੇ ਬਣਦੇ ਪੈਸੇ ਯਾਨੀ ਪੰਜ ਰੁਪਏ ਲੈ ਲਏ। ਤੇ ਨਾਲ ਹੀ ਇੱਕ ਕੈਂਪਾਂ ਕੋਲਾ ਦੀ ਬੋਤਲ ਖੋਲ ਦਿੱਤੀ ਤੇ ਪਾਪਾ ਜੀ ਦੇ ਅੱਗੇ ਕਰ ਦਿੱਤੀ। ਲਓ ਅੰਕਲ ਜੀ ਠੰਡਾ ਪੀ ਲਵੋ ।
ਯਾਰ ਮੈਂ ਪੰਜ ਰੁਪਏ ਦੀ ਤਾਂ ਦਹੀ ਲਈ ਹੈ ਤੇ ਤੂੰ ਦਸ ਰੁਪਏ ਦੀ ਬੋਤਲ ਮੇਰੇ ਅੱਗੇ ਕਰ ਦਿੱਤੀ। ਤੇ ਪੰਜ ਰੁਪਏ ਦਹੀ ਦੇ ਵੀ ਕੱਟ ਲਏ। ਮੇਰੇ ਪਾਪਾ ਜੀ ਨੇ ਹੈਰਾਨ ਹੋ ਕੇ ਕਿਹਾ।
ਅੰਕਲ ਜੀ ਦਹੀ ਮੈਂ ਵੇਚੀ ਹੈ ਤੇ ਮੈਂ ਦੁਕਾਨਦਾਰ ਦੇ ਰੂਪ ਵਿੱਚ ਇੱਕ ਗ੍ਰਾਹਕ ਨੂੰ ਪੰਜ ਰੁਪਏ ਦੀ ਦਹੀ ਦਿੱਤੀ ਹੈ।
ਪਰ ਤੁਹਾਡਾ ਅਜੀਜ ਹੋਣ ਕਰਕੇ ਮੈਂ ਮੇਰੀ ਦੁਕਾਨ ਤੇ ਆਏ ਮੇਰੇ ਅੰਕਲ ਨੂੰ ਠੰਡਾ ਆਪਣਾ ਫਰਜ਼ ਸਮਝ ਕੇ ਪਿਲਾ ਰਿਹਾ ਹਾਂ। ਤੇ ਇਸ ਵਿੱਚ ਪੈਸੇ ਦਾ ਕੋਈ ਮਤਲਬ ਨਹੀਂ। ਮੇਰੇ ਦੋਸਤ ਵਿਜੈ ਨੇ ਸੁਲਝਿਆ ਹੋਇਆ ਜਬਾਬ ਦਿੱਤਾ।
ਪਾਪਾ ਜੀ ਨੇ ਇਹ ਗੱਲ ਘਰੇ ਆ ਕੇ ਦੱਸੀ।ਤੇ ਬਹੁਤ ਖੁਸ਼ ਹੋਏ। ਤੇ ਮੈਨੂੰ ਵੀ ਵਿਜੈ ਦੀ ਦੋਸਤੀ ਤੇ ਮਾਣ ਮਹਿਸੂਸ ਹੋਇਆ।
#ਰਮੇਸ਼ਸੇਠੀਬਾਦਲ