#ਕੀ_ਸਬਜ਼ੀ_ਬਣਾਈਏ।
“ਕੀ ਸਬਜ਼ੀ ਬਣਾਈਏ?” ਉਸਨੇ ਕਈ ਦਿਨਾਂ ਬਾਅਦ ਮੈਨੂੰ ਇਹ ਸਵਾਲ ਪੁੱਛਿਆ ਜਿਸ ਤੇ ਮੈਂ ਥੋੜ੍ਹਾ ਹੈਰਾਨ ਵੀ ਹੋਇਆ।
“ਘਰੇ ਕੀ ਕੀ ਸਬਜ਼ੀ ਪਈ ਹੈ?” ਕੇਬੀਸੀ ਵਾੰਗੂ ਮੈਂ ਆਪਸ਼ਨ ਜਾਨਣ ਲਈ ਪੁੱਛਿਆ ਤਾਂਕਿ ਸਹੀ ਜਵਾਬ ਦੇ ਸਕਾਂ।
“ਮਟਰ ਪਨੀਰ ਬਣ ਸਕਦੇ ਹੈ। ਪਨੀਰ ਭੁਰਜੀ ਵੀ। ਟਿੰਡੀਆਂ ਤੇ ਕੱਦੂ ਵੀ ਪਏ ਹਨ। ਜੇ ਆਖੋ ਤਾਂ ਵੇਸ਼ਣ ਘੋਲ ਦਿੰਦੀ ਹਾਂ ਜ ਵੇਸ਼ਣ ਦੇ ਗੱਟੇ ਬਣਾ ਦਿੰਦੀ ਹਾਂ।” ਉਸਨੇ ਅਮਿਤਾਬ ਬਚਨ ਨਾਲੋਂ ਵੀ ਇੱਕ ਆਪਸ਼ਨ ਵੱਧ ਦੇ ਦਿੱਤਾ।
“ਸੋਚਕੇ ਦੱਸਦਾ ਹਾਂ।” ਮੈਂ ਭਾਰਤੀ ਨਿਆਂ ਪਾਲਿਕਾ ਵਾੰਗੂ ਫੈਸਲਾ ਰਿਜ਼ਰਵ ਰੱਖ ਲਿਆ। ਉਂਜ ਆਪਸ਼ਨ ਵੀ ਬਾਹਲੇ ਸਨ।
“ਆਪਾਂ ਦੋਨਾਂ ਨੇ ਹੀ ਖਾਣੀ ਹੈ। ਬੇਟੇ ਦਾ ਤਾਂ ਲੰਚ ਦਫਤਰ ਵਿੱਚ ਹੈ ਤੇ ਬੇਟੀ ਨੇ ਜਾੜ੍ਹ ਕਢਵਾਈ ਹੈ।” ਉਸਨੇ ਗੱਲ ਸ਼ਾਫ ਕੀਤੀ।
“ਚੱਲ ਆਪਣੇ ਤਾਂ ਅੱਜ ਰਸੇਵਾਲੇ ਆਲੂ ਹੀ ਬਣਾ ਲ਼ੈ, ਗਰੀਬਾਂ ਵਾਲੇ। ਬਹੁਤ ਚਿਰ ਹੋਗਿਆ ਖਾਧਿਆਂ ਨੂੰ।” ਮੈਂ ਦਿਲ ਦੀ ਗੱਲ ਆਖੀ। ਕਿਉਂਕਿ ਮਾਂ ਬਣਾਉਂਦੀ ਹੁੰਦੀ ਸੀ। ਬਹੁਤ ਸੁਆਦ ਲੱਗਦੇ ਸਨ। ਇਹ ਪਨੀਰ ਮਸ਼ਰੂਮ ਤਾਂ ਬਾਦ ਵਿੱਚ ਖਾਣ ਲੱਗੇ। ਬਚਪਨ ਵਿੱਚ ਰਸੇਵਾਲੇ ਆਲੂਆਂ ਦੀ ਸਬਜ਼ੀ ਹੀ ਮੇਵਾ ਲੱਗਦੀ ਸੀ। ਅੱਜ ਦੀ ਪੀੜ੍ਹੀ ਨੂੰ ਪਸੰਦ ਨਹੀਂ ਆਉਂਦੀਆਂ ਇਹੋ ਜਿਹੀਆਂ ਸਬਜ਼ੀਆਂ। ਫਿਰ ਉਸਨੇ ਅਦਰਕ, ਪਿਆਜ਼, ਲਸਣ ਤੇ ਟਮਾਟਰ ਪਾਕੇ ਸਬਜ਼ੀ ਬਣਾਈ। ਲਾਜਵਾਬ ਟੇਸਟ। ਗੋਪਾਲ ਸਵੀਟਸ ਵਾਲੇ ਇੱਕ ਪਲੇਟ ਦੇ ₹189 ਲਾਉਣ। ਇਹੋ ਜਿਹੀ ਸੁਆਦ ਫਿਰ ਵੀ ਨਹੀਂ ਬਣਨੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ