ਬਹੁਤ ਸਾਲ ਹੋਗੇ ਬੇਗਮ ਦਾ ਇਲਾਜ਼ ਬਠਿੰਡੇ ਦੇ ਮਸ਼ਹੂਰ ਡਾਕਟਰ ਭੰਗੂ ਕੋਲ੍ਹ ਚੱਲਦਾ ਸੀ। ਅਸੀਂ ਛੁੱਟੀ ਵਾਲੇ ਦਿਨ ਉਚੇਚਾ ਦਵਾਈ ਲੈਣ ਆਉਂਦੇ। ਉਥੇ ਹੀ ਮੇਰੀ ਇੱਕ ਸਾਬਕਾ ਸਟੂਡੈਂਟ ਨਰਸ ਲੱਗੀ ਹੋਈ ਸੀ। ਕਈ ਵਾਰੀ ਅਸੀਂ ਉਸ ਨੂੰ ਫੋਨ ਕਰਕੇ ਆਪਣਾ ਨਾਮ ਲਿਖਵਾ ਦਿੰਦੇ। ਇਸ ਨਾਲ ਸਾਨੂੰ ਬਹੁਤੀ ਦੇਰ ਇੰਤਜ਼ਾਰ ਨਹੀਂ ਸੀ ਕਰਨਾ ਪੈਂਦਾ। ਡਾਕਟਰ ਸਾਹਿਬ ਦਾ ਸੁਭਾਅ ਵਧੀਆ ਹੈ। ਉਂਜ ਵੀ ਉਹ ਖੁੱਲ੍ਹ ਕੇ ਗਲਬਾਤ ਕਰਦੇ। ਇੱਕ ਦਿਨ ਡਾਕਟਰ ਸਾਹਿਬ ਨੇ ਅਲਟਰਾ ਸਾਉਂਡ ਕਰਵਾਉਣ ਦੀ ਸਲਾਹ ਦਿੱਤੀ ਤੇ ਨਾਲ ਹੀ ਕੋਈਂ ਵਿਸ਼ੇਸ਼ ਸੈਂਟਰ ਦਾ ਹਵਾਲਾ ਦਿੱਤਾ। ਸਾਨੂੰ ਓਥੇ ਹੀ ਜਾਣ ਨੂੰ ਕਿਹਾ ਗਿਆ। ਮੈਨੂੰ ਲੱਗਿਆ ਕਿ ਲਓ ਜੀ ਡਾਕਟਰ ਸਾਹਿਬ ਨੇ ਆਪਣੇ ਕਮਿਸ਼ਨ ਦਾ ਜੁਗਾੜ ਫਿੱਟ ਕਰ ਲਿਆ। ਅਸੀਂ ਉਸੇ ਸੈਂਟਰ ਤੇ ਜਾਕੇ ਅਲਟਰਾ ਸਾਉਂਡ ਕਟਵਾਉਣ ਲਈ ਬਣਦੀ ਫੀਸ ਪੰਜ ਸੋ ਰੁਪਏ ਜਮਾਂ ਕਰਵਾ ਦਿੱਤੀ। ਕਾਊਂਟਰ ਤੇ ਬੈਠੇ ਸਰਦਾਰ ਜੀ ਨੰਬਰ ਆਉਣ ਤੇ ਸਭ ਨੂੰ ਰਿਪੋਰਟ ਦਸਤੀ ਦੇ ਰਹੇ ਸਨ। ਪਰ ਜਦੋਂ ਸਾਡਾ ਨੰਬਰ ਆਇਆ ਤਾਂ ਕਾਊਂਟਰ ਵਾਲੇ ਸਰਦਾਰ ਜੀ ਨੇ ਮੈਨੂੰ ਅੰਦਰ ਬੁਲਾਇਆ। ਮੈਂ ਡਰ ਗਿਆ ਕਿ ਰਿਪੋਰਟ ਮਾੜੀ ਹੋਵੇਗੀ। ਪਰ ਅੰਦਰ ਬੁਲਾਕੇ ਉਸ ਨੇ ਮੈਨੂੰ ਰਿਪੋਰਟ ਦੇ ਨਾਲ ਨਾਲ ਇੱਕ ਸੋ ਦਾ ਨੋਟ ਵੀ ਪਕੜਾ ਦਿੱਤਾ। ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਡਾਕਟਰ ਭੰਗੂ ਆਪਣਾ ਕਮਿਸ਼ਨ ਮਰੀਜ ਨੂੰ ਛੱਡ ਦਿੰਦੇ ਹਨ। ਜੋ ਅਸੀਂ ਪਰਦੇ ਨਾਲ ਵਾਪਿਸ ਕਰ ਦਿੰਦੇ ਹਾਂ। ਡਾਕਟਰ ਭੰਗੂ ਦਾ ਹਸਪਤਾਲ ਉਹਨਾਂ ਦਿਨਾਂ ਵਿੱਚ ਹਾਜ਼ੀ ਰਤਨ ਰੋਡ ਤੇ ਕਿਸੇ ਗਲੀ ਵਿੱਚ ਸੀ। ਅੱਜਕਲ੍ਹ ਕਿੱਥੇ ਹੈ ਪਤਾ ਨਹੀਂ। ਡਾਕਟਰ ਵਾਕਿਆ ਹੀ ਰੱਬ ਹੁੰਦੇ ਹਨ ਪਰ ਇਹ ਗਿਣਤੀ ਘੱਟ ਰਹੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ