ਮਿਤੀ 30 ਜੂਨ 2019
ਸਮਾਂ ਕੋਈ ਸਾਢੇ ਨੋ ਵਜੇ ਰਾਤੀ।
ਜਗ੍ਹਾ ਸਾਗਰ ਰਤਨਾਂ ਹੋਟਲ ਦੇ
ਸਾਹਮਣੇ।
ਕਾਰਾਂ ਦੀ ਭੀੜ ਵਿਚ । ਇੱਕ ਇਨੋਵਾ ਗੱਡੀ ਵਿਚਾਲੇ ਖੜੀ ਸੀ। ਦੂਜੀਆਂ ਗੱਡੀਆਂ ਦੇ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੀ। ਬਹੁਤ ਗੁੱਸਾ ਆਇਆ। ਇਨੋਵਾ ਵਾਲੇ ਤੇ। ਬੜੀ ਮੁਸ਼ਕਿਲ ਨਾਲ ਉਸਨੂੰ ਲੱਭਿਆ। ਗੱਡੀ ਵਿੱਚ ਵਿਚਾਲੇ ਲਾਉਣ ਤੇ ਗੁੱਸਾ ਕੀਤਾ। ਖਰੀਆਂ ਖਰੀਆਂ ਸੁਣਾਉਣ ਦਾ ਇਰਾਦਾ ਸੀ। ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਬੋਲਿਆ।
ਬੇਟਾ ਮੇਰੀ ਗੱਡੀ ਬੰਦ ਹੋ ਗਈ। ਸਟਾਰਟ ਨਹੀਂ ਹੋ ਰਹੀ। ਪਲੀਜ ਤੁਸੀਂ ਸੈਲਫ ਮਾਰੋ। ਮੈਂ ਧੱਕਾ ਲਾਉਂਦਾ ਹਾਂ। ਕੋਈ 55 60 ਸਾਲ ਦੇ ਬਾਬੂ ਨੇ ਕਿਹਾ।
ਨਹੀਂ ਅੰਕਲ ਤੁਸੀਂ ਧੱਕਾ ਲਾਉਂਦੇ ਚੰਗੇ ਨਹੀਂ ਲੱਗਦੇ। ਮੈਂ ਧੱਕਾ ਲਾਉਂਦਾ ਹਾਂ ਤੁਸੀਂ ਮਾਰੋ ਸੈਲਫ।
ਪਰ ਗੱਲ ਨਹੀਂ ਬਣੀ। ਫਿਰ ਸਫਾਰੀ ਵਿਚੋਂ ਤਾਰਾਂ ਅਤੇ ਕਲੰਪ ਕੱਢਕੇ ਆਪਣੀ ਬੈਟਰੀ ਨਾਲ਼ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਨੋਵਾ ਟਸ ਤੋਂ ਮਸ ਨਾ ਹੋਈ। ਬੇਟਾ ਮੇਰੇ ਨਾਲ ਮੇਰੀ ਬੀਵੀ ਤੇ ਬੇਟੀ ਹੈ। ਬਹੁਤ ਪ੍ਰੇਸ਼ਾਨ ਹਾਂ। ਪਲੀਜ ਹੈਲਪ ਮੀ। ਬਾਬੂ ਵਾਕਿਆ ਹੀ ਪ੍ਰੇਸ਼ਾਨ ਸੀ। ਕੋਈ ਮਕੈਨਿਕ ਮਿਲਣ ਦਾ ਵੀ ਚਾਂਸ ਨਹੀਂ ਸੀ।
ਠਹਿਰੋ ਅੰਕਲ ਆਪਾਂ ਟੋਚਨ ਪਾਕੇ ਸਟਾਰਟ ਕਰਦੇ ਹਾਂ।
ਪਰ ਬੇਟਾ ਮੇਰੇ ਕੋਲ ਟੋਚਨ ਵੀ ਨਹੀਂ ਹੈ।
ਨਹੀਂ ਅੰਕਲ ਮੇਰੇ ਕੋਲ ਹੈ।
ਪਰ ਬੇਟਾ ਮੈਨੂੰ ਨਹੀਂ ਪਤਾ ਮੇਰੀ ਗੱਡੀ ਦੇ ਟੋਚਨ ਕਿੱਥੇ ਪਵੇਗਾ।
ਕੋਈ ਚਿੰਤਾ ਨਾ ਕਰੋ ਅੰਕਲ।
ਗੱਡੀ ਤੋਂ ਟੋਚਨ ਕੱਢਿਆ । ਇਨੋਵਾ ਦੇ ਪਾਇਆ ਤੇ ਸਫਾਰੀ ਨਾਲ਼ ਗੱਡੀ ਸਟਾਰਟ ਕੀਤੀ। ਮਿਹਨਤ ਕਾਮਜਾਬ ਹੋਈ। ਅੰਕਲ ਦੇ ਚੇਹਰੇ ਤੇ ਖੁਸ਼ੀ ਸੀ ਮੂੰਹ ਤੇ ਲਾਲੀ। ਧੰਨਵਾਦ ਵਰਗੇ ਸ਼ਬਦ ਉਸਨੂੰ ਛੋਟੇ ਲੱਗ ਰਹੇ ਸਨ। ਸਿਰਫ ਉਹ ਮੁਸਕਰਾ ਹੀ ਸਕਿਆ। ਉਸਤੋਂ ਬੋਲਿਆ ਨਾ ਗਿਆ। ਇਨੋਵਾ ਚ ਬੀਵੀ ਤੇ ਬੇਟੀ ਨੂੰ ਬਿਠਾਕੇ ਚਲਾ ਗਿਆ।
ਇਧਰ ਵੀ ਖੁਸ਼ੀ ਹੀ ਸੀ। ਚਲੋ ਮੇਰੀ ਮੇਹਨਤ ਨਾਲ ਕਿਸੇ ਨੂੰ ਖੁਸ਼ੀ ਮਿਲੀ। ਮੇਰਾ ਟੋਚਨ ਕਿਸੇ ਦੇ ਕੰਮ ਆਇਆ। ਹਜ਼ਾਰ ਰੁਪਈਆ ਲਗਾਇਆ ਵਧੀਆ ਕੰਮ ਦੇ ਗਿਆ। ਆਪਣੇ ਸਮੇਂ ਵਿਚੋਂ ਸਮਾਂ ਕੱਢਕੇ ਹੀ ਅਸੀਂ ਖੁਸ਼ੀਆਂ ਖਰੀਦ ਸਕਦੇ ਹਾਂ। ਇਹ ਵੀ ਭਲਾ ਹੀ ਸੀ। ਪੁੰਨ ਸੀ। ਦਾਨ ਸੀ। ਸਭ ਤੋਂ ਵੱਡੀ ਗੱਲ ਮਨ ਨੂੰ ਖੁਸ਼ੀ ਮਿਲੀ। ਉਸਤੋਂ ਵੀ ਵੱਡੀ ਗੱਲ ਉਹ ਸਫ਼ਾਰੀ ਵਾਲਾ ਮੇਰਾ ਛੋਟਾ ਬੇਟਾ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ