ਛੋਟੇ ਹੁੰਦੇ ਅਕਸਰ ਹੀ ਇਹ ਪੜ੍ਹਦੇ ਹੁੰਦੇ ਸੀ। ਮਤਲਬ ਵੀ ਪਤਾ ਲੱਗ ਗਿਆ ਸੀ ਕਿ ਸਾਰੀਆਂ ਚਮਕਣ ਵਾਲੀਆਂ ਚੀਜ਼ਾਂ ਸੋਨਾ ਨਹੀਂ ਹੁੰਦੀਆਂ। ਜੋ ਨਜ਼ਰ ਆਉਂਦਾ ਹੈ ਉਹ ਸੱਚ ਨਹੀਂ ਹੁੰਦਾ। ਜੋ ਅਸੀਂ ਵੇਖਦੇ ਹਾਂ ਉਹ ਓੰਹੀ ਨਹੀਂ ਹੁੰਦਾ ਜੋ ਸਾਨੂੰ ਨਜ਼ਰ ਆਉਂਦਾ ਹੈ। ਅਸੀਂ ਦੂਜਿਆਂ ਨੂੰ ਵੇਖਕੇ ਭੁਲੇਖੇ ਵਿੱਚ ਹੀ ਰਹਿੰਦੇ ਹਾਂ। ਇਸੇ ਲਈ ਅਸੀਂ ਜਲਦੀ ਠੱਗੀ ਠੋਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਨਹੀਂ ਤਾਂ ਦੂਸਰਿਆਂ ਨੂੰ ਵੇਖਕੇ ਕੁਲਝਦੇ ਤਾਂ ਰਹਿੰਦੇ ਹੀ ਹਾਂ। ਗੱਲ ਦੂਰੋਂ ਚਮਕਣ ਵਾਲੀਆਂ ਵਸਤੂਆਂ ਦੀ ਕਰਦੇ ਹਾਂ। ਮੋਬਾਇਲ ਤੇ ਧੜਾ ਧੜ ਵੀਡੀਓ ਆਉਂਦੀਆਂ ਹਨ ਇੱਕ ਥਾਰ ਪੰਜ ਸੌ ਚ, ਮੈਸੀ ਫਰਗੁਸ਼ਨ ਟਰੈਕਟਰ 500 ਚ। ਕੋਈਂ ਕਹਿਂਦਾ ਜੀ ਇਨਫੀਲਡ ਮੋਟਰ ਸਾਈਕਲ ਵੀ। ਬੱਸ ਦੋ ਦਿਨ ਬਾਕੀ। ਬੱਸ ਬਾਰਾਂ ਘੰਟੇ ਬਾਕੀ। ਹਜ਼ਾਰ ਵਿਚ ਚਾਰ ਕਪੂਨ। ਮਤਲਬ ਲੋਕਾਂ ਨੂੰ ਲੁਭਾਉਂਦੇ ਹਨ। ਵਰਗਲਾਉਂਦੇ ਹਨ। ਅਸੀਂ ਹੀ ਨਹੀਂ ਸਾਡੇ ਵਰਗੇ ਕਈ ਹੋਰ ਵੀ ਇਸੇ ਚਮਕ ਦਾ ਸ਼ਿਕਾਰ ਹੋ ਜਾਂਦੇ ਹਨ। ਕਦੇ ਕਿਸੇ ਨੂੰ ਤੁਸੀਂ ਥਾਰ ਨਿਕਲਦੀ ਵੇਖੀ। ਨਹੀਂ ਨਾ। ਇਸ ਦੇ ਲਈ ਸਾਡੇ ਨਾਲ ਨਾਲ ਵੀਡੀਓ ਤੇ ਪ੍ਰਚਾਰ ਕਰਨ ਵਾਲੇ ਜਿਆਦਾ ਦੋਸ਼ੀ ਹਨ ਜੋ ਬਨਾਵਟੀ ਚਮਕ ਵਿਖਾਕੇ ਜਨਤਾ ਨੂੰ ਹੋਰ ਉੱਲੂ ਬਣਾਉਂਦੇ ਹਨ। ਠੱਗੀ ਮਾਰਨ ਵਾਲੇ ਨਾਲੋਂ ਠੱਗੀਆਂ ਮਰਵਾਉਣ ਵਾਲੇ ਵੱਡੇ ਦੋਸ਼ੀ।
ਅਸੀਂ ਕਿਸੇ ਕੋਲੋਂ ਉਸਦੀ ਔਲਾਦ ਦੀਆਂ ਸਿਫ਼ਤਾਂ ਸੁਣਕੇ ਆਪਣੀ ਔਲਾਦ ਨੂੰ ਕੋਸਣ ਲੱਗ ਜਾਂਦੇ ਹਾਂ। ਕਿ ਸਾਡੇ ਵਾਲੇ ਤਾਂ ਜਵਾਂ ਨਿਕੰਮੇ ਅਵਾਰਾ ਬਤਮੀਜ ਹਨ। ਮਿਠੀਆਂ ਮਾਰਦੇ ਕਿਸੇ ਮਾਂ ਬਾਪ ਨੂੰ ਦੇਖਕੇ ਸੋਚਦੇ ਹਾਂ ਕਿ ਇਹ ਬਹੁਤ ਚੰਗੇ ਹਨ ਸਾਡੇ ਆਲੇ ਤਾਂ ਜਵਾਂ ਹੀ ਬੱਸ ਹੀ ਹਨ। ਜਦੋਂ ਕਿ ਅਸਲੀਅਤ ਕੁਝ ਹੋਰ ਹੁੰਦੀ ਹੈ। ਨਾ ਸਾਰੀ ਔਲਾਦ ਚੰਗੀ ਹੁੰਦੀ ਹੈ ਨਾ ਸਾਰੇ ਮਾਪੇ। ਘਰ ਘਰ ਇੱਕੋ ਹੀ ਬਿਮਾਰੀ ਹੈ। ਕਈ ਦੂਸਰਿਆਂ ਦੇ ਸਹੁਰਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਵੇਖਕੇ ਸੜੀ ਜਾਂਦੇ ਹਨ ਅਤੇ ਆਪਣਿਆਂ ਦਾ ਰੋਣਾ ਰੋਂਦੇ ਰਹਿੰਦੇ ਹਨ। ਪਰ ਦੋਸਤੋਂ ਕੁਝ ਕੁ ਨੂੰ ਛੱਡਕੇ ਬਹੁਤੇ ਪੈਸੇ ਦੇ ਪੀਰ ਹੀ ਹੁੰਦੇ ਹਨ। ਸਫੈਦ ਖੂਨ ਵਾਲੇ। ਆਪਣੇ ਤਾਂ ਹੋ ਸਕਦਾ ਹੈ ਮਾੜੇ ਮੋਟੇ ਚੰਗੇ ਹੋਣ ਪਰ ਬਹੁਤਿਆਂ ਦੀ ਤਾਂ ਰਾਮ ਹੀ ਭਲੀ ਹੈ। ਕਈ ਇਹ ਵੀ ਕਹਿੰਦੇ ਹਨ ਕਿ ਆਪਣੀ ਔਲਾਦ ਤੇ ਦੂਸਰੇ ਦੀ ਜਨਾਨੀ ਸਭ ਨੂੰ ਚੰਗੀ ਲੱਗਦੀ ਹੈ। ਪਰ ਸਮਾਜ ਵਿਚ ਖੁੱਲ੍ਹਕੇ ਵਿਚਰਨ ਨਾਲ ਇਹ ਭੁਲੇਖਾ ਵੀ ਜਲਦੀ ਦੂਰ ਹੋ ਜਾਂਦਾ ਹੈ। ਨਾ ਹੀ ਆਪਣੀ ਔਲਾਦ ਚੰਗੀ ਨਿਕਲਦੀ ਹੈ ਤੇ ਨਾ ਹੀ ਜਨਾਨੀ ਇੰਨੀ ਮਾੜੀ ਹੁੰਦੀ ਹੈ।
ਪਰਿਵਾਰ ਤੋਂ ਬਾਅਦ ਸਾਡੀ ਇਹੀ ਸੋਚ ਸਿਆਸੀ ਪਾਰਟੀਆਂ ਅਤੇ ਆਗੂਆਂ ਪ੍ਰਤੀ ਹੁੰਦੀ ਹੈ। ਪਰ ਚੰਗਾ ਕੋਈਂ ਵੀ ਨਹੀਂ ਨਿਕਲਦਾ। ਇੱਕ ਜਾਂਦਾ ਤੇ ਦੂਜਾ ਆਉਂਦਾ ਹੈ। ਪਰ ਓਹ ਪਹਿਲੇ ਨੂੰ ਚੰਗਾ ਅਖਵਾ ਦਿੰਦਾ ਹੈ। ਬਾਦਲ ਕੈਪਟਨ ਚੰਨੀ ਤੇ ਭਗਵੰਤ ਸਭ ਇੱਕ ਤੋਂ ਇੱਕ ਚੜ੍ਹਦੇ ਚੰਦ ਨਿਕਲੇ। ਕਿਸੇ ਵੀ ਸਰਕਾਰ ਦੇ ਆਉਣ ਦੇ ਧਰਨਾਕਾਰੀਆਂ ਤੇ ਲਾਠੀਚਾਰਜ ਬੰਦ ਨਾ ਹੋਇਆ। ਹਰ ਸਰਕਾਰ ਵੇਲੇ ਪ੍ਰਦਰਸ਼ਨਕਾਰੀ ਛੱਲੀਆਂ ਵਾਂਗ ਕੁੱਟੇ ਗਏ। ਕਿਉਂਕਿ ਸੱਤਾ ਵਿੱਚ ਕੋਈਂ ਵੀ ਪਾਰਟੀ ਹੋਵੇ। ਪੁਲਸ ਤਾਂ ਉਹੀ ਹੁੰਦੀ ਹੈ। ਪੁਲਸ ਕਦੇ ਹੁਕਮ ਅਬਦੁਲੀ ਨਹੀਂ ਕਰਦੀ। ਫਿਰ ਜਿਆਦਾ ਚਮਕਣ ਵਾਲੇ ਕਿਹੜਾ ਸੋਨਾ ਨਿਕਲੇ। ਉਹਨਾਂ ਨੇ ਵੀ ਝੰਬਿਆ ਤੇ ਇਹਨਾਂ ਨੇ ਵੀ।
ਪਰਿਵਾਰਿਕ ਸਮਾਜਿਕ ਰਾਜਨੈਤਿਕ ਤੋਂ ਬਾਅਦ ਜੇ ਧਾਰਮਿਕ ਕੰਮਾਂ ਦੀ ਗੱਲ ਕਰੀਏ ਤਾਂ ਕਿਸੇ ਵੀ ਧਰਮ ਦੇ ਨੇੜੇ ਜਾਕੇ ਵੇਖੋ ਤਾਂ ਹਰ ਜਗ੍ਹਾ ਹੀ ਪੈਸਾ ਹੀ ਪ੍ਰਧਾਨ ਹੈ। ਪੈਸੇ ਬਿਨਾਂ ਕੋਈਂ ਧਰਮ ਨਹੀਂ ਚੱਲਦਾ। ਗੋਲਕ ਹਰ ਜਗ੍ਹਾ ਓਥੋਂ ਦੇ ਰੱਬ ਨਾਲੋਂ ਪਹਿਲਾਂ ਮੂੰਹ ਅੱਡੀ ਖੜੀ ਹੁੰਦੀ ਹੈ। ਗੋਲਕ ਨੂੰ ਖਾਣ ਵਾਲੇ ਉਸਦੇ ਹੀ ਅਖੌਤੀ ਰਖਵਾਲੇ ਹੀ ਹੁੰਦੇ ਹਨ। ਦੂਰੋਂ ਚਮਕਣ ਵਾਲੇ ਧਰਮ ਤੇ ਧਾਰਮਿਕ ਅਸਥਾਨ ਨੇੜੇ ਜਾਇਆਂ ਤੋਂ ਨਿਰੇ ਖਰੇ ਸੋਨੇ ਵਾੰਗੂ ਚਮਕਦੇ ਨਹੀਂ ਮਿਲਦੇ। ਧਰਮ ਦੇ ਅਸੂਲਾਂ ਦੇ ਉਲਟ ਓਥੇ ਵੀ ਲੁੱਟ ਘਸੁੱਟ ਦਾ ਰਾਜ ਹੁੰਦਾ ਹੈ।
ਗੱਲ ਓਥੇ ਹੀ ਮੁਕਦੀ ਹੈ ਕਿ ਇਹ ਚਮਕਣ ਵਾਲੀਆਂ ਸਾਰੀਆਂ ਵਸਤੂਆਂ ਸੋਨਾ ਨਹੀਂ ਹੁੰਦੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ