“ਭਾਜੀ ਜਦੋਂ ਦਾਰ ਜੀ ਪਾਕਿਸਤਾਨ ਤੋਂ ਇੱਧਰ ਆਏ ਤਾਂ ਇਹਨਾਂ ਨੂੰ ਬਟਾਲੇ ਦੇ ਲਾਗੇ ਸ਼ੇਰਪੁਰ, ਸਠਿਆਲੀ ਤੇ ਤਲਵੰਡੀ ਤੁੰਗਲਾਂ ਨਾਮੀ ਪਿੰਡਾਂ ਵਿੱਚ ਜਮੀਨ ਅਲਾਟ ਹੋਈ। ਉਥੇ ਵੀ ਛੇ ਸੱਤ ਸੌ ਮੁਰੱਬੇ ਜਮੀਨ ਸੀ ਉਸੀ ਹਿਸਾਬ ਨਾਲ ਇਥੇ ਮਿਲੀ। ਸਾਰੇ ਬਹੁਤ ਖੁਸ਼ ਸਨ। ਇਥੇ ਵੀ ਉਹੀ ਸਰਦਾਰੀ ਕਾਇਮ ਹੋ ਗਈ ਸੀ।” ਕੱਲ੍ਹ ਜਦੋਂ ਅਸੀਂ ਬਟਾਲੇ ਵੱਡੀ ਬੇਟੀ ਦੇ ਪੇਕਿਆਂ ਨੂੰ ਮਿਲਣ ਗਏ ਅਤੇ ਉਹ ਸਾਨੂੰ ਆਪਣੇ ਪਿੰਡ ਵਾਲੇ ਡੇਰੇ ਲ਼ੈ ਗਏ, ਜਿਸਨੂੰ ਮਾਲਵੇ ਵਿੱਚ ਢਾਣੀ ਆਖਦੇ ਹਨ ਤਾਂ ਰਸਤੇ ਵਿੱਚ ਉਸਦੇ ਮੰਮੀ ਜੀ ਇਹ ਗੱਲ ਸੁਣਾ ਰਹੇ ਸਨ।
“ਪਰ ਦਾਰ ਜੀ ਨੂੰ ਉਹ ਬਾਬਾ ਤੰਗ ਕਰੇ ਅਖੇ ਤੁਸੀਂ ਸਾਰੇ ਇਥੇ ਆ ਗਏ ਮੈਨੂੰ ਉਥੇ ਇਕੱਲੇ ਨੂੰ ਛੱਡ ਆਏ। ਫਿਰ ਦਾਰ ਜੀ (ਮੇਰੀ ਕੁੜਮਣੀ ਦੇ ਸੁਹਰਾ ਸਾਹਿਬ) ਪਾਕਿਸਤਾਨ ਗਏ ਤੇ ਓਥੋਂ ਦੀ ਮਿੱਟੀ ਅਤੇ ਕੁਝ ਇੱਟਾਂ ਲਿਆਏ। ਉਹਨਾਂ ਨੇ ਆਪਣੀ ਜਮੀਨ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਅਤੇ ਉਸ ਬਾਬੇ ਦੀ ਸਮਾਧ ਵੀ।” ਉਹ ਆਪਣੇ ਡੇਰੇ ਤੇ ਦਾਰ ਜੀ ਦੀ ਗੱਲ ਸੁਣਾ ਰਹੀ ਸੀ ਤੇ ਇੰਨੇ ਨੂੰ ਅਸੀਂ ਓਥੇ ਪਹੁੰਚ ਗਏ।
“ਦਾਰ ਜੀ ਸਵੇਰੇ ਆਉਂਦੇ ਤੇ ਖੁਦ ਇਕੱਲੇ ਹੀ ਝਾੜੂ ਮਾਰਦੇ। ਇਹ ਸੇਵਾ ਉਹ ਕਿਸੇ ਨੂੰ ਨਾ ਦਿੰਦੇ। ਅੱਜ ਵੀ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਮਾਨਤਾ ਹੈ।” ਮੈਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਸੀ। ਛੋਟਾ ਜਿਹਾ ਸਰੋਵਰ ਵੀ ਸੀ। ਐਤਵਾਰ ਹੋਣ ਕਰਕੇ ਕਾਫ਼ੀ ਸੰਗਤ ਆਈ ਹੋਈ ਸੀ। ਪਵਿੱਤਰ ਗੁਰਬਾਣੀ ਦਾ ਰਸਭਿੰਨਾ ਕੀਰਤਨ ਚੱਲ ਰਿਹਾ ਸੀ। ਗੁਰੂ ਦਾ ਅਟੁੱਟ ਲੰਗਰ ਚਾਲੂ ਸੀ। ਬੁਲਾਰੀਆ ਪਰਿਵਾਰ ਦੇ ਬਜ਼ੁਰਗਾਂ ਦੇ ਬਣਾਏ ਇਸ ਪਵਿੱਤਰ ਸਥਾਨ ਦੀ ਮਹਿਮਾ ਨਿਰਾਲੀ ਸੀ। ਅਸੀਂ ਸਾਰਿਆਂ ਨੇ ਸ਼ਰਧਾ ਨਾਲ ਲੰਗਰ ਦਾ ਆਨੰਦ ਮਾਣਿਆ। ਉਹਨਾਂ ਵਡੇਰਿਆਂ ਨੂੰ ਵੀ ਸਿਜਦਾ ਕੀਤਾ ਜਿੰਨਾ ਨੇ ਆਪਣੀ ਜਨਮ ਭੂਮੀ ਦੀ ਮਿੱਟੀ ਨੂੰ ਇੰਨਾ ਮਾਣ ਬਖਸ਼ਿਆ ਤੇ ਇੰਨੀ ਵੱਡੀ ਇਮਾਰਤ ਖੜੀ ਕਰ ਦਿੱਤੀ। ਮੇਰੇ ਦਿਮਾਗ ਵਿੱਚ ਇੱਕ ਪਾਸੇ ਆਪਣੀ ਮਿੱਟੀ ਨੂੰ ਮੋਂਹ ਕਰਨ ਵਾਲੇ ਉਹ ਪੁਰਾਣੇ ਬਜ਼ੁਰਗ ਸਨ ਤੇ ਦੂਜੇ ਪਾਸੇ ਅੱਜ ਦੇ ਨੋਜਵਾਨ ਸਨ ਜੋ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ ਤੇ ਮੁੜਕੇ ਆਪਣੀ ਜਨਮ ਭੂਮੀ ਦੀ ਸੂ ਵੀ ਨਹੀਂ ਲੈਂਦੇ। ਉਹਨਾਂ ਨੂੰ ਕੀ ਪਤਾ ਕਿ ਮਿੱਟੀ ਦਾ ਮੋਂਹ ਕੀ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।