ਮੇਰੀ ਮਾਂ ਤੇ ਉਸ ਦੇ ਕੰਮਾਂ ਦੀ ਕਹਾਣੀ।
ਮਾਂ ਇੱਕ ਅਣਥੱਕ ਕਾਮਾ ਹੁੰਦਾ ਹੈ। ਤੇ ਇਹ ਕਦੇ ਵੀ ਛੁੱਟੀ ਨਹੀ ਲੈੱਦਾਂ। ਪੰਜ ਭੱਠ ਤਾਪ ਚ ਵੀ ਇਸਨੂੰ ਆਪਣੇ ਬੱਚਿਆਂ ਦੀ ਰੋਟੀ ਦਾ ਫਿਕਰ ਹੁੰਦਾ ਹੈ। ਮਾਂ ਬੀਮਾਰ ਹੰਦੀ ਹੋਈ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਦੀ ਹੈ। ਇਸ ਲਈ ਤਾਂ ਕਹਿੰਦੇ ਹਨ ਰੱਬ ਲਈ ਹਰ ਥਾਂ ਤੇ ਪਹੁੰਚਣਾ ਮੁਸਕਿਲ ਸੀ ਤੇ ਉਸ ਨੇ ਹਰ ਜੀਵ ਲਈ ਮਾਂ ਨੂੰ ਭੇਜ ਦਿੱਤਾ।ਆਪਣੇ ਬੱਚਿਆ ਲਈ ਰੱਬ ਹੀ ਹੁੰਦੀ ਹੈ ਇੱਕ ਮਾਂ। ਤੇ ਤਾਂਹੀਓ ਤਾਂ ਮਾਂ ਦੀ ਪੂਜਾ ਨੂੰ ਰੱਬ ਦੀ ਪੂਜਾ ਆਖਿਆ ਜਾਂਦਾ ਹੈ।
ਮੇਰੀ ਮਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਪਿੰਡਾਂ ਦੀ ਹੀ ਸੀ। ਜਿੰਦਗੀ ਦੇ ਅਖੀਰਲੇ ਕੁਝ ਸਾਲ ਉਸ ਨੇ ਸਹਿਰੀ ਜੀਵਨ ਭੋਗਿਆ ਪਰ ਇਸ ਦੋਰਾਨ ਉਹ ਜਿਆਦਾਤਰ ਬੀਮਾਰ ਹੀ ਰਹੀ।ਮੇਰੀ ਮਾਂ ਨੂੰ ਮੈ ਹਰ ਤਰ੍ਹਾਂ ਦੇ ਕੰਮ ਕਰਦੇ ਦੇਖਿਆ। ਹੁਣ ਸੋਚਦਾ ਹਾਂ ਉਹ ਕਿੰਨੀ ਮੇਹਨਤੀ ਤੇ ਹੁਨਰਮੰਦ ਸੀ। ਉਸ ਦੇ ਕੰਮਾਂ ਦੀ ਸੂਚੀ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ।ਮੇਰੀ ਮਾਂ ਪੰਜ ਭਰਾਵਾਂ ਦੀਆਂ ਪੰਜ ਭੈਣਾਂ ਵਿਚੋ ਸਭ ਤੋਂ ਛੋਟੀ ਸੀ।ਉਸਦੇ ਪੇਕੇ ਉਸ ਨੂੰ ਬੀਬੀ ਆਖ ਕੇ ਹੀ ਬਲਾਉਂਦੇ ਸਨ। ਮੇਰੇ ਦਾਦਾ ਜੀ ਨੇ ਉਸ ਦਾ ਨਾਂ ਕਰਤਾਰ ਕੁਰ ਰੱਖਿਆ ਪਰ ਮੇਰੇ ਪਾਪਾ ਜੀ ਨੇ ਉਸਦਾ ਨਾਂ ਕਾਗਜਾਂ ਵਿੱਚ ਪੁਸ਼ਪਾ ਰਾਣੀ ਲਿਖਵਾ ਦਿੱਤਾ। ਅਸੀ ਨਿੱਕੇ ਹੁੰਦੇ ਮੇਰੀ ਮਾਂ ਨੂੰ ਬੀਬੀ ਜੀ ਆਖ ਕੇ ਬਲਾਉਦੇ ਸਾਂ। ਪਰ ਬਾਅਦ ਵਿੱਚ ਅਸੀ ਉਸਨੂੰ ਮਾਤਾ ਆਖ ਕੇ ਬਲਾਉਣ ਲੱਗੇ। ਹੋਲੀ ਹੋਲੀ ਹਰ ਕੋਈ ਉਸ ਨੂੰ ਮਾਤਾ ਆਖਕੇ ਹੀ ਬਲਾਉਣ ਲੱਗ ਪਿਆ ਤੇ ਉਹ ਸਭ ਦੀ ਮਾਤਾ ਬਣ ਗਈ।
ਮੈ ਦੇਖਿਆ ਮੇਰੀ ਮਾਂ ਸਵੇਰੇ ਉਠ ਕੇ ਘਰ ਦੀ ਸਫਾਈ ਕਰਦੀ ਤੇ ਘਰੇ ਰੱਖੀ ਮੱਝ ਦਾ ਗੋਹਾ ਕੂੜਾ ਵੀ ਕਰਦੀ । ਪਿੰਡ ਦੀ ਫਿਰਨੀ ਤੋ ਬਾਹਰ ਉਹ ਕੂੜਾ ਸੁਟ ਕੇ ਉਥੇ ਹੀ ਗੋਹੇ ਦੀਆਂ ਪਾਥੀਆਂ ਪੱਥ ਕੇ ਆਉਂਦੀ।ਜਦੋਂ ਪਾਥੀਆਂ ਜਿਆਦਾ ਇਕੱਠੀਆਂ ਹੋ ਜਾਂਦੀਆਂ ਤਾਂ ਉਹ ਆਪ ਗੀਹਰਾ ਚਿਣ ਲੈਂਦੀ। ਕਿਉਂਕਿ ਪਿੰਡ ਵਿੱਚ ਵਾਟਰ ਵਰਕਸ ਅਜੇ ਨਹੀ ਸੀ ਬਣਿਆ ਉਹ ਘੜਿਆਂ ਨਾਲ ਪਿੰਡ ਦੀ ਡਿੱਗੀ ਤੋਂ ਪਾਣੀ ਢੋਂਦੀ ਤੇ ਵੀਹ ਵੀਹ ਗੇੜੇ ਲਾਉਂਦੀ। ਕਈ ਵਾਰੀ ਮੈਂ ਦੇਖਦਾ ਉਸ ਨੇ ਘੜੇ ਨੂੰ ਹੱਥ ਵੀ ਨਹੀ ਸੀ ਪਾਇਆ ਹੁੰਦਾ ਨਾਲ ਦੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਆਉਂਦੀ। ਮੱਝ ਲਈ ਛੋਲੇ ਤੇ ਵੜੇਵੇਂ ਉਬਲੇ ਰੱਖਣੇ ਤੇ ਸੁਵੱਖਤੇ ਉਠਕੇ ਮੱਝ ਚੋਂਣੀ ਤੇ ਦੁੱਧ ਰਿੜਕਣਾ ਤਾਂ ਨਿੱਤ ਦਾ ਕੰਮ ਸੀ।
ਮੇਰੀ ਮਾਂ ਇੱਕ ਬਹੁਤ ਚੰਗੀ ਕੁਕ ਸੀ। ਰੋਟੀ ਸaਬਜੀ ਬਨਾਉਣ ਤੋੰ ਇਲਾਵਾ ਉਹ ਪੂੜੇ , ਗੁਲਗਲੇ, ਮਠੀਆਂ ਪਤੋੜ, ਮਾਲ੍ਹ ਪੂੜੇ, ਬਾਜਰੇ ਤੇ ਮੱਕੀ ਦੇ ਦਾਣਿਆ ਦੇ ਮੰਰੂੰਡੇ ਵੀ ਬਣਾ ਲੈੱਦੀ ਸੀ। ਉਸ ਦੇ ਹੱਥਾਂ ਦੀ ਬਣੀ ਆਟੇ ਦੇ ਦੋ ਪੇੜਿਆਂ ਨੂੰ ਜੋੜਕੇ ਦੂਹਰੀ ਰੋਟੀ ਦਾ ਸਵਾਦ ਨਿਰਾਲਾ ਹੁੰਦਾ ਸੀ। ਬਾਜਰੇ ਤੇ ਮੱਕੀ ਦੇ ਆਟੇ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਉਹ ਕਮਾਲ ਦਾ ਬਨਾਉਂਦੀ ਸੀ। ਬਾਸੀ ਰੋਟੀਆਂ ਦੀ ਗੁੜ ਪਾਕੇ ਬਣਾਈ ਚੂਰੀ ਮੂਹੋਂ ਨਹੀ ਸੀ ਲਹਿੰਦੀ। ਉਹ ਹਰ ਸਾਲ ਅੰਬੀਆਂ, ਨਿੰਬੂਆਂ, ਡੇਲਿਆਂ, ਮਿਰਚਾਂ ਤੇ ਤੁਕਿਆਂ ਦਾ ਆਚਾਰ ਪਾਉਂਦੀ ਉਸਦੇ ਆਚਾਰ ਵਾਲੇ ਮਰਤਬਾਨ ਹਰ ਸਮੇਂ ਭਰੇ ਰਹਿੰਦੇ ਤੇ ਆਪਣੇ ਹੱਥੀ ਬਣਾਇਆ ਆਚਾਰ ਉਹ ਮੇਰੀਆਂ ਭੂਆਂ, ਮਾਸੀਆਂ ਤੇ ਮਾਮੀਆਂ ਨੂੰ ਵੰਡਦੀ। ਕਈ ਵਾਰੀ ਉਹ ਮੰਜੇ ਨਾਲ ਕਪੜਾ ਬੰਨ ਕੇ ਲੱਸੀ ਨੂੰ ਪੁਣਕੇ ਗਾੜੇ ਜਿਹੇ ਪਨੀਰ ਦਾ ਰਾਇਤਾ ਬਨਾਉਂਦੀ ਜੋ ਬੇਹੱਦ ਸਵਾਦ ਹੁੰਦਾ।
ਮੇਰੀ ਮਾਂ ਅਕਸਰ ਸਾਡੇ ਖੇਤ ਵੀ ਨਰਮਾਂ ਕਪਾਹ ਚੁਗਣ ਜਾਂਦੀ ਤੇ ਦੂਜੀਆਂ ਚੋਣੀਆਂ ਦੇ ਬਰਾਬਰ ਚੁਗਦੀ ਤੇ ਨਾਲੇ ਉਹਨਾ ਤੇ ਨਿਗਾਹ ਰੱਖਦੀ। ਜੇਠ ਹਾੜ ਦੇ ਮਹੀਨੇ ਉਹ ਛੱਪੜ ਚੋ ਗਾਰਾ ਲਿਆ ਕੇ ਕੰਧਾਂ ਤੇ ਛੱਤਾਂ ਨੂੰ ਲਿਪਦੀ। ਕਮਰਿਆਂ ਵਿੱਚ ਤਾਂ ਉਹ ਹਰ ਮਹੀਨੇ ਪੋਚਾ ਮਾਰਦੀ ਤੇ ਕਦੇ ਗੋਹੇ ਨਾਲ ਲਿਪਦੀ। ਮਿੱਟੀ ਦੇ ਚੁਲ੍ਹੇ ਹਾਰੇ ਆਪ ਬਨਾਉਦੀ ਤੇ ਉਹਨਾ ਦੀ ਮੁਰਮੱਤ ਕਰਦੀ।ਹਰ ਕੰਮ ਦੀ ਮਾਹਿਰ ਸੀ ਮੇਰੀ ਮਾਂ। ਕਦੇ ਕਦੇ ਉਹ ਕਾਗਜਾਂ ਦੀ ਰੱਦੀ ਨੂੰ ਭਿਉਂ ਕੇ ਗਾਲ ਲੈਂਦੀ ਤੇ ਫਿਰ ਗਾਚਨੀ ਪਾਕੇ ਉਹਨਾ ਦੇ ਬੋਹੀਏ ਤੇ ਬੋਟੇ ਬਣਾ ਲੈਦੀ ਜੋ ਅਕਸਰ ਘਰੇ ਕੰਮ ਆਉਂਦੇ। ਕਣਕ ਦਾ ਨਾੜ ਕੱਢ ਕੇ ਉਸ ਤੋ ਰੋਟੀਆਂ ਪਾਉਣਂ ਲਈ ਸਰਪੋਸ ਜਿਸ ਨੂੰ ਛਾਬਾ ਵੀ ਆਖਦੇ ਸੀ ਬਣਾ ਲੈਂਦੀ। ਸਰਦੀਆਂ ਸੁਰੂ ਹੋਣ ਤੋa ਪਹਿਲਾ ਉਹ ਸਾਰੇ ਰਜਾਈ ਗਦੇਲਿਆਂ ਨੂੰ ਧੁੱਪ ਲਵਾਉਂਦੀ ਤੇ ਰੂੰ ਪੰਜਾ ਕੇ ਆਪ ਰਜਾਈਆਂ ਗਦੈਲੇ ਭਰਦੀ ਤੇ ਆਪ ਹੀ ਨਗੰਦੇ ਪਾਉਂਦੀ। ਇਹ ਸਭ ਉਸ ਦੀ ਕਲਾ ਦਾ ਕਮਾਲ ਸੀ। ਮੇਰੀ ਮਾਂ ਸਰਵ ਕਲਾ ਸੰਪੂਰਨ ਸੀ।ਹਰ ਹਫਤੇ ਉਹ ਕਪੜਿਆਂ ਨੂੰ ਸੋਡੇ ਵਿੱਚ ਉਬਾਲਦੀ ਤੇ ਫਿਰ ਉਹ ਪਿੰਡ ਦੀ ਸਾਂਝੀ ਡਿੱਗੀ ਤੇ ਕਪੜੇ ਧੋਂਦੀ ।
ਇਥੇ ਹੀ ਬਸ ਨਹੀ ਮੇਰੀ ਮਾਂ ਘਰ ਲਈ ਮਿਰਚ ਮਸਾਲੇ ਤਾਂ ਕੁਟਦੀ ਹੀ ਸੀ। ਉਹ ਅੱਖਾਂ ਚ ਪਾਉਂਣ ਲਈ ਕਾਲਾ ਸੁਰਮਾ ਵੀ ਆਪ ਪੀਸਦੀ। ਸੁਰਮੇ ਨੂੰ ਬਰੀਕ ਕੁੱਟ ਕੇ ਫਿਰ ਦੇਸੀ ਘਿਉ ਦੇ ਦੀਵੇ ਦੀ ਲੋ ਤੋ ਤਿਆਰ ਕਰਕੇ ਕਾਜਲ ਮਿਲਾਉਦੀ।ਤੇ ਸਾਨੂੰ ਕਦੇ ਵੀ ਬਿਨਾ ਸੁਰਮਾਂ ਪਾਏ ਬਾਹਰ ਨਾ ਜਾਣ ਦਿੰਦੀ। ਸਾਡੇ ਸੁਰਮਾਂ ਪਾਕੇ ਉਹ ਗਰਦਨ ਤੇ ਨਜਰ ਤੋ ਬਚਣ ਲਈ ਕਾਲਾ ਟਿੱਕਾ ਲਾਉਣਾ ਕਦੇ ਨਾ ਭੁਲਦੀ।
ਮੇਰੀ ਮਾਂ ਇੱਕ ਘਰੇਲੂ ਵੈਦ ਡਾਕਟਰ ਵੀ ਸੀ ।ਉਹ ਛੋਟੀਆਂ ਛੋਟੀਆਂ ਬੀਮਾਰੀਆਂ ਦਾ ਇਲਾਜ ਆਪਣੇ ਅੋੜ ਪੋੜ ਨਾਲ ਕਰ ਲੈਂਦੀ ਸੀ। ਜਦੋ ਕਿਸੇ ਦੀ ਉਂਗਲੀ ਪੱਕ ਜਾਣੀ ਤਾਂ ਉਸ ਨੇ ਸਾਬਣ ਜਾ ਗੁੜ ਬੰਨ ਦੇਣਾ। ਜਾ ਕਈ ਵਾਰੀ ਉਹ ਰਾਏ ਚਿਬੱੜ ਦੇ ਖੋਲ ਨੂੰ ਉਪਰ ਬੱਨ ਕੇ ਪੱਟੀ ਕਰ ਦਿੰਦੀ। ਸੌਫ, ਅਜਵਾਇਨ ਨਾਲ ਪੇਟ ਦਰਦ ਠੀਕ ਕਰ ਦਿੰਦੀ।ਬਨਖਸaਾਂ ਪਾਕੇ ਕਾਹੜਾ ਜਾਂ ਖਸਖਸ ਦੀ ਲੇਟੀ ਬਣਾ ਕੇ ਜੁਕਾਮ ਰੇਸ਼ਾ ਭਜਾ ਦਿੰਦੀ । ਧਰਣ ਹਸਲੀ ਢੁਢਰੀ ਉਹ ਆਪ ਹੀ ਚੁੱਕ ਦਿੰਦੀ ਸੀ। ਦੰਦ ਦਾੜ ਦੁਖਦੇ ਤੋ ਉਹ ਲੌਗ ਮੂੰਹ ਚ ਰੱਖਣ ਦੀ ਸਲਾਹ ਦਿੰਦੀ।ਇਸ ਤਰਾਂ ਉਹ ਇੱਕ ਘਰੇਲੂ ਡਾਕਟਰ ਵੀ ਸੀ।।
ਉਹ ਹਰ ਧਰਮ ਦੇ ਤਿੱਥ ਤਿਉਹਾਰ ਮਨਾਉਦੀ ਜੇ ਉਹ ਗੁਰਪੁਰਬ ਤੇ ਘਰੇ ਦੇਗ ਕਰਦੀ ਤਾਂ ਉਹ ਅੱਠੇ ਦੀਆਂ ਕੜਾਹੀਆਂ ਕਰਨੀਆਂ ਕਦੇ ਨਾ ਭੁਲਦੀ। ਵਾਸੜੀਆ ਮਨਾਉਦੀ ਮਿਠੀਆਂ ਰੋਟੀਆਂ ਵੰਡਦੀ । ਭਾਈ ਜੀ ਨੂੰ ਗਜਾ ਪਾਉਦੀ। ਮੰਗਤੇ ਸਵਾਲੀ ਨੂੰ ਵੀ ਰੋਟੀ ਦਿੰਦੀ। ਉਹ ਰੁਸਿਆਂ ਨੂੰ ਮਨਾਉਂਦੀ ਤੇ ਪਾਟੇ ਨੂੰ ਸਿਉਂਦੀ।ਮੇਰੀ ਮਾਂ ਦੀਆ ਸਿਫਤਾਂ ਜਿਆਦਾ ਹਨ ਤੇ ਲਫਜ ਘੱਟ। ਹਰ ਇੱਕ ਇਨਸਾਨ ਨੂੰ ਆਪਣੀ ਮਾਂ ਚ ਰੱਬ ਦਿਸਦਾ ਹੈ। ਤੇ ਇਸੇ ਤਰਾਂ ਮੇਰੀ ਮਾਂ ਬੇਅੰਤ ਗੁਣਾ ਦਾ ਭੰਡਾਰ ਸੀ।
ਰਮੇਸ ਸੇਠੀ ਬਾਦਲ
ਮੋ 98 766 27233