1975 ਵਿਚ ਦਸਵੀ ਕਰਨ ਤੋਂ ਬਾਦ ਅੱਗੇ ਕਾਲਜ ਪੜ੍ਹਨ ਲਈ ਅਸੀਂ ਪਿੰਡ ਘੁਮਿਆਰਾ ਛੱਡ ਕੇ ਸ਼ਹਿਰ ਮੰਡੀ ਡੱਬਵਾਲੀ ਆ ਗਏ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਮੇਰੇ ਚਾਚਾ ਸ੍ਰੀ ਮੰਗਲ ਚੰਦ ਨਾਲ ਪਿੰਡ ਹੀ ਰਹਿੰਦੇ ਸਨ। ਅਸੀਂ ਉਹਨਾਂ ਨੂੰ ਸ਼ਹਿਰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਖੇਤੀ ਦੁਕਾਨਦਾਰੀ ਤੇ ਪਿੰਡ ਦਾ ਮੋਹ ਓਹਨਾ ਨੂ ਪਿੰਡ ਛੱਡਣ ਨਹੀਂ ਸੀ ਦਿੰਦਾ।ਮੇਰੇ ਪਾਪਾ ਜੀ ਬਹੁਤ ਕੋਸ਼ਿਸ਼ ਕਰਦੇ ਪਰ ਪਿੰਡ ਦੀ ਮਿੱਟੀ ਦਾ ਮੋਹ ਓਹਨਾ ਨੂ ਸ਼ਹਿਰ ਬਾਰੇ ਸੋਚਣ ਹੀ ਨਾ ਦਿੰਦਾ। ਅੱਸੀ ਦੇ ਦਹਾਕੇ ਦੇ ਸ਼ੁਰੂ ਵਿਚ ਪੰਜਾਬ ਦਾ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ। ਹਿੰਦੂਆਂ ਤੇ ਸਿੱਖਾਂ ਵਿਚਾਲੇ ਦੂਰੀ ਪਨਪਣੀ ਸ਼ੁਰੂ ਹੋ ਗਈ। ਪਰ ਪਿੰਡ ਵਾਲੇ ਮੇਰੇ ਦਾਦਾ ਜੀ ਤੇ ਪਰਿਵਾਰ ਨੂੰ ਆਪਣਾ ਹੀ ਸਮਝਦੇ ਸਨ ਤੇ ਕਿਸੇ ਗੱਲ ਦੀ ਚਿੰਤਾ ਨਾ ਕਰਨ ਦਿੰਦੇ। ਕਾਰੋ ਬਾਰ ਨੂੰ ਅੱਗੇ ਵਧਾਉਣ ਦੇ ਇਰਾਦੇ ਨਾਲ ਅਸੀਂ ਨਾ ਚਾਹੁੰਦੇ ਹੋਏ ਵੀ ਆਪਣੀ ਪਿਤਾ ਪੁਰਖੀ ਜਮੀਨ ਵੇਚ ਦਿੱਤੀ।
ਬਾਈ ਤੁਸੀਂ ਮੰਡੀ ਆ ਜਾਓ। ਹੁਣ ਹਾਲਾਤ ਠੀਕ ਨਹੀਂ। ਮੇਰੇ ਪਾਪਾ ਜੀ ਨੇ ਮੇਰੇ ਦਾਦਾ ਜੀ ਨੂੰ ਆਖਿਆ।
ਉਹ ਸਾਰੇ ਮੇਰੇ ਦਾਦਾ ਜੀ ਨੂੰ ਬਾਈ ਆਖ ਕੇ ਬਲਾਉਂਦੇ ਸਨ।
ਨਹੀਂ ਓਮ ਪ੍ਰਕਾਸ਼।ਮੇਰੀ ਉਮਰ ਬਹੁਤ ਹੋ ਗਈ।ਮੈ ਪਿੰਡ ਵਿੱਚ ਹੀ ਮਰਨਾ ਚਾਹੁੰਦਾ ਹਾਂ। ਜੇ ਮੈਂ ਮੰਡੀ ਚ ਮਰਿਆ ਤਾਂ ਲੋਕੀ ਆਖਣਗੇ ਕਾਨੂੰਗੋ ਦਾ ਪਿਓ ਮਰ ਗਿਆ। ਪਰ ਜੇ ਮੈਂ ਪਿੰਡ ਮਰਿਆ ਤਾਂ ਲੋਕ ਕਹਿਣਗੇ ਸੇਠ ਹਰਗੁਲਾਲ ਮਰ ਗਿਆ। ਮੇਰਾ ਪਿੰਡ ਛਡਣਾ ਮੁਸ਼ਕਿਲ ਹੈ। ਸਾਰਾ ਇਲਾਕਾ ਮੇਨੂ ਜਾਣਦਾ ਹੈ। ਇਸ ਲਈ ਮੈਂ ਪਿੰਡ ਹੀ ਠੀਕ ਹਾਂ।
ਜਦੋ ਮੇਰੇ ਪਾਪਾ ਜੀ ਨੇ ਘਰੇ ਆ ਕੇ ਮੇਰੇ ਦਾਦਾ ਜੀ ਦੀ ਇਹ ਗੱਲ ਸੁਣਾਈ ਤਾਂ ਮੈਂ ਉਹਨਾਂ ਦੀ ਸੋਚ ਤੇ ਹੈਰਾਨ ਹੋਇਆ। ਤੇ ਜਨਮ ਭੂਮੀ ਦੀ ਮਿੱਟੀ ਦੇ ਮੋਹ ਦਾ ਪਤਾ ਚਲਿਆ।
#ਰਮੇਸ਼ਸੇਠੀਬਾਦਲ