ਪਿਤਾ ਜੀ ਦਾ ਸੁਭਾਅ ਕਾਫ਼ੀ ਸਖ਼ਤ ਹੋਣ ਕਰਕੇ ਅਸੀਂ ਉਨ੍ਹਾਂ ਤੋਂ ਬਹੁਤ ਡਰਦੇ ਸੀ। ਉਹ ਸਿੱਖੀ ਸਿਧਾਂਤਾਂ ਨੂੰ ਬਹੁਤ ਪਿਆਰ ਕਰਦੇ ਸਨ। ਕੁਝ ਕੁ ਨਿਯਮ ਉਹਨਾਂ ਬੜੀ ਸਖਤੀ ਨਾਲ ਘਰ ‘ਚ ਲਾਗੂ ਕੀਤੇ ਸਨ ਜਿਨ੍ਹਾਂ ਦੀ ਪਾਲਣਾ ਅਸੀਂ ਤੇ ਸਾਡੇ ਸਾਰੇ ਰਿਸ਼ਤੇਦਾਰ ਕਰਦੇ ਸਨ।
ਇਨ੍ਹਾਂ ਨਿਯਮਾਂ ਵਿੱਚੋਂ ਇੱਕ ਇਹ ਵੀ ਸੀ ਕਿ ਕੋਈ ਸ਼ਰਾਬ ਪੀ ਕੇ ਸਾਡੇ ਘਰ ਨਾ ਆਵੇ l
ਕਈ ਸਾਲ ਤਕ ਇਸੇ ਤਰ੍ਹਾਂ ਚਲਦਾ ਰਿਹਾ ਹੈ ਪਰ ਇਕ ਘਟਨਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਉਦੋਂ ਤਕਰੀਬਨ 12 ਕੁ ਸਾਲ ਦਾ ਸੀ ਜਦੋਂ ਦੀਵਾਲੀ ਦੇ ਨੇੜੇ ਦੂਸਰੇ ਮੁਹੱਲੇ ਦੇ ਕੁਝ ਬੰਦੇ ਪਿਤਾ ਜੀ ਦੇ ਇੱਕ ਦੋਸਤ ਨੂੰ ਮੋਢਿਆਂ ਤੇ ਪਾ ਕੇ ਲਈ ਆਉਂਦੇ ਸਨ ਜੋ ਬੜਾ ਸ਼ਰਾਬੀ ਹੋਇਆ ਸੀ l ਜਿਸਨੂੰ ਆਪਣੀ ਕੋਈ ਹੋਸ਼ ਨਹੀਂ ਸੀ ਪਰ ਡਿੱਗਾ ਪਇਆ ਪਿਤਾ ਜੀ ਦਾ ਨਾਮ ਲੈ ਰਿਹਾ ਸੀ।
ਕੋਲੋਂ ਲੰਘਦੇ ਮੁਹੱਲੇ ਦੇ ਦੋ ਬੰਦੇ ਉਸ ਨੂੰ ਚੁੱਕ ਕੇ ਸਾਡੇ ਘਰ ਨੂੰ ਲੈ ਆਏ l ਪਿਤਾ ਜੀ ਨੇ ਬੂਹਾ ਖੋਲਿਆ ਤੇ ਉਹਨਾਂ ਦਸਿਆ ਕੇ ਇਹ ਬੰਦਾ ਸੜਕ ਤੇ ਲੇਟਿਆ ਪਿਆ ਤੁਹਾਡਾ ਨਾਮ ਲੈ ਰਿਹਾ ਸੀ ਇਸ ਲਈ ਅਸੀਂ ਇਸ ਨੂੰ ਤੁਹਾਡੇ ਕੋਲ ਲੈ ਆਏ ਹਾਂ l
ਪਿਤਾ ਜੀ ਨੇ ਉਸ ਨੂੰ ਥੱਲੇ ਵਾਲੇ ਕਮਰੇ ਵਿੱਚ ਲੰਮੇ ਪਾ ਕੇ ਰਜਾਈ ਪਾਣੀ ਆਦਿ ਦੇ ਦਿਤਾ l
ਸੁਬਾਹ ਸਾਡੇ ਉੱਠਣ ਤੋਂ ਪਹਿਲਾਂ ਹੀ ਪਿਤਾ ਜੀ ਦਾ ਮਿੱਤਰ ਜਾ ਚੁੱਕਾ ਸੀ, ਸ਼ਾਇਦ ਪਿਤਾ ਜੀ ਦੇ ਡਰ ਕਰਕੇ !
ਉਹ ਇਕ ਹਫਤੇ ਬਾਅਦ ਸਾਡੇ ਘਰ ਆਇਆ ਆਪਣੇ ਪਰਿਵਾਰ ਨੂੰ ਨਾਲ ਲੈਕੇ ਅਤੇ ਉਸਨੇ ਪਿਤਾ ਜੀ ਪਾਸੋਂ ਮਾਫੀ ਮੰਗੀ ਤੇ ਅਗੋ ਤੋਂ ਕਦੇ ਵੀ ਸ਼ਰਾਬ ਨਾ ਪੀਣ ਦਾ ਵਾਅਦਾ ਕੀਤਾ l
ਮੈਂ ਇੱਕ ਦਿਨ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਉਸ ਦਿਨ ਸ਼ਰਾਬੀ ਬੰਦੇ ਨੂੰ ਰਾਤ ਘਰ ਕਿਉਂ ਰੱਖਿਆ ਸੀ ? ਓਹਨਾ ਜਵਾਬ ਦਿਤਾ ਕਿ “ਪੁੱਤ ਇੱਕ ਸਿੱਖ ਹੋਣ ਤੇ ਇੱਕ ਮਿੱਤਰ ਹੋਣ ਦੇ ਨਾਤੇ ਉਸਨੂੰ ਠੰਡ ਵਿੱਚ ਮਰਨ ਤੋਂ ਬਚਾਉਣ ਅਤੇ ਹੋਸ਼ ਆਉਣ ‘ਤੇ ਉਸਨੂੰ ਸਮਝਾਉਣਾ ਮੇਰਾ ਫਰਜ਼ ਬਣਦਾ ਸੀ। ਸੋ ਕਿਸੇ ਦੇ ਭਲੇ ਵਾਸਤੇ ਕਦੇ ਆਪਣੇ ਬਣਾਏ ਹੋਏ ਅਸੂਲਾਂ ਤੋਂ ਬਾਹਰ ਵੀ ਜਾਣਾ ਪੈਦਾਂ ਹੈ।
ਆਪ ਬੀਤੀ
ਨਿਰਮਲਜੀਤ ਸਿੰਘ