ਚਿੱਟਾ ਚਾਦਰਾ,ਚਿੱਟਾ ਕੁੜਤਾ,ਚਿੱਟਾ ਦਾੜਾ ਤੇ ਚਿੱਟੀ ਪੱਗ ਸਰਦਾਰ ਪ੍ਰੀਤਮ ਸਿੰਘ ਦੀ ਸ਼ਖ਼ਸੀਅਤ ਨੂੰ ਜੱਚਦੀ ਸੀ। ਪ੍ਰੀਤਮ ਸਿੰਘ ਦੀ ਉਮਰ 80 ਵਰਿਆਂ ਦੀ ਹੋ ਗਈ ਸੀ।ਪਰ ਉਹਦਾ ਇਲਾਕੇ ਦੇ ਵਿੱਚ ਪੂਰਾ ਟੌਹਰ ਸੀ। ਉਹ ਫੌਜ ਵਿੱਚੋਂ ਸੂਬੇਦਾਰ ਦੀ ਪੋਸਟ ਤੋਂ ਰਿਟਾਇਰ ਹੋ ਕੇ ਆਇਆ ਸੀ।
ਸਾਰੇ ਹੀ ਪਿੰਡ ਦੇ ਲੋਕ ਉਸ ਦੀ ਬੜੀ ਇੱਜਤ ਕਰਦੇ ਸਨ। ਉਹ ਵੀ ਹਰ ਵੱਡੇ ਛੋਟੇ ਨੂੰ ਬਹੁਤ ਪਿਆਰ ਕਰਦਾ ਸੀ।ਉਸਦੇ ਪਰਿਵਾਰ ਵਿੱਚ ਉਹ ਅਤੇ ਉਸਦੀ ਘਰ ਵਾਲੀ ਬਸੰਤ ਕੌਰ ਜਿਸ ਦੀ ਉਮਰ 75 ਸਾਲ ਸੀ। ਉਸਦੇ ਦੋ ਮੁੰਡੇ ਸਨ।ਸੋਹਣ ਸਿੰਘ ਸ਼ਹਿਰ ਵਿਚ ਸਰਕਾਰੀ ਨੌਕਰੀ ਕਰਦਾ ਸੀ। ਮੋਹਨ ਸਿੰਘ ਜੋ ਕੇ ਵੱਡਾ ਸੀ।ਪਿੰਡ ਵਿੱਚ ਰਹਿ ਕੇ ਖੇਤੀਬਾੜੀ ਸੰਭਾਲਦਾ ਸੀ। ਮੋਹਨ ਸਿੰਘ ਦਾ ਇੱਕ ਮੁੰਡਾ ਸੀ, ਜਿਸ ਦੀ ਉਮਰ ਅਠਾਰਾਂ ਕੁ ਸਾਲ ਸੀ।ਉਹ ਹਰ ਵੇਲੇ ਬੁਲਟ ਤੇ ਚੜ ਕੇ ਪਿੰਡ ਵਿੱਚ ਗੇੜੀਆਂ ਦਿੰਦਾ ਰਹਿੰਦਾ ਅਤੇ ਮੁੰਡਿਆਂ ਨਾਲ ਘੁੰਮਦਾ ਰਹਿੰਦਾ ਉਸ ਨੂੰ ਹੌਲੀ ਹੌਲੀ ਨਸ਼ੇ ਦੀ ਲੱਤ ਵੀ ਲੱਗ ਗਈ ਸੀ।ਸ਼ੁਰੂ ਸ਼ੁਰੂ ਵਿੱਚ ਮੈਡੀਕਲ ਨਸ਼ਾ ਕਰਨ ਲੱਗ ਪਿਆ ਤੇ ਉਹ ਗੋਲੀਆਂ ਕੈਪਸੂਲ ਸਭ ਕੁਝ ਖਾਈ ਜਾਂਦਾ ਸੀ।ਹੌਲੀ ਹੌਲੀ ਉਹ ਬੁਰੀ ਸੰਗਤ ਕਰਦਾ ਕਰਦਾ ਬੁਰੀ ਸੰਗਤ ਦਾ ਮੋਹਰੀ ਬਣ ਗਿਆ ਸੀ। ਉਹ ਗੋਲੀਆਂ,ਕੈਪਸੂਲ, ਸ਼ਰਾਬ ਇਥੋਂ ਤੱਕ ਕੇ ਚਿੱਟਾ ਵੀ ਲਾਉਣ ਲੱਗ ਗਿਆ ਸੀ।
ਜਿਸ ਦੇ ਦਾਦੇ ਨੇ ਫੌਜ ਵਿੱਚ ਰਹਿੰਦਿਆਂ ਹੋਇਆਂ ਵੀ ਕਦੀ ਰਮ ਤੱਕ ਵੀ ਨਾ ਪੀਤੀ ਸੀ। ਉਸ ਦਾ ਪੂਰਾ ਖਾਨਦਾਨ ਬੇਦਾਗ਼ ਤੇ ਸਾਫ ਸੁਥਰਾ ਸੀ। ਹੁਣ ਤਾਂ ਉਸਦਾ ਪੋਤਰਾ ਆਪਣੇ ਆਪ ਟੀਕੇ ਲਾਉਣ ਲੱਗ ਪਿਆ ਸੀ। ਅੱਜ ਤਾਂ ਉਸ ਨੇ ਹੱਦ ਹੀ ਕਰ ਦਿੱਤੀ ਸੀ। ਨਾਲ ਦੇ ਪਿੰਡ ਦੀ ਕੁੜੀ ਨੂੰ ਸਕੂਲ ਜਾਂਦੀ ਨੂੰ ਚੱਕ ਕੇ ਦੋਸਤਾਂ ਨਾਲ ਰਲ ਕੇ ਉਸਦੀ ਇਜ਼ਤ ਲੁੱਟ ਲਈ ਸੀ।ਕਿਸੇ ਨੂੰ ਪਤਾ ਨਾ ਲੱਗ ਜਾਵੇ ਇਸ ਡਰੋਂ ਕੁੜੀ ਦੀ ਇਜ਼ਤ ਲੁੱਟਕੇ ਤੇ ਉਸ ਨੂੰ ਜਾਨੋਂ ਮਾਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੂਜੇ ਦਿਨ ਹੀ ਪੁਲਿਸ ਨੇ ਇਸ ਨੂੰ ਫੜ ਲਿਆ ਤੇ ਕੁੜੀ ਦੀ ਲਾਸ਼ ਵੀ ਬਰਾਮਦ ਕਰ ਲਈ। ਜਦੋਂ ਇਸ ਗੱਲ ਦਾ ਪਤਾ ਦਾਦੇ ਨੂੰ ਲੱਗਿਆ ਤਾਂ ਹਾਉਕਾ ਲੈ ਕੇ ਰਹਿ ਗਿਆ। ਉਸਦੇ ਪੋਤੇ ਨੇ ਉਸਦੇ ਚਿੱਟੇ ਦਾੜੇ ਨੂੰ ਤੇ ਚਿੱਟੇ ਬਾਣੇ ਨੂੰ ਐਸੀ “ਕਾਲਖ”ਮਲੀ ਕੇ ਦਾਦਾ ਸ਼ਰਮ ਦਾ ਮਾਰਾ ਮੁੜ ਕੇ ਘਰੋਂ ਬਾਹਰ ਨਾ ਨਿਕਲਿਆ। ਚਾਰ ਕੁ ਮਹੀਨਿਆਂ ਬਾਅਦ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਚਾਰ ਬੰਦਿਆਂ ਦੇ ਮੋਢਿਆਂ ਤੇ ਹੀ ਨਿਕਲਿਆ।ਪੋਤੇ ਵੱਲੋਂ ਖਾਨਦਾਨ ਦੀ ਇਜ਼ਤ ਨੂੰ ਮਲੀ ਹੋਈ”ਕਾਲਖ਼” ਦਾ ਦਾਗ਼ ਸਰਦਾਰ ਪ੍ਰੀਤਮ ਸਿੰਘ ਸਹਾਰ ਨਾ ਸਕਿਆ।
ਸੋ ਦੋਸਤੋ ਸਾਨੂੰ ਨਸ਼ਿਆਂ ਦੀ ਦਲਦਲ ਵਿੱਚ ਨਹੀਂ ਫਸਣਾ ਚਾਹੀਦਾ। ਅਗਰ ਨੌਜਵਾਨ ਆਪ ਹੀ ਕੋਸ਼ਿਸ਼ ਕਰਨ ਤਾਂ ਨਸ਼ਿਆਂ ਦੀ ਕਾਲਖ਼ ਜੋ ਸਮਾਜ ਦਾ ਅਕਸ ਕਾਲਾ ਕਰ ਰਹੀ ਹੈ ਉਸ ਨੂੰ ਆਪ ਹੀ ਸਾਫ਼ ਕਰ ਸਕਦੇ ਹਨ।
ਲਖਵਿੰਦਰ ਸਿੰਘ
ਪੰਜਗਰਾਈਂ,
ਤਹਿਸੀਲ ਬਟਾਲਾ,
ਜ਼ਿਲਾ ਗੁਰਦਾਸਪੁਰ।