ਗੱਲ ਵਾਹਵਾ ਪੁਰਾਣੀ ਹੈ। ਓਦੋ ਕਲਰਡ ਟੀ ਵੀ ਦਾ ਚੱਲਣ ਸੀ। ਮੈਂ ਇੱਕੀ ਇੰਚ ਟੀ ਵੀ ਲੈਣ ਦਾ ਮਨ ਬਣਾਇਆ। ਮੈਂ ਇਹ ਟੀਵੀ ਸਾਡੇ ਜਾਣਕਾਰ Ganesh Radios ਵਾਲੇ ਰਾਮ ਗਰੋਵਰ ਤੋਂ ਕਿਸ਼ਤਾਂ ਤੇ ਖਰੀਦਣਾ ਸੀ। ਕਿਉਂਕਿ ਅਸੀਂ ਟੀਵੀ ਫਰਿਜ਼ ਯ ਕੋਈਂ ਵੀ ਸਮਾਨ ਰਾਮ ਕੋਲੋਂ ਹੀ ਖਰੀਦਦੇ ਸੀ। ਉਹ ਜਿਸ ਵੀ ਕੰਪਨੀ ਦਾ ਮਾਲ ਵੇਚਦਾ ਅਸੀਂ ਓਹੀ ਖਰੀਦ ਲੈਂਦੇ। ਚਾਹੇ ਉਹ ਬੈਲਟੇਕ ਹੋਵੇ ਓੰਨੀਡਾ ਸੈਮਸੰਗ ਗੋਦਰੇਜ ਹੋਵੇ। ਮੈਂ ਓੰਨੀਡਾ ਕੰਪਨੀ ਦੇ ਟੀਵੀ ਨੂੰ ਪਸੰਦ ਕੀਤਾ ਸੀ ਜਿਸ ਦੀ ਕੀਮਤ ਕੋਈਂ ਸੋਲਾਂ ਕੁ ਹਜ਼ਾਰ ਰੁਪਈਆ ਸੀ। ਜਿਸ ਦੀ ਪੰਦਰਾਂ ਸੋ ਰੁਪਏ ਮਹੀਨਾ ਕਿਸ਼ਤ ਸੀ ਤੇ ਮੇਰੀ ਤਨਖਾਹ ਉਹਨਾਂ ਦਿਨਾਂ ਵਿੱਚ ਕੋਈਂ ਚਾਰ ਕੁ ਹਜ਼ਾਰ ਰੁਪਈਆ ਸੀ। ਓਦੋਂ ਅਸੀਂ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਸੀ।
“ਪਾਪਾ ਜੀ ਮੈਂ ਰਾਮ ਕੋਲੋਂ ਟੀਵੀ ਲਿਆਉਣਾ ਹੈ ਰੰਗਦਾਰ। ਤੁਸੀਂ ਮੇਰੇ ਨਾਲ ਚੱਲੋ।” ਮੌਕਾ ਜਿਹਾ ਵੇਖਕੇ ਇੱਕ ਦਿਨ ਮੈਂ ਮੇਰੇ ਪਾਪਾ ਜੀ ਨੂੰ ਕਿਹਾ।
“ਬੇਟਾ ਮੈਨੂੰ ਬਹੁਤੀ ਜਾਣਕਾਰੀ ਨਹੀਂ ਟੀਵੀ ਬਾਰੇ। ਤੂੰ ਆਪੇ ਲ਼ੈ ਆਈਂ।” ਪਾਪਾ ਜੀ ਨੇ ਮੈਨੂੰ ਮਿੱਠਾ ਜਵਾਬ ਜਿਹਾ ਦੇ ਦਿੱਤਾ। ਬਾਕੀ ਉਹ ਆਪਣੀ ਨੌਕਰੀ ਦੇ ਕੰਮਾਂ ਵਿੱਚ ਬਾਹਲੇ ਰੁੱਝੇ ਰਹਿੰਦੇ ਸਨ।
”ਜੁਆਕ ਨੇ ਖਰਚ ਕਰਨਾ ਹੈ। ਉਸਨੇ ਪੈਸੇ ਲਾਉਣੇ ਹਨ। ਫਿਰ ਤੁਸੀਂ ਕਿਉਂ ਨਹੀਂ ਨਾਲ ਜਾਂਦੇ? ਤੁਸੀਂ ਖੁਸ਼ੀ ਨਾਲ ਉਸ ਨਾਲ ਜਾਓ। ਉਸਨੂੰ ਵੀ ਹੌਸਲਾ ਹੋਜੂ।” ਮੇਰਾ ਪੱਖ ਲੈਂਦੀ ਹੋਈ ਮੇਰੀ ਮਾਂ ਨੇ ਮੇਰੇ ਪਾਪਾ ਜੀ ਨੂੰ ਆਖਿਆ। ਮੇਰੀ ਮਾਂ ਦੀ ਗੱਲ ਸੁਣਕੇ ਪਾਪਾ ਜੀ ਮੇਰੇ ਨਾਲ ਟੀਵੀ ਲੈਣ ਚਲੇ ਗਏ। ਤੇ ਅਸੀਂ ਟੀਵੀ ਖਰੀਦ ਲਿਆਏ। ਇਸ ਤਰਾਂ ਵੱਡਿਆਂ ਦੀ ਮਰਜ਼ੀ ਤੇ ਹੌਸਲੇ ਨਾਲ ਅਸੀਂ ਕੋਈਂ ਮੁਸ਼ਕਿਲ ਕੰਮ ਵੀ ਆਸਾਨੀ ਨਾਲ ਕਰ ਸਕਦੇ ਹਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ