1971 ਦੀ ਹਿੰਦ ਪਾਕ ਜੰਗ ਤੋਂ ਬਾਦ ਸ਼ਿਮਲਾ ਸਮਝੌਤਾ ਹੋਇਆ। ਉਸ ਸਮੇ ਦੀ ਪ੍ਰਧਾਨ ਮੰਤਰੀ ਨੇ ਇੱਕ ਲੱਖ ਦੇ ਕਰੀਬ ਫੜ੍ਹੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ। ਆਮ ਆਦਮੀ ਨੂੰ ਬਹੁਤ ਬੁਰਾ ਲੱਗਿਆ। ਬਹੁਤ ਆਲੋਚਨਾ ਹੋਈ। ਮੈਂ ਸ਼ਾਇਦ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਵੀ ਗੱਲ ਜਚੀ ਨਹੀਂ। ਮੇਰੇ ਨਾਲ ਮੇਰੇ ਪਾਪਾ ਅਤੇ ਹੋਰ ਬਹੁਤ ਖੜੜੁ ਗਿਆਨੀ ਸਹਿਮਤ ਸਨ। ਮੈਂ ਆਪਣੀ ਗੱਲ ਨੂੰ ਪ੍ਰਧਾਨ ਮੰਤਰੀ ਤੱਕ ਪਹੁਚਾਉਣ ਦਾ ਹੌਸਲਾ ਕੀਤਾ। ਸਾਡੇ ਗੁਆਂਢੀ ਤਾਏ ਚਤਰੇ ਦੇ ਵੱਡੇ ਮੁੰਡੇ ਬਿੱਲੂ ਤੋਂ ਚਿੱਠੀ ਲਿਖਾਉਣ ਦਾ ਫੈਸਲਾ ਕੀਤਾ। ਉਦੋਂ ਉਹ ਕਾਲਜ ਵਿਚ ਪੜ੍ਹਦਾ ਸੀ। ਇਨਲੈਂਡ ਪੱਤਰ ਲਿਖਿਆ ਗਿਆ। ਤੇ ਪੋਸਟ ਵੀ ਕਰ ਦਿੱਤਾ। ਮੈਨੂੰ ਜਬਾਬ ਆਉਣ ਦੀ ਪੂਰੀ ਉਮੀਦ ਸੀ ਜੋ ਅੱਜ ਤੱਕ ਨਹੀਂ ਆਇਆ। ਉਸ ਸਮੇ ਰੇਡੀਓ ਹੀ ਸੰਚਾਰ ਮਾਧਿਅਮ ਹੁੰਦਾ ਸੀ। ਰੇਡੀਓ ਤੇ ਹੀ ਖਬਰਾਂ ਆਉਂਦੀਆਂ। ਫਿਰ ਇੱਕ ਦਿਨ ਪਤਾ ਲੱਗਿਆ ਕਿ ਦਿੱਲੀ ਦੀ ਛੇਵੀਂ ਕਲਾਸ ਦੀ ਲੜਕੀ ਨੇ ਵੀ ਇੰਦਰਾ ਗਾਂਧੀ ਕੋਲ ਆਪਣਾ ਗਿਲਾ ਜਾਹਿਰ ਕੀਤਾ ਸੀ। ਉਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੇ ਦਿੱਤੇ ਆਪਣੇ ਇੱਕ ਭਾਸ਼ਣ ਵਿੱਚ ਕੀਤਾ। ਪ੍ਰਧਾਨ ਮੰਤਰੀ ਨੇ ਆਪਣਾ ਸਪਸ਼ਟੀਕਰਨ ਦਿੱਤਾ। ਮੈਨੂੰ ਲੱਗਿਆ ਕਿ ਚਲੋ ਮੇਰਾ ਨਾਂ ਸਹੀ ਕਿਸੇ ਦਾ ਜਬਾਬ ਪ੍ਰਧਾਨ ਮੰਤਰੀ ਨੇ ਦਿੱਤਾ ਹੀ।
ਉਸ ਸਮਝੌਤੇ ਵਿਚ ਭਾਰਤ ਨੇ ਆਪਣੇ ਪੱਖ ਵਿੱਚ ਬਹੁਤ ਕੁਝ ਮਨਵਾ ਲਿਆ ਸੀ। ਉਹ ਬਹੁਤ ਵੱਡੀ ਪ੍ਰਾਪਤੀ ਸੀ। ਪਰ ਪਾਕਿਸਤਾਨ ਦੀ ਸਰਕਾਰ ਨੇ ਕਦੇ ਵੀ ਉਹਨਾਂ ਗੱਲਾਂ ਤੇ ਅਮਲ ਨਹੀਂ ਕੀਤਾ। ਸਾਡੀਆਂ ਸਰਕਾਰਾਂ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਹਿੰਦ ਪਾਕ ਦੀ ਦੁਸ਼ਮਣੀ ਵਿਚੋਂ ਸਿਆਸੀ ਲਾਹਾ ਲੈਂਦੇ ਰਹੇ ਰਾਜਨੈਤਿਕ ਦਲ ਜੋ ਅੱਜ ਵੀ ਜਾਰੀ ਹੈ।
ਊ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ