ਕੱਲ੍ਹ ਸ਼ਾਮੀ ਇੱਕ ਚਿੱਟ ਕੱਪੜੀਆਂ ਗੁਰੂ ਸਿੱਖ ਅਚਾਨਕ ਹੀ ਅੰਦਰ ਆ ਗਿਆ। ਵੈਸੇ ਉਸ ਨੇ ਡੋਰ ਬੈੱਲ ਵਜਾਈ ਸੀ ਸਾਨੂੰ ਸੁਣੀ ਨਹੀਂ ਤੇ ਅਪਣੱਤ ਦਾ ਮਾਰਿਆ ਉਹ ਸਿੱਧਾ ਅੰਦਰ ਆ ਗਿਆ। ਕੌਣ ਸ਼ਬਦ ਦਾ ਜਬਾਬ ਲੱਭਣ ਲਈ ਦੋ ਕ਼ੁ ਮਿੰਟ ਦਿਮਾਗ ਤੇ ਜੋਰ ਪਾਇਆ ਤਾਂ ਓਏ ਤੇਰੀ ਇਹ ਤਾਂ ਜਸਕਰਨ ਘੁਮਾਣ ਹੈ। ਹਨੀ ਤੇ ਹੈਰੀ ਦਾ ਡੈਡੀ। ਕੋਈ ਅੱਠ ਕ਼ੁ ਸਾਲ ਪਹਿਲਾਂ ਸਾਨੂੰ ਇਹ੍ਹਨਾਂ ਦੀ ਸੰਗਤ ਵਿੱਚ ਰਹਿਣ ਦਾ ਮੌਕਾ ਮਿਲਿਆ ਸੀ। ਅਸੀਂ ਗਰਾਉਂਡ ਫਲੋਰ ਤੇ ਰਹਿੰਦੇ ਹਾਂ ਤੇ ਇਹ ਫਸਟ ਫਲੋਰ ਦੇ ਬਸ਼ਿੰਦੇ ਬਣੇ। ਮਾਝੇ ਦੁਆਬੇ ਦੀ ਮਿੱਠੀ ਬੋਲੀ ਸਾਨੂੰ ਮਾਲਵੇ ਆਲਿਆਂ ਨੂੰ ਉਂਜ ਹੀ ਚੰਗੀ ਲਗਦੀ ਹੈ। ਸਾਡੇ ਨੇੜੇ ਹੀ ਇਹ੍ਹਨਾਂ ਨੇ ਵਾਹਵਾ ਜਮੀਨ ਲਈ ਹੋਈ ਸੀ ਖੁਦ ਖੇਤੀ ਕਰਦੇ। ਕੋਲ ਸਕੋਰਪਿਓ ਗੱਡੀ। ਹਨੀ ਤੇ ਹੈਰੀ ਦੋਨੋ ਜੁਆਕ ਸਾਡਾ ਦੋਹਾਂ ਦਾ ਜੀਅ ਲਵਾਉਣ ਲਈ ਕਾਫੀ ਸਨ ਕਿਉਂਕਿ ਸਾਡੇ ਆਪਣੇ ਜੁਆਕ ਦੂਸਰੇ ਸ਼ਹਿਰਾਂ ਵਿੱਚ ਨੌਕਰੀ ਕਰਦੇ ਸਨ। ਫਿਰ ਵੀ ਨੇੜੇ ਰਹਿੰਦੀ ਜਸਕਰਨ ਦੀ ਭਾਣਜੀ ਮਹਿਕ ਤੇ ਭਾਣਜਾ ਵੀ ਆਪਣੀ ਮੰਮੀ ਨਾਲ ਮਿਲਣ ਆਉਂਦੇ। ਉਹ ਵੀ ਬਹੁਤ ਦਿਲ ਲਵਾਉਂਦੇ।
ਮਨ ਨੂੰ ਬਹੁਤ ਖੁਸ਼ੀ ਹੋਈ। ਤਿੰਨ ਕ਼ੁ ਸਾਲਾਂ ਵਿੱਚ ਸਾਨੂੰ ਇਹ੍ਹਨਾਂ ਕੋਲੋ ਬਹੁਤ ਪਿਆਰ ਤੇ ਸਤਿਕਾਰ ਮਿਲਿਆ। ਸੰਤਮਤ ਦਾ ਪੁਜਾਰੀ ਇਹ ਪਰਿਵਾਰ ਬਿਆਸ ਜਾਂਦਾ ਹੈ ਜੋ ਇਹ੍ਹਨਾਂ ਦੀ ਮੂਲ ਸਥਾਨ ਦੇ ਨੇੜੇ ਹੀ ਹੈ। ਪਰਿਵਾਰ ਦੀ ਸੁੱਖ ਸਾਂਦ ਪੁੱਛਣ ਤੋਂ ਬਾਅਦ ਅਸੀਂ ਹੋਰ ਨਿੱਕੇ ਨਿੱਕੇ ਦੁੱਖ ਸੁੱਖ ਕਰਦੇ ਰਹੇ। ਹਨੀ ਅਤੇ ਹੈਰੀ ਦੀ ਮੰਮੀ ਕੁਲਦੀਪ ਬਹੁਤ ਸਵਾਦ ਪਕੌੜੇ ਬਣਾਉਂਦੀ ਜਦੋਂ ਵੀ ਉਹ ਪਕੌੜੇ ਭੇਜਦੀ ਨਾਲ ਮੂਲੀ ਕੱਦੂ ਕਸ ਕਰਕੇ ਭੇਜਨੀ ਨਾ ਭੁੱਲਦੀ। ਸ਼ਾਇਦ ਇਹ ਓਧਰ ਦਾ ਰਿਵਾਜ ਸੀ। ਜਸਕਰਨ ਨੂੰ ਮੇਰੀਆਂ ਕਹਾਣੀਆਂ ਪੜ੍ਹਨ ਦਾ ਸ਼ੋਂਕ ਸੀ। ਤੇ ਇਸ ਵਾਰ ਉਹ ਮੇਰੇ ਦੋਨੇ ਕਹਾਣੀ ਸੰਗ੍ਰਹਿ ਨਾਲ ਲੈ ਗਿਆ। ਕਿਉਂਕਿ ਮੇਰੀ ਬੇਟੀ ਗਗਨ ਬਟਾਲੇ ਦੀ ਹੈ ਉਸ ਨੂੰ ਉਸਨੇ ਧੀਆਂ ਵਰਗਾ ਪਿਆਰ ਦਿੱਤਾ। ਤੇ ਜਾਂਦਾ ਹੋਇਆ ਮੇਰੀ ਪੋਤੀ ਸੌਗਾਤ ਨੂੰ ਸ਼ਗਨ ਦੇਣਾ ਨਹੀਂ ਭੁਲਿਆ। ਜੋ ਪੰਜਾਬੀਆਂ ਦੇ ਅਮੀਰ ਵਿਰਸੇ ਦਾ ਅੰਗ ਹੈ।
ਕੁਝ ਲੋਕ ਬਹੁਤ ਘੱਟ ਸਮੇ ਵਿੱਚ ਸਮਾਜ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਉਹਨਾਂ ਨੂੰ ਭੁੱਲਣਾ ਸੁਖਾਲਾ ਨਹੀਂ ਹੁੰਦਾ।
ਫਿਰ ਮਿਲਣ ਦਾ ਪੱਕਾ ਵਾਅਦਾ ਕਰਕੇ ਇਹ ਚੇਹਰੇ ਨੂੰ ਲਾਲੀ ਦੇ ਗਿਆ।
#ਰਮੇਸ਼ਸੇਠੀਬਾਦਲ