ਸਾਡੇ ਪਿੰਡ ਘੁਮਿਆਰੇ ਬਿਜਲੀ 1973 ਵਿੱਚ ਆਈ। ਸ਼ੁਰੂ ਸ਼ੁਰੂ ਵਿਚ ਕੋਈ ਪੰਦਰਾਂ ਕੁ ਘਰਾਂ ਨੇ ਬਿਜਲੀ ਦੀ ਫਿਟਿੰਗ ਕਰਵਾਈ। ਵਿਭਾਗ ਦੇ ਜੇ ਈ ਨੂੰ ਮਿਲਕੇ ਪਾਪਾ ਜੀ ਬਿਜਲੀ ਦੇ ਨੋ ਮੀਟਰ ਲੰਬੀ ਦਫਤਰ ਤੋਂ ਅਗੇਤੇ ਹੀ ਲੈ ਆਏ। ਇਸ ਤਰਾਂ ਨਾਲ ਬਿਜਲੀ ਦਾ ਪਹਿਲਾ ਮੀਟਰ ਸਾਡੇ ਘਰ ਲੱਗਿਆ ਤੇ ਦੂਸਰਾ ਮੇਰੇ ਦਾਦਾ ਜੀ ਵਾਲੇ ਘਰ ਵਿੱਚ। ਕਿਉਂਕਿ ਆਮ ਘਰਾਂ ਵਿੱਚ ਤੰਗੀ ਤੁਰਸ਼ੀ ਦਾ ਮਾਹੌਲ ਸੀ। ਬਾਕੀ ਲੋਕਾਂ ਨੇ ਹੋਲੀ ਹੋਲੀ ਬਿਜਲੀ ਦੇ ਕੁਨੈਕਸ਼ਨ ਲਏ। ਅਸੀਂ ਇੱਕ ਬਿਜਲੀ ਵਾਲਾ ਪੱਖਾਂ ਮੇਰੇ ਦਾਦਾ ਜੀ ਦੀ ਹੱਟੀ ਵਿੱਚ ਵੀ ਲਗਵਾਇਆ ਸੀ। ਪਿੰਡ ਦੇ ਕਈ ਬਜ਼ੁਰਗ ਦਿਨੇ ਠੰਡੀ ਹਵਾ ਲੈਣ ਦੇ ਬਹਾਨੇ ਮੇਰੇ ਦਾਦਾ ਜੀ ਦੀ ਹੱਟੀ ਵਿਚ ਆ ਬੈਠਦੇ ਤੇ ਗੱਲਾਂ ਮਾਰਦੇ ਰਹਿੰਦੇ।
” ਕਿਵੇਂ ਹਰਗੁਲਾਲਾ ਅੱਜ ਹੱਥ ਨਾਲ ਹੀ ਪੱਖੀ ਝੱਲ ਰਿਹਾਂ ਹੈ। ਤੇ ਫਿਰ ਆਹ ਕਾਸ ਤੋਂ ਲਵਾਇਆ ਹੈ?” ਬਾਬੇ ਈਸ਼ਰ ਨੇ ਬੰਦ ਪਏ ਛੱਤ ਵਾਲੇ ਪੱਖੇ ਵੱਲ ਇਸ਼ਾਰਾ ਕਰਦੇ ਹੋਏ ਨੇ ਪੁੱਛਿਆ।
” ਈਸ਼ਰਾ ਅੱਜ ਬਿਜਲੀ ਬੰਦ ਹੈ ਸਵੇਰ ਦੀ। ਸ਼ਾਮੀ ਛੇ ਵਜੇ ਆਊ।” ਮੇਰੇ ਦਾਦਾ ਜੀ ਨੇ ਬਾਬੇ ਈਸ਼ਰ ਸਿੰਘ ਨੂੰ ਆਖਿਆ।
“ਹਲਾ ਇਹ ਬਿਜਲੀ ਨਾਲ ਚਲਦਾ ਹੈ। ਉਥੇ (ਮੰਡੀ ਡੱਬਵਾਲੀ) ਤਾਂ ਸਾਂਈਏ ਵਿਸਾਖੀ (ਮਸ਼ਹੂਰ ਆੜਤੀ ਫਰਮ ਸਾਈਆਂ ਰਾਮ ਵਿਸਾਖੀ ਮਲ) ਕੇ ਤਾਂ ਸਾਰਾ ਦਿਨ ਊਂ ਹੀ ਘੁੰਮੀ ਜਾਂਦਾ ਹੈ।” ਹੈਰਾਨੀ ਨਾਲ ਉਸਦਾ ਮੂੰਹ ਅੱਡਿਆ ਹੀ ਰਹਿ ਗਿਆ।
ਪਹਿਲਾਂ ਲੋਕ ਬਹੁਤ ਭੋਲੇ ਹੁੰਦੇ ਸੀ। ਅੱਜ ਕੱਲ ਤਾਂ ਜੰਮਦੇ ਜੁਆਕ ਨੂੰ ਮੋਬਾਈਲ ਲੈਪਟੋਪ ਦਾ ਗਿਆਨ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ