ਕੇਰਾਂ ਮੈਂ ਤੇ ਸ੍ਰੀ Om Parkash Mehta ਜੋ ਉਸ ਸਮੇਂ ਪਟਵਾਰੀ ਸਨ ਤੇ । ਚੰਡੀਗੜ੍ਹ ਚਲੇ ਗਏ। ਉਸ ਸਮੇ ਸੂਬੇ ਵਿਚ ਚੌਧਰੀ ਭਜਨ ਲਾਲ ਦੀ ਸਰਕਾਰ ਸੀ ਤੇ ਡੁਬਵਾਲ਼ੀ ਤੋਂ ਵਿਧਾਇਕ ਮੈਡਮ ਸੰਤੋਸ਼ ਸਰਵਾਨ ਚੌਹਾਨ ਪੰਚਾਇਤੀ ਵਿਭਾਗ ਦੇ ਰਾਜ ਮੰਤਰੀ ਹੁੰਦੇ ਸਨ। ਮੈਡਮ ਨਾਲ ਪਾਪਾ ਜੀ ਦੇ ਤਾਲੋਕਾਤ ਵਧੀਆ ਸਨ। ਪਾਪਾ ਜੀ ਕਨੂੰਗੋ ਸਨ ਤੇ ਮਹਿਤਾ ਸਾਹਿਬ ਨਾਲ ਖਾਸ ਲਿਹਾਜ਼ ਸੀ। ਇਸ ਲਈ ਸਾਡਾ ਠਿਕਾਣਾ ਵੀ ਪੰਚਕੂਲੇ ਸਥਿਤ ਮੈਡਮ ਦੀ ਕੋਠੀ ਹੀ ਹੁੰਦਾ ਸੀ। ਕੋਠੀ ਦੇ ਸਾਰੇ ਸਟਾਫ ਨੂੰ ਸਾਡੇ ਬਾਰੇ ਪਤਾ ਸੀ। ਫਿਰ ਚਾਹੇ ਮੈਡਮ ਹੁੰਦੇ ਨਾ ਹੁੰਦੇ ਸਾਡੀ ਖੂਬ ਆਓਂ ਭਗਤ ਹੁੰਦੀ। ਮੰਤਰੀ ਜੀ ਦੇ ਲਿਹਾਜੀ ਹੋਣ ਕਰਕੇ ਅਸੀਂ ਵੀ ਤੀਏ ਦਿਨ ਕਿਸੇ ਨਾ ਕਿਸੇ ਦੀ ਬਦਲੀ ਕਰਾਉਣ ਦੇ ਬਹਾਨੇ ਚੰਡੀਗੜ੍ਹ ਨੂੰ ਤੁਰੇ ਹੀ ਰਹਿੰਦੇ।
ਉਸ ਦਿਨ ਅਸੀਂ ਸ਼ਾਮੀ ਸਤਾਰਾਂ ਸੈਕਟਰ ਵਿੱਚ ਘੁੰਮ ਘੁਮਾ ਕੇ ਥੋੜਾ ਲੇਟ ਹੀ ਕੋਠੀ ਪਹੁੰਚੇ। ਖਾਣ ਪੀਣ ਵਿਚ ਮਹਿਤਾ ਸਾਹਿਬ ਮੇਰੇ ਵੀ ਗੁਰੂ ਹਨ। ਭਾਵੇ ਅਸੀਂ ਸਤਾਰਾਂ ਸੈਕਟਰ ਤੋਂ ਭੱਲੇ ਟਿੱਕੀਆ ਨਾਲ ਰੱਜ ਕੇ ਗਏ ਸੀ ਪਰ ਸੀ ਟੂ ਯੂ ਦੀਆਂ ਬੱਸਾਂ ਨੇ ਹਾਜਮੋਲਾ ਦਾ ਕੰਮ ਕੀਤਾ। ਤੇ ਯੇ ਢਿੱਡ ਮਾਂਗੇ ਮੋਰ। ਅਸੀਂ ਕੋਠੀ ਬਣੇ ਆਪਣੇ ਕਮਰੇ ਵਿੱਚ ਕਪੜੇ ਬਦਲਕੇ ਬੈਠ ਗਏ। ਤੇ ਸ੍ਰੀ ਡਿਨਰ ਜੀ ਮਹਾਰਾਜ ਦਾ ਇੰਤਜ਼ਾਰ ਕਰਨ ਲੱਗੇ। ਕੋਠੀ ਵਿੱਚ ਡਿਨਰ ਦੀ ਅਜੇ ਕੋਈ ਵਾਈ ਧਾਈ ਨਹੀਂ ਸੀ।
ਰੋਟੀ ਆਊ ਕੇ ਨਹੀਂ ਆਉਂਦੀ ਮਹਿਤਾ ਸਾਹਿਬ ਮੈਨੂੰ ਵਾਰੀ ਵਾਰੀ ਪੁੱਛਣ। ਪਰ ਮੈਂ ਸੰਗਦਾ ਕਿਸ ਨੂੰ ਪੁੱਛਾਂ। ਕੋਠੀ ਰਿਹਾਇਸ਼ੀ ਇਲਾਕੇ ਵਿੱਚ ਸੀ ਤੇ ਨੇੜੇ ਕੋਈ ਹੋਟਲ ਢਾਬਾ ਵੀ ਨਹੀਂ ਸੀ। ਭੁੱਖਿਆ ਨੂੰ ਨੀਂਦ ਕਿੱਥੇ। ਬਾਕੀ ਰਹਿੰਦੀ ਕਸਰ ਮਹਿਤਾ ਸਾਹਿਬ ਨੇ ਬੱਤੀ ਬੁਝਾਕੇ ਪੂਰੀ ਕਰ ਦਿੱਤੀ ਅਖੇ ਮੈਂ ਸਿਮਰਨ ਕਰਦਾ ਹਾਂ।
ਮਖਿਆ ਯਾਰ ਲਾਈਟ ਤਾਂ ਜਗਾ ਹੀ ਲੈ। ਨਹੀਂ ਤਾਂ ਬਹਾਦਰ ਸਮਝੂ ਬਈ ਇਹ ਤਾਂ ਸੋਂ ਗਏ। ਮੈਂ ਲਾਈਟ ਜਗਾ ਦਿੱਤੀ। ਸਾਢੇ ਕ਼ੁ ਦਸ ਵਜੇ ਬਹਾਦਰ ਰੋਟੀ ਲੈ ਕੇ ਆ ਗਿਆ।
ਲਓ ਕਨੂੰਗੋ ਸਾਆਬ ਖਾਣਾ ਖਾ ਲਵੋ। ਉਹ ਰੋਟੀਆਂ ਇਕੱਠੀਆਂ ਹੀ ਲੈ ਆਇਆ। ਵੱਡੇ ਵੱਡੇ ਕੌਲੇ ਦਾਲ ਨਾਲ ਭਰੇ ਸਨ ਤੇ ਨਾਲ ਆਲੂ ਗੋਭੀ ਦੀ ਸਬਜ਼ੀ ਦਾ ਡੋਂਗਾ ਸੀ। ਅਸੀਂ ਰੋਟੀਆਂ ਨੂੰ ਟੁੱਟ ਪਏ ਤੇ ਬਰਤਨ ਅਮਲੀਆਂ ਦੀ ਪਤੀਲੀ ਵਾਂਗੂ ਮਾਂਜ ਦਿੱਤੇ।
ਹੁਣ ਆਊ ਨੀਂਦ ਕਹਿ ਕੇ ਮਹਿਤਾ ਸਾਹਿਬ ਨੇ ਘੁਰਾੜਿਆਂ ਵਾਲਾ ਜਨਰੇਟਰ ਚਾਲੂ ਕਰ ਦਿੱਤਾ।
#ਰਮੇਸ਼ਸੇਠੀਬਾਦਲ