ਅੱਜ ਤਾਂ ਬੌਸ ਨੇ ਕੰਮ ਹੀ ਬਹੁਤ ਜ਼ਿਆਦਾ ਦੇ ਦਿੱਤਾ ਸੀ ਰਾਤ ਦੇ ਗਿਆਰਾਂ ਬਾਰ੍ਹਾਂ ਵਜੇ ਤੱਕ ਜਾਗਦੀ ਰਹੀ ਤਾਂ ਜਾ ਕੇ ਪੰਜ ਚਿੱਤਰ ਤਿਆਰ ਕੀਤੇ। ਸਾਡੇ ਬੌਸ ਦਾ ਗੋਲਡ ਜਿਊਲਰੀ ਦਾ ਕੰਮ ਆ ਤੇ ਕੱਲ੍ਹ ਇੱਕ ਜਨਾਬ ਸਾਹਬ ਆਏ ਬੜੀ ਜਲਦੀ ਚ ਕਹਿਣ ਲੱਗੇ ਕਿ ਉਹਨਾਂ ਨੂੰ ਆਪਣੀ ਪਤਨੀ ਲਈ ਮੈਰਿਜ ਐਨੀਵਰਸਰੀ ਤੇ ਹਾਰ ਚਾਹੀਦਾ ਅਜੀਬ ਡਿਮਾਂਡ ਸੀ
।ਹਾਰ ਪਰਲਾ ਹੋਵੇ ਭਾਰੀ ਹੋਵੇ। ਤੇ ਇਸ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਨ ਦੀ ਜ਼ਿੰਮੇਵਾਰੀ ਸਰ ਨੇ ਮੈਨੂੰ ਤੇ ਮੇਰੇ ਪਾਰਟਨਰ ਦੀਪਕ ਸਰ ਨੂੰ ਦੇ ਦਿੱਤੀ। ਮੈਂ ਸਵੇਰੇ ਆਫਿਸ ਆਈ ਤੇ ਦੀਪਕ ਸਰ ਦੀ ਊਡੀਕ ਕਰਨ ਲੱਗੀ ਬੌਸ ਵੀ ਆ ਚੁੱਕੇ ਸਨ ਪਰ ਦੀਪਕ ਸਰ ਲੇਟ ਸਨ। ਕੱਲ੍ਹ ਤਾਂ ਐਤਵਾਰ ਸੀ ਔਰਤਾਂ ਨੂੰ ਤਾਂ ਸੌ ਕੰਮ ਹੁੰਦੇ ਨੇ ਜੋ ਐਤਵਾਰ ਨੂੰ ਕਰਨੇ ਹੁੰਦੇ ਨੇ ਥਕਾਵਟ ਵੀ ਆ ਜਾਂਦੀ ਐ ਪਰ ਦੀਪਕ ਸਰ ਨੂੰ ਕੀ ਹੋ ਗਿਆ ਸੀ।ਉਹ ਕਿਵੇਂ ਲੇਟ ਹੋ ਗਏ। ਮੈਨੂੰ ਬੌਸ ਨੇ ਅੰਦਰ ਬੁਲਾਇਆ ਤੇ ਉਹਨਾਂ ਨੇ ਮੇਰੇ ਡਿਜ਼ਾਈਨ ਚੈੱਕ ਕੀਤੇ ਤੇ ਬਿਨਾਂ ਕੁੱਝ ਬੋਲੇ ਆਪਣੇ ਕੋਲ ਰੱਖ ਲਏ। ਅਤੇ ਮੈਨੂੰ ਦੀਪਕ ਸਰ ਨੂੰ ਉਨ੍ਹਾਂ ਕੋਲ ਭੇਜਣ ਲਈ ਕਹਿ ਕੇ ਵਾਪਿਸ ਭੇਜ ਦਿੱਤਾ। ਜਦੋਂ ਮੈਂ ਆਫ਼ਿਸ ਤੋਂ ਵਾਪਿਸ ਆ ਰਹੀ ਸੀ ਤਾਂ ਮੈਂ ਵੇਖਿਆ ਕਿ ਦੀਪਕ ਸਰ ਮੇਰੇ ਨਾਲ ਦੇ ਕੈਵਿਨ ਤੇ ਬੈਠੇ ਸਨ ਜੋ ਕਿ ਮੇਰੀ ਪਾਰਟਨਰ ਜੋਤੀ ਦਾ ਹੈ।ਜੋ ਸ਼ਾਇਦ ਕਿਸੇ ਕੰਮ ਗਈ ਹੈ ਜਾਂ ਫਿਰ ਅਜੇ ਆਈ ਨਹੀਂ ਇਹ ਮੈਨੂੰ ਨਹੀਂ ਪਤਾ ਕਿਉਂ ਕਿ ਮੇਰਾ ਧਿਆਨ ਤਾਂ ਅੱਜ ਮੇਰੇ ਹੋਮ ਵਰਕ ਚ ਪਿਆ ਏ।ਪਰ ਦੀਪਕ ਸਰ ਅੱਜ ਕੁਝ ਠੀਕ ਨਹੀਂ ਲੱਗ ਰਹੇ ਬਿਲਕੁਲ ਮੁਰਝਾਏ ਹੋਏ ਨੇ ਜਿਵੇਂ ਕਿਸੇ ਸੋਚ ਵਿੱਚ ਡੁੱਬੇ ਹੋਏ ਹੋਣ। ਮੈਂ ਕੋਲ ਚਲੀ ਗਈ ਉਨ੍ਹਾਂ ਨੂੰ ਮੇਰਾ ਗਈ ਦਾ ਵੀ ਪਤਾ ਨਹੀਂ ਚੱਲਿਆ। ਮੈਂ ਪੁੱਛ ਹੀ ਲਿਆ ਕਿ ਕੀ ਗੱਲ ਹੋ ਗਈ ਸਰ ਕੱਲ੍ਹ ਨੀਂਦ ਪੂਰੀ ਨਹੀਂ ਹੋਈ ਦਾਰ ਜੀ ਨੇ ਫੇਰ ਸੰਦੇਹਾਂ ਉਠਾ ਲਿਆ ਸੀ ਸੈਰ ਕਰਨ ਵਾਸਤੇ।ਸਰ ਨੇ ਮੇਰੇ ਵੱਲ ਗੌਰ ਨਾਲ ਵੇਖਿਆ ਤੇ ਕਿਹਾ ਨਹੀਂ ਕੁਲਵਿੰਦਰ ਅੱਜ ਕੁਝ ਠੀਕ ਨਹੀਂ ਲੱਗ ਰਿਹਾ।ਸਰ ਨੇ ਪਹਿਲੀ ਵਾਰ ਮੇਰਾ ਨਾਮ ਲਿਆ ਸੀ ਵੈਸੇ ਸਰ ਸਾਰੀਆਂ ਲੇਡੀਜ਼ ਨੂੰ ਮੈਡਮ ਕਹਿ ਕੇ ਬੁਲਾਉਂਦੇ ਸਨ। ਕੀ ਗੱਲ ਹੋ ਗਈ ਸਰ ਮੈਂ ਪੁੱਛਿਆ।ਸਰ ਕਹਿਣ ਲੱਗੇ ਕਿ ਮੈਂ ਕੱਲ੍ਹ ਦਾਰ ਜੀ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਨਾਂ ਉਠਾਇਓ ਸਵੇਰੇ ਮਸਾਂ ਹਫਤੇ ਵਿਚ ਇਕ ਐਤਵਾਰ ਆਉਂਦਾ ਏ ਮੈਂ ਤਾਂ ਰੱਜ਼ ਕੇ ਸੌਵਾਂਗਾ। ਪਹਿਲਾਂ ਤਾਂ ਦਾਰ ਜੀ ਮੈਨੂੰ ਸਵੇਰੇ 4.30 ਵਜੇ ਹੀ ਉਠਾ ਲੈਂਦੇ ਸੀ ਪਰ ਕੱਲ੍ਹ ਉਹਨਾਂ ਨੇ ਮੈਨੂੰ 7 ਵਜੇ ਉਠਾਇਆ ਕੌਫੀ ਦਾ ਕੱਪ ਲੈ ਕੇ ਆਏ ਤੇ ਮੈਨੂੰ ਫੜਾਉਂਦੇ ਕਹਿਣ ਲੱਗੇ ਕਿ ਸਵੇਰ ਦੀ ਸੈਰ ਦਾ ਨਾਂਗਾ ਨੀ ਪਾਉਣਾ ਪੁੱਤਰ ਮੈਂ ਵੀ ਤੇਰੇ ਉੱਠਣ ਦੀ ਉਡੀਕ ਕਰ ਰਿਹਾ ਸੀ ਚਲ ਚੱਲੀਏ। ਮੈਂ ਦਾਰ ਜੀ ਨੂੰ ਹੱਸਦੇ ਨੇ ਕਿਹਾ ਦਾਰ ਜੀ ਤੁਸੀਂ ਤਾਂ ਅਜੇ ਜਵਾਨ ਹੋ ਮੇਰੇ ਨਾਲ ਕਿੱਥੇ ਰਲਗੇ ਦਾਰ ਜੀ ਉੱਚੀ -ਉੱਚੀ ਹੱਸਣ ਲੱਗੇ ਤੇ ਮੈਂ ਕੌਫੀ ਦਾ ਕੱਪ ਮੇਜ਼ ਤੇ ਰੱਖ ਕੇ ਬਾਥਰੂਮ ਵਿੱਚ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਦਾਰ ਜੀ ਆਪਣੇ ਬੂਟ ਕਸ਼ ਰਹੇ ਸਨ ਤੇ ਮੈਂ ਕੌਫੀ ਦਾ ਕੱਪ ਨਿਵੇੜ ਬੂਟ ਭਾਲਣ ਲੱਗਾ ਤੇ ਦਾਰ ਜੀ ਫ਼ੜ ਮੈਨੂੰ ਕਹਿ ਕੇ ਭੱਜ ਲਏ। ਤੇ ਜਾਂਦੇ ਹੋਏ ਮੰਮੀ ਨੂੰ ਆਵਾਜ਼ ਮਾਰ ਗਏ ਭਾਈ ਰੋਟੀ ਨਾਂ ਬਣਾਇਓ ਅੱਜ ਸਾਡੀ ਦਾਦੇ ਪੋਤੇ ਦੀ। ਮੈਂ ਮਗਰ ਭੱਜੇ ਜਾਂਦੇ ਨੇ ਕਿਹਾ ਕਿਉਂ ਦਾਰ ਜੀ ਅੱਜ ਵਰਤ ਏ।ਦਾਰ ਜੀ ਨੇ ਹੱਸਦੇ ਹੋਇਆ ਕਿਹਾ ਵਰਤ ਰੱਖਣ ਮੇਰੇ ਵੈਰੀ ਮੈਂ ਤਾਂ ਅੱਜ ਆਲੂਆਂ ਵਾਲੇ ਪਰੌਂਠੇ ਖਾ ਕੇ ਆਵਾਂਗਾ ਤੇ ਤੈਨੂੰ ਵੀ ਖਵਾ ਕੇ ਲਿਆਵਾਂਗਾ।ਓ ਹੋ ਦਾਰ ਜੀ ਇੰਨੀ ਦੂਰ ਮੈਂ ਨੀ ਜਾਵਾਂਗਾ ਮੈਂ ਤਾਂ ਘਰ ਆ ਕੇ ਹੀ ਰੋਟੀ ਖਾ ਲਵਾਂਗਾ ਜਿਹੜੀ ਮੈਂ ਐਤਵਾਰ ਦਾ ਲਾਹਾ ਲੈ ਕੇ ਨੀਂਦ ਪੂਰੀ ਕੀਤੀ ਏ ਉਹ ਤੁਸੀਂ ਕੱਢ ਦੇਵੋਗੇ। ਬੱਸ ਡਰ ਗਿਆ ਚੋਬਰਾ ਪਹਿਲਾਂ ਤਾਂ ਆਫਿਸ ਦਾ ਬਹਾਨਾ ਹੁੰਦਾ ਸੀ ਅੱਜ ਕਾਹਦਾ ਲਾਵੇਂਗਾ ਅੱਜ ਤਾਂ ਹਨੇਰਾ ਵੀ ਨਹੀਂ ਤੇ ਨੀਂਦ ਵੀ ਪੂਰੀ ਏ ਤੇਰੀ। ਮੈਂ ਚੁੱਪ ਕਰ ਗਿਆ ਤੇ ਦਾਰ ਜੀ ਦੇ ਮਗਰ ਭੱਜਦਾ ਰਿਹਾ ਦਾਰ ਜੀ ਸਾਰੇ ਰਸਤੇ ਉਹਨਾਂ ਪਰੌਂਠਿਆਂ ਦੀ ਸਿਫ਼ਤ ਕਰਦੇ ਜਾ ਰਹੇ ਸਨ। ਮੈਂ ਕਿਹਾ ਚਲੋ ਅੱਜ ਮੈਂ ਵੀ ਵੇਖਦਾ ਤੁਹਾਡੀ ਛੱਨੋਂ ਦੇ ਪਰਾਂਠੇ। ਅਸੀਂ ਸਾਡੇ ਪਿੰਡ ਤੋਂ ਤਕਰੀਬਨ ਚਾਰ – ਪੰਜ ਕਿਲੋਮੀਟਰ ਦੂਰ ਆ ਗਏ ਸਾਂ ਪਹਿਲਾਂ ਤਾਂ ਜਦੋਂ ਦਾਰ ਜੀ ਪਰੌਂਠੇ ਖਾਣ ਆਉਂਦੇ ਤਾਂ ਮੈਂ ਰਸਤੇ ਵਿੱਚੋਂ ਹੀ ਮੁੜ ਜਾਂਦਾ ਕਿਉਂਕਿ ਮੈਂ ਆਫ਼ਿਸ ਆਉਣਾ ਹੁੰਦਾ ਸੀ ਪਰ ਅੱਜ ਦਾਰ ਜੀ ਮੈਨੂੰ ਨਾਲ ਲਿਜਾਣ ਵਿਚ ਕਾਮਯਾਬ ਹੋ ਗਏ। ਮੈਂ ਵੇਖਿਆ ਅਸੀਂ ਨਿੱਕੇ ਨਿੱਕੇ ਘਰਾਂ ਜਿਹਿਆਂ ਕੋਲ ਆ ਗਏ ਸਾਂ ਤੇ ਇੱਕ ਘਰ ਦੇ ਕਮਰੇ ਦੇ ਬਾਹਰ ਦੋ ਮੰਜੇ ਡਾਹ ਕੇ ਵਿਚਾਲੇ ਲੱਕੜ ਦਾ ਮੇਜ਼ ਰੱਖਾ ਹੋਇਆ ਸੀ ਤੇ ਕੋਲ ਚਾਰ ਕੁ ਕੁਰਸੀਆਂ ਪਈਆਂ ਸਨ ਤੇ ਉਨ੍ਹਾਂ ਦੇ ਸਾਹਮਣੇ ਵੀ ਇੱਕ ਮੇਜ਼ ਪਿਆ ਸੀ ਦਾਰ ਜੀ ਜਾ ਕੇ ਮੰਜੇ ਤੇ ਬੈਠ ਗਏ। ਮੈਂ ਹੱਸਦੇ ਹੋਏ ਨੇ ਕਿਹਾ ਆ ਗਿਆ ਜੀ ਤੁਹਾਡਾ ਫਾਈਵ ਸਟਾਰ ਹੋਟਲ ਇਹਦੀ ਇੰਨੀਂ ਸਿਫ਼ਤ ਕਰ ਰਹੇ ਸੀ ਤੁਸੀਂ।ਦਾਰ ਜੀ ਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੇ ਕਿ ਪੁੱਤ ਜਿਸ ਨੇ ਫਾਈਵ ਸਟਾਰ ਹੋਟਲ ਖੋਲ੍ਹ ਲਿਆ ਉਸ ਕੋਲ ਤਾਂ ਸਭ ਕੁਝ ਹੈ ਤੇ ਇੰਨਾ ਵਿਚਾਰੇ ਗਰੀਬਾਂ ਦਾ ਢਿੱਡ ਕਿਵੇਂ ਤੁਰੂ ਇਹ ਵਿਚਾਰੇ ਗਾਹਕ ਨੂੰ ਉਡੀਕਦੇ ਰਹਿੰਦੇ ਨੇ ਤੇ ਤੇਰੇ ਵਰਗੇ ਇਨ੍ਹਾਂ ਕੋਲ ਦੀ ਗੱਡੀ ਛੂੰ ਕਰਕੇ ਲੰਘਾ ਕੇ ਲੈ ਜਾਂਦੇ ਨੇ। ਇੰਨੇ ਨੂੰ ਇੱਕ ਛੇ -ਸੱਤ ਸਾਲ ਦਾ ਮੁੰਡਾ ਸਾਡੇ ਕੋਲ ਆਇਆ ਤੇ ਕਹਿਣ ਲੱਗਾ ਕੀ ਲਓਂਗੇ ਸਰਦਾਰ ਜੀ ਚਾਹ ਕੇ ਕੌਫੀ।ਦਾਰ ਜੀ ਨੇ ਕਿਹਾ ਨਹੀਂ ਪੁੱਤਰ ਪਰਾਂਠੇ ਖਾਣੇ ਨੇ।ਦਾਰ ਜੀ ਆਪਣੇ ਫ਼ੌਜੀ ਸਟਾਇਲ ਵਿੱਚ ਮੰਜੇ ਉੱਤੇ ਪਲਾਂਥੀ ਮਾਰ ਕੇ ਬੈਠ ਗਏ ਅਤੇ ਉਹ ਬੱਚਾ ਕਹਿਣ ਲੱਗਾ ਠੀਕ ਹੈ ਸਰਦਾਰ ਜੀ ਮੈਂ ਦੀਦੀ ਨੂੰ ਕਹਿ ਦਿੰਦਾ ਹਾਂ। ਉਹ ਉੱਥੋਂ ਭੱਜ ਗਿਆ ਦਾਰ ਜੀ ਨੇ ਫੇਰ ਆਵਾਜ਼ ਮਾਰੀ ਪੁੱਤ ਪਾਣੀ ਲੈ ਕੇ ਆਇਓ ਤਾਂ ਅੰਦਰੋਂ ਆਵਾਜ਼ ਆਈ ਛੋਟੇ ਪਾਣੀ ਤਾਂ ਫੜਾ ਦੇ ਗਾਹਕ ਨੂੰ ਮੈਂ ਸੋਚਿਆ ਚਲੋ ਮਾਲਕਣ ਹੋਵੇਗੀ ਹੋਟਲ ਦੀ। ਉਹ ਬੱਚਾ ਅੰਦਰ ਗਿਆ ਤੇ ਸਾਡੇ ਲਈ ਸਟੀਲ ਦਾ ਜੱਗ ਪਾਣੀ ਦਾ ਤੇ ਦੋ ਗਿਲਾਸ ਲੈ ਆਇਆ। ਕੁਝ ਸਮੇਂ ਬਾਅਦ ਇੱਕ ਬਹੁਤ ਹੀ ਸੋਹਣੀ ਕੁੜੀ ਹੱਥ ਵਿਚ ਪਰੌਂਠਿਆਂ ਵਾਲਾ ਥਾਲ ਲੈ ਸਾਡੇ ਕੋਲ ਆਈ ਮੈਂ ਤਾਂ ਹੈਰਾਨ ਕਿ ਇਹ ਕੁੜੀ ਇੱਥੇ ਕੰਮ ਕਰਦੀ ਏ।ਦਾਰ ਜੀ ਨੇ ਉਸ ਕੁੜੀ ਨੂੰ ਪੁੱਛਿਆ ਪੁੱਤ ਕਿੰਨੇ ਰੁਪਏ ਪਲੇਟ ਮੈਂ ਤਾਂ ਹੁਣ ਕਿੰਨੇ ਟਾਇਮ ਤੋਂ ਆਇਆਂ ਹਾਂ। ਉਸ ਕੁੜੀ ਨੇ ਕਿਹਾ ਸਰਦਾਰ ਜੀ ਉਹੀ ਪੰਜਾਹ ਰੁਪਏ। ਪੁੱਤਰ ਪੰਜਾਹ ਰੁਪਿਆ ਵਿਚ ਇੰਨੀ ਵੱਡੀ ਪਲੇਟ ਹੁਣ ਤਾਂ ਪੁੱਤ ਆਲੂ ਹੀ ਪੰਜਾਹ ਰੁਪਏ ਹੋ ਗਏ ਨੇ ਤਾਂ ਉਸ ਕੁੜੀ ਨੇ ਕਿਹਾ ਸਰਦਾਰ ਜੀ ਲੋਕ ਆਲੂ ਪੰਜਾਹ ਰੁਪਏ ਖਰੀਦ ਲੈਣਗੇ ਪਰ ਜੇ ਮੈਂ ਇੱਕ ਰੁਪਈਆ ਵੀ ਪਲੇਟ ਮਗਰ ਵਧਾ ਦਿੱਤਾ ਤਾਂ ਮੇਰਾ ਕੰਮ ਰੁਕ ਜਾਊਗਾ ਇਸ ਲਈ ਸਰਦਾਰ ਜੀ ਘਾਟਾ ਵਾਧਾ ਝੱਲਣਾ ਪੈਂਦਾ। ਥਾਲੀ ਵਿੱਚ ਪੰਜ ਪਰਾਂਠੇ ਤੇ ਇੱਕ ਕੌਲੀ ਦਹੀਂ ਤੇ ਨਾਲ ਕੁਝ ਸਲਾਦ ਸੀ। ਮੇਰੀ ਤਾਂ ਜਿਵੇਂ ਭੁੱਖ ਜਿਹੀ ਮਰ ਗਈ ਉਹਨਾਂ ਦੇ ਹਲਾਤਾਂ ਨੂੰ ਵੇਖ ਕੇ। ਉਸ ਹੋਟਲ ਵਾਲੀ ਕੁੜੀ ਨੇ ਦਾਰ ਜੀ ਪੁੱਛਿਆ ਸਰਦਾਰ ਜੀ ਇੱਕ ਪਲੇਟ ਹੋਰ ਲਾਵਾਂ।ਦਾਰ ਜੀ ਨੇ ਮੈਨੂੰ ਕਿਹਾ ਲੈ ਪੁੱਤ ਆਹ ਤੂੰ ਖਾ ਲੈ ਮੈਂ ਇੱਕ ਛੋਟੀ ਪਲੇਟ ਹੋਰ ਲੈ ਲੈਨੇ। ਮੈਂ ਕਿਹਾ ਨਹੀਂ ਦਾਰ ਜੀ ਮੈਨੂੰ ਇੰਨੀ ਭੁੱਖ ਨਹੀਂ ਆਪਾਂ ਇੱਕ ਨਾਲ ਹੀ ਸਾਰ ਲਵਾਂਗੇ।ਦਾਰ ਜੀ ਇਨ੍ਹਾਂ ਨੇ ਪੰਜਾਹ ਰੁਪਿਆ ਵਿਚ ਹੀ ਇਕ ਹੋਰ ਪਲੇਟ ਦੇ ਦੇਣੀ ਏ।ਦਾਰ ਜੀ ਸੌ ਰੁਪਏ ਵਿੱਚ ਦੋ ਪਲੇਟਾਂ ਖਾਣਾ ਸੌ ਰੁਪਏ ਵਿੱਚ ਤਾਂ ਵੱਡੇ ਹੋਟਲਾਂ ਵਾਲੇ ਕੁਲਫੀ ਵੀ ਨਹੀਂ ਦਿੰਦੇ।ਦਾਰ ਜੀ ਹੱਸ ਕੇ ਕਹਿਣ ਲੱਗੇ ਲੱਗ ਗਿਆ ਪਤਾ ਪੁੱਤ ਮੈਂ ਇਥੇ ਕਿਉਂ ਆਉਂਦਾ ਹਾਂ। ਮੈਂ ਦੋ ਪਰਾਂਠੇ ਖਾ ਲਏ ਤੇ ਦਾਰ ਜੀ ਤਿੰਨ ਪਰ ਮੇਰਾ ਸਾਰਾ ਧਿਆਨ ਉਸ ਕੁੜੀ ਵਿੱਚ ਸੀ ਕਿ ਕੀ ਮਜਬੂਰੀ ਹੋਊ ਇਸ ਵਿਚਾਰੀ ਦੀ। ਅਸੀਂ ਖਾਣਾ ਖਾਧਾ ਤੇ ਦਾਰ ਜੀ ਨੇ ਉਸ ਕੁੜੀ ਨੂੰ ਸੱਦ ਕੇ ਪੰਜ ਸੌ ਰੁਪਏ ਦਿੱਤੇ ਤੇ ਕਿਹਾ ਪੁੱਤ ਤੇਰੇ ਕੰਮ ਆਉਣਗੇ। ਇੰਜ ਲੱਗਾ ਜਿਵੇਂ ਉਸ ਕੁੜੀ ਨਾਲ ਸਾਡਾ ਕੋਈ ਰਿਸ਼ਤਾ ਹੋਵੇ ਦਾਰ ਜੀ ਉੱਥੋਂ ਚੱਲ ਪਏ ਤੇ ਮੈਂ ਕਿਹਾ ਦਾਰ ਜੀ ਤੁਸੀਂ ਚੱਲੋ ਤੇ ਮੈਂ ਆਪਣੀ ਬੋਤਲ ਪਾਣੀ ਦੀ ਭਰ ਕੇ ਲੈ ਆਵਾਂ। ਜਦੋਂ ਮੈਂ ਥੋੜ੍ਹਾ ਅੰਦਰ ਗਿਆ ਤਾਂ ਉਹ ਕੁੜੀ ਆਪਣੇ ਛੋਟੇ ਭੈਣ ਭਰਾ ਨੂੰ ਸਕੂਲ ਦੇ ਲਈ ਤਿਆਰ ਕਰ ਰਹੀ ਸੀ। ਮੈਨੂੰ ਵੇਖ ਕੇ ਉੱਠ ਖੜ੍ਹੀ ਹੋਈ ਤੇ ਕਹਿਣ ਲੱਗੀ ਕੀ ਚਾਹੀਦਾ ਸਰਦਾਰ ਜੀ। ਮੈਨੂੰ ਸਰਦਾਰ ਕਹਿਣ ਤੇ ਕੁਝ ਅਜੀਬ ਜਿਹਾ ਲੱਗਾ ਤੇ ਮੈਂ ਉਸ ਨੂੰ ਪੁੱਛਿਆ ਕਿ ਇਹੋ ਜਿਹੀ ਕੀ ਮਜਬੂਰੀ ਏ ਕਿ ਰਸਤੇ ਵਿੱਚ ਹੋਟਲ ਖੋਲ੍ਹ ਰੱਖਿਆ ਭਾਂਤ -ਭਾਂਤ ਦੀ ਦੁਨੀਆਂ ਆਉਂਦੀ ਹੋਵੇਗੀ ਤੇ ਕੁਝ ਬਦਮਾਸ਼ ਵੀ ਤੈਨੂੰ ਡਰ ਨਹੀਂ ਲੱਗਦਾ। ਹਾਂ ਜੀ ਸਰਦਾਰ ਜੀ ਡਰ ਤਾਂ ਲੱਗਦਾ ਏ ਪਰ ਕੀ ਕਰਾਂ। ਰੋਟੀ ਖਾ ਕੇ ਕੋਈ ਤਾਂ ਪੈਸੇ ਨਹੀਂ ਦੇ ਕੇ ਜਾਂਦਾ ਤੇ ਕੋਈ ਪੈਸਿਆਂ ਨਾਲ ਆਪਣਾ ਨੰਬਰ ਦੇ ਜਾਂਦਾ ਏ। ਮਾਂ ਬਾਪ ਦੀ ਮੌਤ ਹੋ ਗਈ ਇੱਕ ਐਕਸੀਡੈਂਟ ਚ ਹੁਣ ਛੋਟੀ ਭੈਣ ਤੇ ਵੀਰ ਦੀ ਜ਼ਿੰਮੇਵਾਰੀ ਮੇਰੀ ਏ ਤੇ ਇੱਕ ਆਹ ਬੁੱਢਾ ਦਾਦਾ ਏ ਮੇਰੇ ਕੋਲ ਇਨ੍ਹਾਂ ਦੀ ਵੀ ਦਵਾਈ ਮੁੱਕੀ ਪਈ ਏ ਨਹੀਂ ਤਾਂ ਮੈਂ ਇਨ੍ਹਾਂ ਦੀ ਕੁਰਸੀ ਆਪਣੇ ਕੋਲ ਡਾਹ ਲੈਂਦੀ ਹਾਂ ਬੇਸ਼ੱਕ ਇਹ ਬਜ਼ੁਰਗ ਨੇ ਪਰ ਲੋਕਾਂ ਨੂੰ ਡਰ ਏ ਕਿ ਕੋਈ ਮੇਰੇ ਨਾਲ ਏ। ਸਰਦਾਰ ਜੀ ਤੁਹਾਡੇ ਦਾਦਾ ਜੀ ਮੇਰੇ ਕੋਲੋਂ ਕਾਫੀ ਟਾਇਮ ਦੇ ਪਰੌਂਠੇ ਖਾ ਕੇ ਜਾਂਦੇ ਨੇ ਵਿਸ਼ਵਾਸ ਬਣ ਗਿਆ ਏ ਉਨ੍ਹਾਂ ਤੇ ਇਸ ਲਈ ਮੈਂ ਆਪਣੀ ਕਹਾਣੀ ਤੁਹਾਨੂੰ ਸੁਣਾ ਦਿੱਤੀ ਨਹੀਂ ਤਾਂ ਮੈਂ ਕਿਸੇ ਨੂੰ ਇਸ ਤਰ੍ਹਾਂ ਖੜਨ ਨਹੀਂ ਦਿੰਦੀ। ਕਿੰਨੇ ਪੜ੍ਹੇ ਹੋਏ ਓਂ ਤੁਸੀਂ ਮੈਂ ਫੇਰ ਪੁੱਛਿਆ।ਦਸ ਪੜ੍ਹੀ ਹਾਂ ਸਰਦਾਰ ਜੀ ਕਿਤੇ ਬਾਹਰ ਜਾ ਕੇ ਕੰਮ ਕਰਨ ਦਾ ਜ਼ਮਾਨਾ ਨਹੀਂ ਹੈ ਅੱਜ ਕੱਲ੍ਹ ਇਸ ਲਈ ਘਰ ਵਿੱਚ ਹੀ ਕੰਮ ਚਲਾ ਲਿਆ। ਮੈਂ ਚੁੱਪ – ਚਾਪ ਉੱਥੋਂ ਬਾਹਰ ਆ ਗਿਆ ਤੇ ਸੋਚਦਾ ਆਇਆ ਕਿ ਇਹ ਕੋਈ ਕੰਮ ਤਾਂ ਨਹੀਂ ਬੱਸ ਮਨ ਨੂੰ ਤਸੱਲੀ ਏ ਕਿ ਮੈਂ ਕੁਝ ਕਮਾਂ ਰਹੀ ਹਾਂ ।ਦਾਰ ਜੀ ਮੇਰੇ ਕੋਲੋਂ ਕਾਫੀ ਦੂਰ ਨਿੱਕਲ ਗਏ ਸਨ। ਮੈਂ ਉਹਨਾਂ ਦੇ ਪਿੱਛੇ ਜਾਂਦਾ ਇਹੋ ਸੋਚ ਰਿਹਾ ਸਾਂ ਕਿ ਦਾਰ ਜੀ ਨੇ ਤਾਂ ਉਨ੍ਹਾਂ ਦੀ ਮਦਦ ਕਰ ਦਿੱਤੀ ਹੁਣ ਮੈਂ ਕਿਵੇਂ ਕਰਾਂ ਸਾਰੀ ਰਾਤ ਉਸ ਕੁੜੀ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ। ਮੈਡਮ ਮੈਂ ਸੋਚ ਰਿਹਾ ਹਾਂ ਕਿ ਬੌਸ ਨਾਲ ਨਾਂ ਗੱਲ ਕਰਾਂ ਕਿ ਉਨ੍ਹਾਂ ਨੂੰ ਕੋਈ ਕੰਮ ਦੇ ਦੇਣ। ਮੈਂ ਕਿਹਾ ਸਰ ਇੱਕ ਵਾਰ ਕੋਸ਼ਿਸ਼ ਕਰ ਕੇ ਵੇਖ ਲਓ। ਸੱਚ ਨਾਲੇ ਮੈਂ ਤਾਂ ਸਰ ਦਾ ਕੰਮ ਵੀ ਨਹੀਂ ਕਰ ਕੇ ਆਇਆ ਇਹ ਕਹਿੰਦਿਆਂ ਹੋਏ ਸਰ ਬੌਸ ਦੇ ਰੂਮ ਵਿੱਚ ਚਲੇ ਗਏ। ਧੰਨਵਾਦ ਜੀ।