ਮੈਂ ਕਾਫੀ ਟਾਇਮ ਤੋਂ ਇੱਕ ਪਿੰਡ ਵਿੱਚ ਅਧਿਆਪਕ ਲੱਗਾ ਹੋਇਆ ਹਾਂ। ਮੈਨੂੰ ਲੱਗਦਾ ਦੋ ਪੀੜ੍ਹੀਆਂ ਮੇਰੇ ਕੋਲ ਪੜ ਗਈਆਂ ਇਸ ਪਿੰਡ ਦੀਆਂ। ਕੋਈ ਨੌਕਰੀ ਲੱਗ ਗਿਆ ਤੇ ਜਾ ਕੇ ਸ਼ਹਿਰ ਰਹਿਣ ਲੱਗ ਪਿਆ ਤੇ ਕੋਈ ਵੀਜ਼ਾ ਲਗਵਾ ਕੇ ਵਿਦੇਸ਼ ਚਲਾ ਗਿਆ ਤੇ ਕੋਈ ਖੇਤੀ ਸੰਭਾਲ ਰਿਹਾ। ਖੇਤੀ ਤਾਂ ਬੱਸ ਉਹੀ ਕਰ ਰਿਹਾ ਜਿਸ ਕੋਲ ਦਫ਼ਤਰਾਂ ਦੇ ਘਰ ਭਰਨ ਲਈ ਪੈਸੇ ਨਹੀਂ ਸਨ। ਮੇਰੀ ਹਰ ਸਾਲ ਮਰਦਮਸ਼ੁਮਾਰੀ ਕਰਨ ਦੀ ਡਿਊਟੀ ਲਾਈ ਜਾਂਦੀ ਹੈ ਸਰਕਾਰ ਵੱਲੋਂ ਸਾਰੇ ਪਿੰਡ ਦੀ। ਮੈਂ ਤਾਂ ਹੁਣ ਸਾਰੇ ਪਿੰਡ ਦਾ ਜਾਣੂ ਹੋ ਗਿਆ ਸੀ।ਪਰ ਮੈਂ ਆਪਣੀ ਜ਼ਿੰਦਗੀ ਵਿਚ ਆਪਣੇ ਆਲੇ ਦੁਆਲੇ ਬਹੁਤ ਸਾਰੇ ਬਦਲਾਅ ਆਏ ਵੇਖੇ ਨੇ ਪਹਿਲਾਂ ਜਦੋਂ ਮੈਂ ਪਿੰਡ ਵਿੱਚ ਮਰਦਮਸ਼ੁਮਾਰੀ ਲਈ ਜਾਂਦਾ ਤਾਂ ਪਿੰਡ ਦੇ ਲੋਕ ਮੇਰਾ ਬਹੁਤ ਸਤਿਕਾਰ ਕਰਦੇ ਮਾਸਟਰ ਜੀ ਆਏ ਨੇ ਮਾਸਟਰ ਜੀ ਆਏ ਨੇ ਭੱਜ ਕੇ ਚਾਹ ਬਣਾਉਂਦੇ ਤੇ ਜੋ ਮੇਰੇ ਕੋਲੋਂ ਪੜ੍ਹੇ ਹੁੰਦੇ ਭੱਜ ਕੇ ਮੇਰੇ ਪੈਰੀਂ ਹੱਥ ਲਾਉਣ ਆਉਂਦੇ ਛੋਟੇ ਬੱਚੇ ਮੈਨੂੰ ਵੇਖ ਕੇ ਲੁੱਕ ਜਾਂਦੇ ਕਿ ਪਤਾ ਨੀ ਮਾਸਟਰ ਸਾਡਾ ਨਾਮ ਸਕੂਲ ਵਿੱਚ ਦਰਜ਼ ਕਰਵਾਉਣ ਲਈ ਨਾ ਆਏ ਹੋਣ। ਸਾਰਾ ਟੱਬਰ ਮੇਰੇ ਆਲੇ ਦੁਆਲੇ ਮੰਜਿਆਂ ਤੇ ਬੈਠ ਜਾਂਦਾ ਤੇ ਮੈਨੂੰ ਇੱਕ ਲੱਕੜ ਦੀ ਕੁਰਸੀ ਤੇ ਬਿਠਾਇਆ ਜਾਂਦਾ ਜਾਨੀ ਮੈਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ। ਹੌਲੀ – ਹੌਲੀ ਸਮਾਂ ਬਦਲਦਾ ਗਿਆ ਅੱਜ ਹੋਰ ਤੇ ਸਵੇਰੇ ਹੋਰ ਮੈਂ ਇਸ ਸਾਲ ਮਰਦਮਸ਼ੁਮਾਰੀ ਲਈ ਉਸੇ ਪਿੰਡ ਵਿੱਚ ਹੀ ਗਿਆ ਜਿਸ ਪਿੰਡ ਦੇ ਸਰਕਾਰੀ ਸਕੂਲ ਵਿੱਚ ਮੇਰੀ ਚਾਲੀ ਪੰਜਾਹ ਵਰ੍ਹਿਆਂ ਤੋਂ ਡਿਊਟੀ ਚਲਦੀ ਆ ਰਹੀ ਸੀ।ਜੇ ਮੇਰੀ ਕਦੇ ਡਿਊਟੀ ਬਦਲਣ ਦੇ ਕਾਗਜ਼ ਆ ਜਾਂਦੇ ਤਾਂ ਝੱਟ ਸਾਰਾ ਪਿੰਡ ਇੱਕਠਾ ਹੋ ਕੇ ਰੱਦ ਕਰਵਾ ਦਿੰਦਾ।ਪਰ ਅੱਜ ਗੱਲ ਕੁਝ ਹੋਰ ਸੀ ਮੈਂ ਪਿੰਡ ਵਿੱਚ ਗਿਆ। ਪਿੰਡ ਵਿੱਚ ਤਾਂ ਕਾਂ ਪੈ ਰਹੇ ਸਨ। ਕਿਸੇ ਘਰ ਦਾ ਦਰਵਾਜ਼ਾ ਖੁੱਲ੍ਹਾ ਨਹੀਂ ਮਿਲਿਆ ਮੈਂ ਘੰਟਾ -ਘੰਟਾ ਦਰਵਾਜ਼ਾ ਖੜਕਾਉਂਦਾ ਰਿਹਾ ਕੋਈ ਦਰਵਾਜ਼ਾ ਹੀ ਨਾਂ ਖੋਲੇ। ਦੁਪਹਿਰ ਦੇ 12 ਵੱਜ ਚੁੱਕੇ ਸਨ ਅੰਤ ਮੈਂ ਇੱਕ ਘਰ ਗਿਆ ਜਿਸ ਘਰ ਦੇ ਗੇਟ ਤੇ ਇੱਕ ਪੁਰਾਣੇ ਸਮੇਂ ਦਾ ਦਰਵਾਜ਼ਾ ਬਣਿਆ ਹੋਇਆ ਸੀ ਮੋਰਨੀਆਂ ਵਾਲਾ ਉਸ ਦਰਵਾਜ਼ੇ ਵਿਚ ਇਕ ਬੁੱਢੀ ਮਾਈ ਬੈਠੀ ਸੀ ਮੈਂ ਜਾ ਕੇ ਪੈਰੀਂ ਹੱਥ ਲਾਏ ਤੇ ਪੁੱਛਿਆ ਕਿਵੇਂ ਠੀਕ ਹੋ ਮਾਤਾ ਜੀ ਉਹ ਮਾਈ ਅੱਗੋਂ ਬੋਲੀ ਠੀਕ ਆਂ ਪੁੱਤ ਮੈਂ ਤੈਨੂੰ ਪਛਾਣਿਆ ਨੀਂ। ਮੈਂ ਦੱਸਿਆ ਬੇਬੇ ਮੈਂ ਤਾਂ ਸਕੂਲ ਦਾ ਮਾਸਟਰ ਹਾਂ ਮਰਦਮਸ਼ੁਮਾਰੀ ਕਰਨ ਆਇਆ ਸੀ। ਬੇਬੇ ਕੀ ਏ ਤੇਰਾ ਨਾਮ ਤੇ ਤੇਰੇ ਘਰਵਾਲੇ ਦਾ ਕੀ ਨਾਮ ਹੈ ਤੇ ਪਰਿਵਾਰ ਦੇ ਹੋਰ ਜੀਅ ਕਿੱਥੇ ਨੇ ਬੁਲਾਓ ਉਹਨਾਂ ਨੂੰ। ਬੇਬੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਕਹਿਣ ਲੱਗੀ ਪੁੱਤ ਕਰਤਾਰ ਕੁਰ ਐ ਮੇਰਾ ਨੌ ਤੇ ਮਾਘ ਸਿਉਂ ਨੂੰ ਵਿਆਹੀ ਤੀ ਉਹ ਵੀ ਪੁੱਤ ਐਤਕੀਂ ਸਿਆਲ਼ ਚ ਸਾਥ ਛੱਡ ਗਿਆ। ਬੇਬੇ ਬਾਲ ਬੱਚੇ ਮੈਂ ਕਿਹਾ। ਪੁੱਤ ਦੋ ਪੁੱਤਰ ਨੇ ਸੁੱਖ ਨਾਲ ਰੂਪ ਤੇ ਬਸੰਤ ਦੋਵੇਂ ਵਿਆਹੇ ਹੋਏ ਨੇ ਪੋਤੇ ਪੋਤੀਆਂ ਵੀ ਨੇ ਪਰ ਉਹ ਤਾਂ ਬਾਹਰ ਪੱਕੇ ਨੇ ਸਾਲ ਤੋਂ ਜ਼ਮੀਨ ਠੇਕੇ ਤੇ ਲਾਉਣ ਹੀ ਆਉਂਦੇ ਨੇ। ਮੇਰੇ ਮੂੰਹ ਵਿੱਚ ਤਾਂ ਚੁੱਪ ਹੀ ਆ ਗਈ। ਮੈਂ ਕਿਹਾ ਬੇਬੇ ਬਾਪੂ ਮੁੱਕੇ ਤੋਂ ਤਾਂ ਆਏ ਹੋਣਗੇ। ਨਾਂ ਪੁੱਤ ਫੋਨ ਤਾਂ ਕੀਤਾ ਤੀ ਆਹ ਗੁਆਂਢੀਆਂ ਨੇ ਪਰ ਉਹਨਾਂ ਵਿਚਾਰਿਆਂ ਨੂੰ ਛੁੱਟੀ ਨੀਂ ਮਿਲ਼ੀ। ਮੈਂ ਕਿਹਾ ਮਾਤਾ ਅਜੇ ਵੀ ਵਿਚਾਰੇ। ਮਾਤਾ ਉਮਰ ਕਿੰਨੀ ਐ ਤੁਹਾਡੀ ਤਾਂ ਉਹ ਬਜ਼ੁਰਗ ਮਾਤਾ ਸੋਟੀ ਦੇ ਸਹਾਰੇ ਅੰਦਰ ਗਈ ਤੇ ਇੱਕ ਪਾਟੀ ਪੁਰਾਣੀ ਬੈਂਕ ਦੀ ਕਾਪੀ ਤੇ ਇੱਕ ਸਿਲੰਡਰ ਵਾਲੀ ਕਾਪੀ ਚੁੱਕ ਲਿਆਈ ਤੇ ਕਹਿਣ ਲੱਗੀ ਪੁੱਤ ਇਹਦੇ ਉੱਤੇ ਹੋਊ ਮੇਰੀ ਉਮਰ ਤੇ ਨਾਲੇ ਪੁੱਤ ਆਹ ਵੇਖ ਮੇਰੀ ਪਿਲਸਨ ਕਦੋਂ ਆਊ ਕਿਤੇ ਆ ਤਾਂ ਨਹੀਂ ਰਹੀ ਨਾਲੇ ਪੁੱਤ ਆਹ ਸਿਲੰਡਰ ਭਰਾਉਣਾ ਮੈਂ ਭਰ ਦੇਣਗੇ ਪੁੱਤ ਪਹਿਲਾਂ ਤਾਂ ਤੇਰਾ ਬਾਪੂ ਭਰਾਉਂਦਾ ਹੁੰਦਾ ਤੀ। ਮੈਂ ਕਿਹਾ ਬੇਬੇ ਜੀ ਬੈਂਕ ਚ ਚੈੱਕ ਕਰਵਾਉਣੀ ਪਊ ਕਾਪੀ ਤਾਂ ਉਹ ਹੀ ਦੱਸਣਗੇ ਪੈਨਸ਼ਨ ਦਾ ਤਾਂ ਤੇ ਤੈਨੂੰ ਸਿੰਲਡਰ ਮਿਲ ਜਾਊ ਘਰ ਆ ਕੇ ਭਰ ਜਾਂਦੇ ਨੇ ਉਹ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਕੋਲ ਜਾ ਕੇ ਗੈਸ ਭਰਾਉਣ ਵਾਲਾ ਘਰਾਂ ਵਿੱਚ ਕੋਈ ਨੀਂ ਬਚਿਆ।ਮੇਰਾ ਸਰੀਰ ਬਿਲਕੁਲ ਮੇਰਾ ਸਾਥ ਛੱਡ ਗਿਆ ਸੀ ਤੇ ਮੇਰੀਆਂ ਅੱਖਾਂ ਵਿੱਚ ਪਾਣੀ ਸੀ ਮੈਂ ਸਮਝ ਗਿਆ ਸੀ ਕਿ ਪਿੱਛੇ ਕਿਸੇ ਨੇ ਮੈਨੂੰ ਬੂਹਾ ਕਿਉਂ ਨਹੀਂ ਖੋਲ੍ਹਿਆ। ਧੰਨਵਾਦ ਜੀ।