ਪੈਰੀਂ ਪੈਣਾ ਬੀਜੀ | pairin pena beeji

ਮੇਰੀ ਕਹਾਣੀ ਸਚ ਕਹੂੰ ਪੰਜਾਬੀ 17 ਮਈ 2015

“ਪੈਰੀ ਪੈਣਾ ਬੀਜੀਂ ਕਹਿ ਕੇ ਸੇਮੇ ਨੇ ਕੰਬਦੇ ਜਿਹੇ ਹੱਥਾਂ ਨਾਲ ਮਾਂ ਦੇ ਦੋਹੇ ਪੈਰ ਘੁੱਟੇ। ਤੇ ਜੱਫੀ ਜਿਹੀ ਪਾਕੇ ਤੇ ਮੋਢੇ ਦਾ ਸਹਾਰਾ ਦੇ ਕੇ ਉਹ ਮਾਂ ਨੂੰ ਅੰਦਰ ਨੂੰ ਲੈ ਗਿਆ। ਬੀਜੀ ਦਾ ਸਾਹ ਉੱਖੜਿਆ ਹੋਇਆ ਸੀ। ਕੁਝ ਤਾਂ ਭਾਰਾ ਸਰੀਰ,ਬੁਢਾਪਾ ਉਪਰੋ ਸਾਹ ਦੀ ਤਕਲੀਫ । ਦਿਲ ਦੀ ਮਰੀਜ ਬੀਜੀ ਪਤਾ ਨਹੀ ਕਿਵੇ ਸਾਹ ਵਰੋਲਦੀ ਫਿਰਦੀ ਸੀ।ਇਸ ਉਮਰ ਚ ਰਿੜਕ ਰਿੜਕ ਕੇ ਜਿਉਣਾ ਵੀ ਕੋਈ ਜਿਉਣਾ ਹੁੰਦਾ ਹੈ। ਉਹ ਵੀ ਉਦੋਂ ਜਦੋ ਉਮਰਾਂ ਦਾ ਸਾਥੀ ਅੱਧ ਵਿਚਾਲੇ ਵਿਛੋੜਾ ਦੇ ਗਿਆ ਹੋਵੇ।ਤੇ ਫਿਰ ਰੋਟੀ ਵੀ ਸੋ ਨੱਕ ਬੁੱਲ੍ਹ ਕੱਢਕੇ ਮਿਲਦੀ ਹੋਵੇ। ਬਾਕੀ ਬੀਜੀ ਨੂੰ ਤਾਂ ਰੋਟੀ ਦੀ ਕੋਈ ਸੱਮਸਿਆ ਨਹੀ ਸੀ ਹੋਣੀ ਚਾਹੀਦੀ ਕਿਉਕਿ ਉਸਨੂੰ ਸਰਕਾਰੀ ਪੈਨਸਨ ਂੋ ਮਿਲਦੀ ਸੀ ਬੀਜੀ ਆਪਣਾ ਖਰਚਾ ਦੇ ਕੇ ਹੀ ਰੋਟੀ ਖਾਂਦੀ ਸੀ। ਪਰ ਫਿਰ ਵੀ ਚਾਰ ਪੁੱਤਰਾਂ ਦੀ ਮਾਂ ਸਭ ਤੋ ਵੱਡੇ ਸੇਮੇ ਤੇ ਹੀ ਆਪਣੇ ਆਪ ਨੂੰ ਬੋਝ ਸਮਝਦੀ ਸੀ। ਇਸ ਗੱਲ ਦਾ ਸੇਮਾਂ ਵੀ ਦੂਸਰਿਆਂ ਤੇ ਪੂਰਾ ਅਹਿਸਾਨ ਜਤਾਉਦਾ ਸੀ। ਭਾਂਵੇ ਸੇਮਾਂ ਜਿੰਨਾ ਮਰਜੀ ਕਹੀ ਜਾਵੇ ਬੀਜੀ ਦਾ ਪੂਰਾ ਫਾਇਦਾ ਵੀ ਤਾਂ ਸੇਮੇ ਨੇ ਹੀ ਖੱਟਿਆ ਸੀ। ਇਹ ਦੋਵੇ ਜੀ ਮਟਕ ਨਾਲ ਤਿਆਰ ਹੋ ਕੇ ਨੋਕਰੀ ਚਲੇ ਜਾਂਦੇ ਸੀ ਤੇ ਘਰਦੀ ਰਖਵਾਲੀ ਬੀਜੀ ਦੇ ਜਿੰਮੇ ਜੀ। ਚਾਰ ਸੋ ਗੱਜ ਦੀ ਕੋਠੀ ਬੀਜੀ ਇਕੱਲੀ ਨੂੰ ਵੱਢ ਖਾਣ ਨੂੰ ਆਉਂਦੀ ।ਜੇਠ ਹਾੜ ਦੇ ਗੱਡੇ ਜਿੱਡੇ ਦਿਨ ਮੁਕਣ ਚ ਹੀ ਨਾ ਆਉਂਦੇ। ਘਰ ਵਿੱਚ ਕੋਈ ਹੋਰ ਬੰਦਾ ਨਾ ਪਰਿੰਦਾ। ਤੇ ਬੀਜੀ ਸਿਖਰ ਦੁਪਿਹਰੇ ਅੰਦਰੋ ਕੁੰਡੀ ਤਾਂ ਲਾ ਲੈਦੀ। ਪਰ ਡਰਦੀ ਰਹਿੰਦੀ । ਜੇ ਅਚਾਨਕ ਮੈਨੂੰ ਕੁਝ ਹੋ ਗਿਆ ਤਾਂ ਗੁਆਢੀਆਂ ਨੂੰ ਵੀ ਪਤਾ ਨਹੀ ਲੱਗਣਾ। ਡਰਦੀ ਅਨਪੜ੍ਹ ਬੀਜੀ ਕਦੇ ਕਦੇ ਫੋਨ ਨੰ ਯਾਦ ਕਰਨ ਦੀ ਕੋਸਿaਸ ਕਰਦੀ।ਪਰ ਇਹਨਾ ਨੂੰ ਕਦੇ ਘਰ ਨੂੰ ਤਾਲਾ ਕੁੰਡਾ ਲਾਉਣ ਦੀ ਨੋਬਤ ਨਹੀ ਸੀ ਆਉਣ ਦਿੱਤੀ।
ਬੀਜੀ ਦੇ ਸਾਹ ਉਖੜਣ ਦੀ ਵਜ੍ਹਾ ਬੀਜੀ ਦੀ ਬਿਮਾਰੀ ਜਾਂ ਬੁਢਾਪਾ ਹੀ ਨਹੀ ਸੀ। ਕਈ ਹੋਰ ਵੀ ਅੰਦਰੂਨੀ ਗੱਲਾਂ ਸਨ ਂੋ ਬੀਜੀ ਨੂੰ ਵੱਢ ਵੱਢ ਖਾਂਦੀਆਂ ਸਨ।ਪਰ ਬੀਜੀ ਕਿਸੇ ਕੋਲੇ ਗੱਲ ਵੀ ਨਹੀ ਤਾਂ ਸੀ ਕਰ ਸਕਦੀ। ਜੇ ਕੋਈ ਮਾੜੀ ਮੋਟੀ ਗੱਲ ਦੀ ਸੇਮੇ ਨੂੰ ਕਨਸੋ ਮਿਲ ਜਾਂਦੀ ਤਾਂ ਉਹ ਦੋਹੇ ਜੀ ਬੀਜੀ ਦੇ ਗਲੇ ਦਾ ਹਾਰ ਬਣ ਜਾਂਦੇ । ਹਾਂ ਹਾਂ ਬੀਜੀ ਤੁਸੀ ਘਰ ਦੀ ਗੱਲ ਬਾਹਰ ਕਿਉ ਕੱਢੀ। ਇਸ ਲਈ ਤਾਂ ਬੀਜੀ ਵੀ ਗੱਲ ਨੂੰ ਅੰਦਰੋ ਅੰਦਰੀ ਪੀਣ ਦੀ ਕੋਸਿਸ ਕਰਦੀ ਪਰ ਕਿੰਨਾ ਕੁ ਚਿਰ। ਤੇ ਇਹੀ ਗੱਲਾਂ ਬੀਜੀ ਨੂੰ ਬੀਮਾਰ ਕਰ ਦਿੰਦੀਆਂ।ਜਦੋ ਬੀਜੀ ਬੀਮਾਰ ਪੈ ਜਾਂਦੇ ਤਾਂ ਫਿਰ ਸੇਮਾਂ ਖੂਬ ਡਰਾਮੇ ਕਰਦਾ ।ਖਾਸੇ ਅੋੜ੍ਹ ਪੋੜ੍ਹ ਵੀ ਕਰਦਾ। ਨਵੀਆਂ ਨਵੀਆਂ ਹਦਾਇਤਾਂ ਜਾਰੀ ਕਰਦਾ। ਜਿਵੇ ਬੀਜੀ ਦਾ ਇਸ ਤੋ ਵੱਡਾ ਖੈਰ ਖਵਾਹ ਕੋਈ ਹੋਰ ਨਾ ਹੋਵੇ।ਵੇਖਣ ਵਾਲੇ ਇਸਨੂੰ ਮਾਂ ਪ੍ਰਤੀ ਇਸਦਾ ਪਿਆਰ ਸਮਝਦੇ।।

ਅੰਦਰ ਜਾਕੇ ਬੀਜੀ ਨੂੰ ਉਸਨੇ ਮੰਜੇ ਤੇ ਪਾ ਦਿੱਤਾ । ਪਰ ਬੀਜੀ ਦਾ ਤਾਂ ਜਿਵੇ ਸਾਹ ਹੀ ਰੁੱਕ ਗਿਆ ਸੀ। ਜਲਦੀ ਜਲਦੀ ਬੀਜੀ ਨੂੰ ਨਿੱਘਾ ਪਾਣੀ ਪਿਲਾਇਆ ਗਿਆ। ਬੀਜੀ ਦੀ ਨਾਜੁਕ ਹਾਲਤ ਵੇਖਕੇ ਸੇਮੇ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਕਿੰਨੂ ਖਾਣ ਨਾਲ ਬੀਜੀ ਦੀ ਸਿਹਤ ਵਿਗੜ ਗਈ ਹੈ। ਭਾਂਵੇ ਉਸ ਨੂੰ ਸਾਰਾ ਪਤਾ ਸੀ ਕਿ ਬੀਜੀ ਦੇ ਮਨ ਤੇ ਇਸ ਗੱਲ ਦਾ ਬੋਝ ਸੀ ਕਿ ਰਾਤ ਮੇਸaੇ ਦੇ ਮੁੰਡੇ ਦੇ ਲੇਡੀਜ ਸੰਗੀਤ ਵਿੱਚ ਸਾਰੇ ਰਿਸaਤੇਦਾਰ ਆਏ ਸਨ ਪਰ ਬੀਜੀ ਦੀ ਇੱਕੋ ਇੱਕ ਧੀ ਨਹੀ ਸੀ ਆਈ । ਕੋਈ ਦੋਹਤਾ ਵੀ ਨਹੀ ਸੀ ਆਇਆ। ਚਾਹੇ ਲੱਖ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਭਤੀਜੀਆਂ ਆਈਆਂ ਹੋਣ ਬੀਜੀ ਦਾ ਦਿਲ ਤਾਂ ਆਪਣੀ ਧੀ ਨੂੰ ਨਾ ਵੇਖਕੇ ਡੁੱਬਦਾ ਸੀ।ਇਹੀ ਗਮ ਹੀ ਬੀਜੀ ਨੂੰ ਲੈ ਬੈਠਾ।

ਬੀਜੀ ਨੂੰ ਨੀਂਦ ਦੀ ਗੋਲੀ ਦੇਕੇ ਸੇਮੇ ਨੇ ਆਪਣੀ ਧੀ ਨੂੰ ਫੋਨ ਮਿਲਾ ਲਿਆ ਤੇ ਵਿਆਹ ਤੇ ਆਉਣ ਬਾਰੇ ਉਸਦਾ ਪ੍ਰੋਗਰਾਮ ਪੁੱਛਣ ਲੱਗਾ। ਕਿਉਕਿ ਉਸਦੇ ਘਰ ਆਲੀ ਨੂੰ ਬਹੁਤ ਉਕਸੁਕਤਾ ਜਿਹੀ ਲੱਗੀ ਹੋਈ ਸੀ ਕਿ ਧੀ ਜਵਾਈ ਕਦੋ ਕੁ ਪੰਹੁਚਣਗੇ। ਆਪਣੀ ਛੋਟੀ ਜਿਹੀ ਦੋਹਤੀ ਨੂੰ ਮਿਲਣ ਲਈ ਉਹ ਦੋਵੇ ਜੀ ਉਤਾਵਲੇ ਸਨ। ਸੋਚਿਆ ਸੀ ਕਿ ਵਿਆਹ ਦੇ ਬਹਾਨੇ ਨਾਲੇ ਧੀ ਜਵਾਈ ਉਹਨਾ ਨੂੰ ਮਿਲ ਜਾਣਗੇ। ਫੋਨ ਬਾਅਦ ਇੱਕ ਵਾਰੀ ਤਾਂ ਸੇਮੇ ਦੇ ਦਿਲ ਵਿੱਚ ਆਇਆ ਕਿ ਉਹ ਭੈਣ ਨੂੰ ਵੀ ਫੋਨ ਕਰਨਾ ਵੀ ਉਸ ਦਾ ਫਰਜa ਹੈ। ਉਹ ਵੀ ਤਾਂ ਇਸ ਘਰ ਦੀ ਜੰਮੀ ਹੈ ਪਰ ਘਰਆਲੀ ਦਾ ਮੂਡ ਤੇ ਮੋਕੇ ਦੇ ਹਾਲਾਤ ਦੇਖ ਕੇ ਉਹ ਚੁੱਪ ਹੀ ਕਰ ਗਿਆ।

ਭੈਣ ਨਾਲ ਉਹਨਾ ਦਾ ਕੋਈ ਗੁੱਸਾ ਗਿਲ੍ਹਾ ਖਾਸ ਨਹੀ ਸੀ। ਉਸ ਨੂੰ ਯਾਦ ਹੈ ਕਿ ਉਸ ਦੀ ਭੈਣ ਤੇ ਜੀਜੇ ਨੇ ਉਸ ਦੀ ਬੇਟੀ ਦੇ ਵਿਆਹ ਵੇਲੇ ਕਿੰਨੀ ਦਿਲਚਸਪੀ ਲਈ ਸੀ। ਉਹਨਾ ਨੇ ਕਿਵੇ ਦਿਨ ਰਾਤ ਇੱਕ ਕਰਕੇ ਇਹ ਰਿਸaਤਾ ਨੇਪੜੇ ਚਾੜਿਆ ਸੀ। ਕਿੰਨਾ ਫਿਕਰ ਸੀ ਉਸ ਨੂੰ ਆਪਣੀ ਬੇਟੀ ਦੇ ਵਿਆਹ ਦਾ। ਕਿਉਕਿ ਉਸ ਦਾ ਆਪਣਾ ਬਜਟ ਸੀਮਤ ਸੀ ਤੇ ਉਸ ਤੋ ਵੱਧ ਖਰਚ ਕਰਨ ਦੀ ਉਸਦੀ ਸਮਰਥਾ ਨਹੀ ਸੀ। ਕੁੜਮਾਂ ਦੇ ਦਿਨ ਪ੍ਰਤੀ ਦਿਨ ਖੁਲ੍ਹਦੇ ਮੂੰਹ ਤੋ ਉਸਨੂੰ ਡਰ ਲਗਦਾ ਸੀ। ਪਰ ਇਹ ਉਸ ਦਾ ਜੀਜਾ ਹੀ ਸੀ ਜਿਸਨੇ ਆਪਣਾ ਪ੍ਰਭਾਵ ਵਰਤ ਕੇ ਉਸਦੀ ਲੜਕੀ ਦੇ ਹੱਥ ਪੀਲੇ ਕਰਨ ਵਿੱਚ ਉਸਦੀ ਦਿਲੋਂ ਸਹਾਇਤਾ ਕੀਤੀ। ਪਰ ਉਸ ਸਮੇ ਵੀ ਤਾਂ ਉਹ ਆਪਣੀ ਘਰਆਲੀ ਦੇ ਬਹਿਕਾਵੇ ਵਿੱਚ ਆ ਗਿਆ ਸੀ ਤੇ ਭੈਣ ਭਣਵਈਏ ਨਾਲ ਵਿਗਾੜ ਬੈਠਾ ਸੀ। ਤੇ ਫਿਰ ਦਿਨ ਪ੍ਰਤੀ ਦਿਨ ਉਹਨਾ ਵਿਚਲੀਆਂ ਦੂਰੀਆ ਵੱਧਦੀਆਂ ਹੀ ਗਈਆਂ।

ਭੈਣ ਭਣਵਈਏ ਨਾਲ ਆਪਣੀ ਕਿੜ੍ਹ ਕਢਣ ਲਈ ਹੀ ਉਸਨੇ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ਦਾ ਸੱਦਾ ਪੱਤਰ ਨਹੀ ਸੀ ਦੇਣ ਦਿੱਤਾ। ਇਸ ਕੰਮ ਲਈ ਸੇਮੇ ਨੇ ਸਭ ਤੋ ਛੋਟੇ ਬਿੰਦੇ ਨੁੰ ਵਰਤਿਆ। ।ਹੁਣ ਉਹ ਕੋਈ ਮੋਕਾ ਹੱਥੋ ਨਾ ਜਾਣ ਦਿੰਦਾ। ਤੇ ਹਰ ਇੱਕ ਨੂੰ ਭੈਣ ਭਣਵਈਏ ਖਿਲਾਫ ਚੁੱਕਦਾ। ਉਸ ਨੇ ਬਾਕੀ ਤਿੰਨਾ ਭਰਾਵਾਂ ਨੁੰ ਵੀ ਆਪਣੇ ਨਾਲ ਮਿਲਾ ਲਿਆ । ਰੋਸaਨ ਦੇ ਮੁੰਡੇ ਦੇ ਵਿਆਹ ਵੇਲੇ ਵੀ ਸੇਮੇ ਨੇ ਹੀ ਸਾਰਿਆਂ ਨੂੰ ਭੈਣ ਨੂੰ ਫੋਨ ਕਰਨ ਤੋਂ ਰੋਕਿਆ ।ਤੇ ਕਿਹਾ “ਖਬਰਦਾਰ ਜੇ ਕਿਸੇ ਨੇ ਉਹਨਾ ਦੀ ਮਿੰਨਤ ਕੀਤੀ ਤਾਂ। ਜੇ ਨਹੀ ਆਏ ਤਾਂ ਨਾ ਸਹੀ। ਉਹਨਾ ਬਿਨਾ ਕੋਈ ਇਹ ਵਿਆਹ ਨਹੀ ਅਟਕਦਾ। ਜੇ ਅੱਜ ਇਹਨਾ ਦੀ ਕਿਸੇ ਨੇ ਮਿੰਨਤ ਕੀਤੀ ਤਾਂ ਇਹ ਆਪਾਂ ਨੂੰ ਹਰ ਵਿਆਹ ਤੇ ਤੰਗ ਕਰਨਗੇ।ਂ ਉਸ ਤੋ ਡਰਦੇ ਸਭ ਚੁੱਪ ਕਰ ਗਏ।ਇਥੋ ਤੱਕ ਕਿ ਬੀਜੀ ਵੀ ਚਾਹੁੰਦੇ ਹੋਏ ਬੋਲ ਨਹੀ ਸਕੇ।

ਬਾਅਦ ਚ ਸੇਮੇ ਨੇ ਆਪਣੇ ਮੰਡੇ ਦੇ ਵਿਆਹ ਤੇ ਵੀ ਇਹ ਡਰਾਮਾ ਖੇਡਿਆ। ਵਿਆਹ ਦਾ ਸੱਦਾ ਦੇਣ ਗਿਆ ਪਰ ਮਾੜੇ ਜਿਹੇ ਗਿਲ੍ਹੇ ਸ੍ਰਿਕਵੇ ਸੁਣ ਕੇ ਉਸ ਨੇ ਵਿਆਹ ਦਾ ਕਾਰਡ ਤੇ ਮਿਠਾਈ ਦਾ ਡਿੱਬਾ ਵਾਪਿਸ ਚੁੱਕ ਲਿਆ ਸੀ। ਉਸਨੇ ਕਦੇ ਨਾ ਸੋਚਿਆ ਕਿ ਉਸ ਦੇ ਚੁੱਲ੍ਹੇ ਤੇ ਬੈਠੀ ਬੀਜੀ ਦੇ ਦਿਲ ਤੇ ਕੀ ਬੀਤੇਗੀ ਜਦੋ ਬੀਜੀ ਨੂੰ ਆਪਣੀ ਧੀ ਤੇ ਦੋਹਤੇ ਵਿਆਹ ਵਿੱਚ ਨਜਰ ਨਾ ਆਉਣਗੇ। ਬਸ ਉਸ ਸਮੇ ਉਸਦੀ ਅੜੀ ਸੀ ਤੇ ਉਸਨੇ ਪੁਗਾ ਲਈ ਸੀ। ਉਸਦੀ ਘਰ ਵਾਲੀ ਇਸ ਲਈ ਬਹੁਤ ਖੁਸa ਸੀ।

ਪਰ ਅੱਜ ਤਾਂ ਉਸਦੀ ਚਾਲ ਪੁੱਠੀ ਪੈ ਗਈ। ਜਦੋ ਮੇਸੇa ਨੇ ਕਿਹਾ ਕਿ ਚਲੋ ਭੈਣ ਭਣਵਈਏ ਨੂੰ ਮਨਾ ਕੇ ਲਿਆਈਏ। ਪਰ ਉਹ ਨਹੀ ਸੀ ਚਾਹੁੰਦਾ ਕਿ ਉਹਨਾ ਦੀ ਮਿੰਨਤ ਕੀਤੀ ਜਾਵੇ।ਮੇਸਾa ਵੀ ਕਲ੍ਹ ਰਾਤ ਦਾ ਬਹੁਤ ਪ੍ਰੇਸਾਨ ਸੀ। ਕਿਉਕਿ ਭੈਣ ਭਣਵਈਆ ਰਾਤ ਲੇਡੀਜ ਸੰਗੀਤ ਤੇ ਨਹੀ ਆਏ। ਰਿਸaਤੇਦਾਰਾਂ ਵਲੋ ਪਾਇਆ ਗਿੱਧਾ ਭੰਗੜਾ ਉਸਦੇ ਦਿਲ ਤੇ ਸੱਟ ਮਾਰ ਰਿਹਾ ਸੀ। ਤੇ ਬੀਜੀ ਵੀ ਵਾਰੀ ਵਾਰੀ ਅੱਖਾਂ ਚੋ ਹੰਝੂ ਕੇਰ ਰਹੇ ਸਨ। ਮਨ ਮਾਰਕੇ ਸੇਮਾ ਮੇਸaੇ ਨਾਲ ਤਾਂ ਚਲਾ ਗਿਆ ਪਰ ਉਹ ਨਹੀ ਸੀ ਚਾਹੁੰਦਾ ਕਿ ਉਹ ਮੰਨ ਜਾਣ ਤੇ ਵਿਆਹ ਵਿੱਚ ਸਾਮਿਲ ਹੋਣ। ਸੇਮੇ ਨੇ ਬਹੁਤ ਕੋਸਿਸ ਕੀਤੀ ਕਿ ਸੁਲਾ ਸਫਾਈ ਦੀਆਂ ਗੱਲਾਂ ਸਿਰੇ ਨਾ ਚੜ੍ਹਣ। ਪਰ ਮੇਸੇa ਦੀ ਅੜੀ ਮੂਹਰੇ ਉਸਦਾ ਵੱਸ ਨਾ ਚੱਲਿਆ। ਉਸਨੂੰ ਲੱਗਿਆ ਕਿ ਮੇਸaਾ ਉਸ ਤੋ ਬਾਗੀ ਹੋ ਗਿਆ ਹੈ।ਭੈਣ ਭਣਵਈਏ ਨੇ ਵਿਆਹ ਵਿੱਚ ਸਾਮਿਲ ਹੋਣ ਦੀ ਹਾਂ ਕਰ ਦਿੱਤੀ। ਜਿਸ ਤੇ ਬੀਜੀ ਦੇ ਚੇਹਰੇ ਤੇ ਰੋਣਕ ਤਾਂ ਆ ਗਈ ਸੀ ਪਰ ਸੇਮੇ ਦਾ ਚੇਹਰਾ ਬੁਝ ਗਿਆ।
ਅੱਜ ਘਰੇ ਵੜਦੀ ਬੀਜੀ ਨੂੰ ਪੈਰੀ ਪੈਣਾ ਕਰਨ ਸਮੇ ਪਤਾ ਨਹੀ ਕਿਉ ਉਸਦੇ ਹੱਥ ਕੰਬ ਰਹੇ ਸਨ। ਇਹ ਉਸਤੋ ਬਾਗੀ ਹੋਏ ਮੇਸੇa ਦਾ ਅਸਰ ਸੀ ਜਾ ਬੁਢੀ ਮਾਂ ਦੇ ਹੰਝੂਆਂ ਦੀ ਤਾਕਤ ਸੀ। ਉਸ ਨੂੰ ਆਪਣੀਆਂ ਕੀਤੀਆਂ ਤੇ ਪਛਤਾਵਾ ਜਿਹਾ ਹੁੰਦਾ ਲੱਗਿਆ। ਪਰ ਹਊਮੇ ਨੇ ਉਸਦੇ ਚਿਹਰੇ ਤੇ ਸਿaਕਨ ਨਾ ਆਉਣ ਦਿੱਤੀ।ਅੱਜ ਉਹ ਚਾਹੇ ਹਾਰ ਗਿਆ ਸੀ ਪਰ ਉਹ ਮੰਨਣ ਲਈ ਤਿਆਰ ਨਹੀ ਸੀ।ਬੀਜੀ ਨੂੰ ਪੈਰੀ ਪੈਣਾ ਕਰਦੇ ਸਮੇ ਅੱਜ ਉਸਦੇ ਹੱਥ ਕਿਉ ਕੰਬੇ ਇਸਦਾ ਸੇਮੇ ਨੂੰ ਕੋਈ ਜਵਾਬ ਨਹੀ ਸੀ ਮਿਲ ਰਿਹਾ ।ਪਰ ਆਪਣੀ ਅੰਤਰ ਆਤਮਾ ਵਲੋ ਮਿਲੇ ਜਵਾਬ ਨੂੰ ਉਹ ਮੰਨਣ ਲਈ ਹੀ ਤਿਆਰ ਨਹੀ ਸੀ।

ਰਮੇਸ ਸੇਠੀ ਬਾਦਲ
9876627233

Leave a Reply

Your email address will not be published. Required fields are marked *