1972 ਦੇ ਨੇੜੇ ਤੇੜੇ ਅਸੀਂ ਪਿੰਡ ਸ੍ਰੀ ਆਖੰਡ ਪਾਠ ਕਰਵਾਇਆ। ਪਾਪਾ ਜੀ ਦੀ ਪੋਸਟਿੰਗ ਹਿਸਾਰ ਲਾਗੇ ਸੇਖੂ ਪੁਰ ਦੜੋਲੀ ਸੀ। ਇਸ ਲਈ ਪਾਠ ਦਾ ਸਾਰਾ ਪ੍ਰਬੰਧ ਸਾਡੇ ਫੁਫੜ ਸ੍ਰੀ ਬਲਦੇਵ ਸਿੰਘ ਤੇ ਭੂਆ ਮਾਇਆ ਰਾਣੀ ਨੂੰ ਸੌਂਪਿਆ ਗਿਆ। ਇੱਕ ਤਾਂ ਉਹ ਸਹਿਰੀਏ ਸਨ ਦੂਸਰਾ ਉਹ ਸ਼ਹਿਰ ਦੇ ਕਿਸੀ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਸਨ। ਤੀਸਰਾ ਪਾਪਾ ਜੀ ਦੀ ਸੋਚ ਸੀ ਕਿ ਧੀ ਜਵਾਈ ਨੂੰ ਹਰ ਕੰਮ ਵਿਚ ਮੂਹਰੇ ਲਾਉਣ ਨਾਲ ਉਹਨਾਂ ਦਾ ਮਾਣ ਤਾਣ ਵੀ ਹੁੰਦਾ ਹੈ ਤੇ ਪੂਛ ਵੀ ਵਿੰਗੀ ਨਹੀਂ ਹੁੰਦੀ। ਨਹੀਂ ਤਾਂ ਧੀ ਜਵਾਈ ਰੁਸਣ ਲੱਗੇ ਦੇਰੀ ਨਹੀਂ ਕਰਦੇ। ਓਹਨਾ ਨੇ ਦੇਣ ਲੈਣ ਦੇ ਕੱਪੜਿਆਂ ਤੋਂ ਲੈ ਕੇ ਪਾਠੀਆਂ ਦੀ ਬੁਕਿੰਗ ਦਾ ਸਾਰਾ ਕੰਮ ਕੀਤਾ। ਓਹਨਾ ਦਿਨਾਂ ਵਿਚ ਪਾਠੀ ਗ੍ਰੰਥੀ ਪੂਰਾ ਮਾਣ ਤਾਣ ਭਾਲਦੇ ਸਨ ਤੇ ਘਰਦਿਆਂ ਤੇ ਖੂਬ ਹੁਕਮ ਚਲਾਉਂਦੇ ਸਨ। ਆਪਣੀ ਸੇਵਾ ਖੂਬ ਕਰਾਉਂਦੇ ਸਨ। ਦਾਲ ਸਬਜ਼ੀ ਵਿੱਚ ਖੁੱਲ੍ਹਾ ਦੇਸੀ ਘਿਓ ਪਵਾਉਂਦੇ ਤੇ ਪਾਠ ਪੜ੍ਹਨ ਵੇਲੇ ਖਾਉਂ ਖਾਉਂ ਕਰਦੇ। ਰਾਤੀ ਮਲਾਈ ਵਾਲਾ ਦੁੱਧ ਤੇ ਖੂਬ ਸਾਬਣ ਤੇਲ ਲਾ ਕੇ ਨਹਾਉਂਦੇ। ਚਾਹੇ ਸਾਡਾ ਪਰਿਵਾਰ ਲਾਈਫ ਬੁਆਏ ਸਾਬਣ ਨਾਲ ਨਹਾਉਂਦਾ ਸੀ। ਭੂਆ ਜੀ ਦੇ ਕਹਿਣ ਤੇ ਪਾਠੀਆਂ ਲਈ ਲਕਸ ਸਾਬਣਾ ਲਿਆਂਦੀਆਂ ਗਈਆਂ। ਓਦੋਂ ਬਾਥ ਰੂਮ ਨਹੀਂ ਸੀ ਹੁੰਦੇ ਬਾਹਰ ਪਟੜੇ ਤੇ ਹੀ ਨਹਾਉਂਦੇ ਸਨ। ਪਾਪਾ ਜੀ ਨੇ ਵੇਖਿਆ ਕਿ ਸਰਦੂਲ ਸਿੰਘ ਨਾਮ ਦਾ ਪਾਠੀ ਲਕਸ ਸਾਬਣ ਨਾਲ ਆਪਣਾ ਕਛਿਹਰਾ ਧੋ ਰਿਹਾ ਸੀ। ਵੇਖਦੇ ਹੀ ਪਾਪਾ ਜੀ ਨੂੰ ਗੁੱਸਾ ਚੜ੍ਹ ਗਿਆ। ਪਾਠੀ ਸਰਦੂਲ ਸਿੰਘ ਦੀ ਵਾਹਵਾ ਲਾਹ ਪਾਹ ਕੀਤੀ। ਦੂਸਰੇ ਗ੍ਰੰਥੀ ਸਿੰਘਾਂ ਨੇ ਵੀ ਸਰਦੂਲ ਸਿੰਘ ਨੂੰ ਝਿੜਕਿਆ। ਫਿਰ ਉਹ ਆਪਣੀ ਗਲਤੀ ਮੰਨ ਗਿਆ। ਰੱਬ ਦੇ ਸਿਪਾਹੀ ਪੰਡਿਤ ਗ੍ਰੰਥੀ ਮੁੱਲਾਂ ਮੌਲਵੀ ਭਗਤਾਂ ਤੇ ਮਨਮਾਨੀਆਂ ਕਰਦੇ ਹੀ ਹਨ। ਪਰ ਅੱਜ ਕੱਲ ਉਹ ਸਿਸਟਮ ਨਹੀਂ ਰਿਹਾ। ਹੁਣ ਇਹ ਧਾਰਮਿਕ ਕਰਿੰਦੇ ਸ਼ੋਸ਼ਣ ਨਹੀਂ ਕਰਦੇ ਸਗੋਂ ਪਰਵਾਰਿਕ ਮਿੱਤਰਤਾ ਵਾਂਗੂ ਵਿਵਹਾਰ ਕਰਦੇ ਹਨ। ਕਈ ਸਾਲ ਹੋਗੇ ਹਰਿਦਵਾਰ ਗਿਆਂ ਨਾਲ ਓਥੇ ਦੇ ਪੁਜਾਰੀਆਂ ਨੇ ਵਧੀਆ ਵਿਹਾਰ ਕੀਤਾ ਕੋਈ ਲਾਲਚ ਨਹੀਂ ਕੀਤਾ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਨੇ ਮਹਿਸੂਸ ਕੀਤਾ ਕਿ ਉਥੇ ਖੜੇ ਬਰਛਾ ਧਾਰੀ ਸਿੰਘਾਂ ਦਾ ਵਿਹਾਰ ਕਾਫ਼ੀ ਨਰਮੀ ਵਾਲਾ ਸੀ ਤੇ ਉਹ ਹਲੀਮੀ ਨਾਲ ਗੱਲ ਕਰਦੇ ਸੀ।
#ਰਮੇਸ਼ਸੇਠੀਬਾਦਲ