ਇੱਕ ਵਾਰ ਦੀ ਗੱਲ ਹੈ ਇੱਕ ਸ਼ਰਾਬੀ ਆਪਣੀ ਪਤਨੀ ਨੂੰ ਰੋਜ਼ਾਨਾ ਕੁੱਟਦਾ ਸੀ। ਉਹ ਘਰ ਆ ਕੇ ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭਦਾ ਕਲੇਸ਼ ਪਾਓਣ ਦਾ। ਇੱਕ ਦਿਨ ਉਹ ਔਰਤ ਆਪਣੇ ਗੁਆਂਢ ਦੀ ਕਿਸੇ ਸਿਆਣੀ ਉਮਰ ਦੀ ਔਰਤ ਕੋਲ ਗਈ ਤੇ ਉਸ ਨੂੰ ਆਪਣੀ ਹੱਡਬੀਤੀ ਸੁਣਾਈ। ਉਸ ਨੇ ਕਿਹਾ ਕਿ ਬੇਬੇ ਜੀ ਮੇਰਾ ਘਰਵਾਲਾ ਮੇਰੇ ਕੋਲੋਂ ਪੈਸੇ ਮੰਗਦਾ ਏ ਨਹੀਂ ਤਾਂ ਮੈਨੂੰ ਆਨੀ ਬਹਾਨੀ ਕੁੱਟਦਾ ਏ ਕਦੇ ਕਹਿੰਦਾ ਏ ਸਬਜ਼ੀ ਚ ਲੂਣ ਜ਼ਿਆਦਾ ਏ ਕਦੇ ਘੱਟ ਏ ਇਹੀ ਨਖਰੇ ਨੀ ਲੋਟ ਆਉਂਦੇ ਮੈਂ ਤੰਗ ਆ ਗਈ ਹਾਂ ਮੇਰੀ ਕੋਈ ਮੱਦਦ ਕਰ। ਬੱਸ ਫੇਰ ਬੇਬੇ ਉਸ ਨਾਲ ਉਸ ਦੇ ਘਰ ਚਲੀ ਗਈ।ਜਦ ਆਥਣ ਨੂੰ ਉਸ ਦਾ ਘਰਵਾਲਾ ਆਇਆ ਆਉਂਦਾ ਹੀ ਗਾਲਾਂ ਕੱਢਣ ਲੱਗਾ ਤਾਂ ਬੇਬੇ ਮੰਜੇ ਤੋਂ ਉੱਠ ਖੜ੍ਹੀ ਹੋਈ ਤੇ ਉਸ ਨੂੰ ਘੂਰ ਕੇ ਰੋਟੀ ਖਾਣ ਲਈ ਕਹਿਣ ਲੱਗੀ ਤਾਂ ਸ਼ਰਾਬੀ ਨੇ ਬੇਬੇ ਦੇ ਕਹਿਣ ਤੇ ਤਿੰਨ – ਚਾਰ ਰੋਟੀਆਂ ਖਾਂਦੀਆਂ ਤੇ ਲੰਮਾਂ ਪੈ ਗਿਆ। ਉਸ ਨੂੰ ਸਾਰਾ ਪਤਾ ਸੀ ਕਿ ਉਸ ਦੀ ਪਤਨੀ ਹੀ ਬੇਬੇ ਨੂੰ ਘਰ ਲਿਆਈ ਹੋਊ। ਬੇਬੇ ਜੀ ਹੁਣ ਘਰ ਚਲੀ ਗਈ ਤੇ ਉਸ ਆਪਣੀ ਗੁਆਂਢਣ ਨੂੰ ਵੀ ਰੋਟੀ ਖਾ ਕੇ ਪੈਣ ਲਈ ਕਹਿ ਕੇ ਚਲੀ ਗਈ। ਜਦੋਂ ਸਾਰਾ ਕੰਮ ਨਿੱਬੜ ਗਿਆ ਤੇ ਉਸ ਸ਼ਰਾਬੀ ਦੀ ਪਤਨੀ ਵਿਚਾਰੀ ਮੰਜੇ ਉੱਤੇ ਪੈਣ ਹੀ ਲੱਗੀ ਸੀ ਕਿ ਉਸ ਦੇ ਪਤੀ ਨੇ ਉਸ ਕੋਲੋਂ ਪਾਣੀ ਦਾ ਗਿਲਾਸ ਮੰਗਿਆ ਤੇ ਉਹ ਵਿਚਾਰੀ ਲੈ ਆਈ। ਫੇਰ ਉਹ ਬਹਾਨੇ ਲੈਣ ਲੱਗਾ ਉਸ ਨਾਲ ਲੜਨ ਦੇ। ਉਸ ਦੀ ਪਤਨੀ ਚੁੱਪਚਾਪ ਆ ਕੇ ਬੈਠ ਗਈ ਤਾਂ ਫਿਰ ਉਸ ਦੇ ਪਤੀ ਨੇ ਉਸ ਨੂੰ ਤਾਰਿਆਂ ਬਾਰੇ ਪੁੱਛਿਆ ਕਿ ਔਹ ਚਾਰ ਤਾਰੇ ਕਿਵੇਂ ਚੌਰਸ ਜਿਹਾ ਡੱਬਾ ਬਣਾਈ ਬੈਠੇ ਨੇ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਉਹ ਤਾਂ ਰੱਬ ਦਾ ਮੰਜਾ ਏ ਮੈਨੂੰ ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਉਹ ਰੱਬ ਦਾ ਮੰਜਾ ਏ ਤੇ ਦੂਸਰੇ ਦੋ ਤਾਰੇ ਇੱਕ ਉਹਨਾਂ ਵਿੱਚੋਂ ਪਹਿਰੇਦਾਰ ਏ ਦੂਜਾ ਕੁੱਤਾ ਏ ਤੇ ਤੀਜਾ ਤਾਰਾ ਚੋਰ ਏ।ਇਹ ਚੋਰ ਕਦੇ ਵੀ ਰੱਬ ਦੇ ਮੰਜੇ ਕੋਲ ਨਹੀਂ ਪਹੁੰਚ ਸਕਦਾ ਕਿਉਂਕਿ ਇਸ ਨੂੰ ਇਹ ਕੁੱਤਾ ਤੇ ਪਹਿਰੇਦਾਰ ਅੱਗੇ ਨਹੀਂ ਜਾਣ ਦਿੰਦੇ। ਸ਼ਰਾਬੀ ਤੋਂ ਇਹ ਕੋਈ ਗੱਲ ਨਾ ਬਣੀ ਫੇਰ ਉਸ ਨੇ ਕੁਝ ਹੋਰ ਸੋਚਿਆ ਤੇ ਕਹਿਣ ਲੱਗਾ ਕਿ ਆਹ ਜਿਹੜੀ ਮੇਰੇ ਮੰਜੇ ਉੱਤੇ ਅਸਮਾਨ ਵਿੱਚ ਸਫੈਦ ਜਿਹੇ ਰੰਗ ਦੀ ਲਾਈਨ ਜਾਂਦੀ ਏ ਇਹ ਕੀ ਏ। ਤਾਂ ਉਸ ਦੀ ਪਤਨੀ ਨੇ ਕਿਹਾ ਕਿ ਇਹ ਤਾਂ ਛੜਿਆਂ ਦਾ ਰਾਹ ਏ ਇੱਥੋਂ ਦੀ ਛੜੇ ਪਾਣੀ ਢੋਂਦੇ ਨੇ ਰਾਤ ਨੂੰ। ਸ਼ਰਾਬੀ ਉੱਠਿਆ ਤੇ ਉੱਠ ਕੇ ਆਪਣੀ ਪਤਨੀ ਨੂੰ ਕੁੱਟਣ ਲੱਗਾ ਤਾਂ ਉਸ ਦੀ ਪਤਨੀ ਰੌਲਾ ਪਾਉਣ ਲੱਗੀ ਆਂਢ ਗੁਆਂਢ ਆਇਆ ਕਿ ਭਾਈ ਕੀ ਹੋ ਗਿਆ ਤੇ ਉਹ ਬੇਬੇ ਵੀ ਆਈ ਤੇ ਕਹਿਣ ਲੱਗੀ ਕਿ ਕੀ ਹੋ ਗਿਆ ਕੁੜ੍ਹੇ ਹੁਣ ਤਾਂ ਮੈਂ ਚੰਗੇ ਭਲਿਆਂ ਨੂੰ ਛੱਡ ਕੇ ਗਈ ਸੀ ਹੁਣ ਕਾਹਦੇ ਪਿੱਛੇ ਲੜ ਪਿਆ ਇਹ। ਤਾਂ ਉਸ ਦੀ ਪਤਨੀ ਨੇ ਕਿਹਾ ਬੇਬੇ ਮੈਨੂੰ ਤਾਂ ਆਪ ਨੀ ਪਤਾ ਕਿ ਕਾਹਦੇ ਪਿੱਛੇ ਮਾਰਦਾ ਏ ਗੱਲਾਂ ਕਰਦਾ – ਕਰਦਾ ਕੁੱਟਣ ਲੱਗ ਪਿਆ। ਜਦੋਂ ਬੇਬੇ ਨੇ ਉਸ ਸ਼ਰਾਬੀ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਇਸ ਨੇ ਮੇਰਾ ਮੰਜਾ ਛੜਿਆਂ ਦੇ ਰਾਹ ਥੱਲੇ ਡਾਹ ਦਿੱਤਾ ਜਾਣ ਬੁੱਝ ਕੇ ਸਾਰੀ ਰਾਤ ਛੜੇ ਇੱਥੋਂ ਦੀ ਪਾਣੀ ਢੋਣਗੇ ਜੇ ਕਿਸੇ ਕੋਲੋਂ ਘੜਾ ਛੁੱਟ ਗਿਆ ਤਾਂ ਉਹ ਆ ਕੇ ਸਿੱਧਾ ਮੇਰੇ ਸਿਰ ਚ ਵੱਜੂ ਇਹ ਤਾਂ ਮੈਨੂੰ ਮਾਰਨ ਨੂੰ ਫਿਰਦੀ ਏ। ਇਹ ਗੱਲ ਸੁਣ ਕੇ ਇੱਕ ਵਾਰ ਤਾਂ ਸਾਰੇ ਹੱਸਣ ਲੱਗੇ ਤੇ ਨਾਲੇ ਉਸ ਸ਼ਰਾਬੀ ਨੂੰ ਗਾਲ਼ਾਂ ਵੀ ਕੱਢਣ ਲੱਗੇ ਕਿ ਇਸ ਦਾ ਕੁਝ ਨੀ ਬਣ ਸਕਦਾ। ਇਹਨਾਂ ਵਰਗਿਆਂ ਦਾ ਤਾਂ ਡੰਡਾ ਗੁਰੂ ਆ। ਧੰਨਵਾਦ ਜੀ।
Kulwinder kaur